Back ArrowLogo
Info
Profile

ਅਰਥ: ਹੇ ਫਰੀਦ! ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾਇਆ ਹੋਇਆ ਹੈ, ਉਹਨਾਂ ਦੇ ਮੂੰਹ ਡਰਾਉਣ ਲੱਗਦੇ ਹਨ (ਉਹਨਾਂ ਨੂੰ ਵੇਖਿਆਂ ਡਰ ਲਗਦਾ ਹੈ, ਭਾਵੇਂ ਉਹ ਪੱਟ ਪਹਿਨਣ ਵਾਲੇ ਹੋਣ, ਧਨ ਵਾਲੇ ਹੋਣ, ਜੁਆਨੀ ਵਾਲੇ ਹੋਣ ਜਾਂ ਮਾਣ ਵਡਿਆਈਆਂ ਵਾਲੇ ਹੋਣ) । (ਜਿਤਨਾ ਚਿਰ) ਏਥੇ (ਜੀਊਂਦੇ ਹਨ,) ਕਈ ਦੁਖ ਵਾਪਰਦੇ ਹਨ ਤੇ ਅਗਾਂਹ ਭੀ ਉਹਨਾਂ ਨੂੰ ਕੋਈ ਥਾਂ-ਥਿੱਤਾ ਨਹੀਂ ਮਿਲਦਾ (ਭਾਵ, ਧੱਕੇ ਹੀ ਪੈਂਦੇ ਹਨ) ।੧੦੬।

ਨੋਟ: ਸਲੋਕ ਨੰ: ੧੦੩ ਅਤੇ ੧੦੬ ਫ਼ਰੀਦ ਜੀ ਦੇ ਹਨ, ਨੰ: ੧੦੪ ਗੁਰੂ ਅਮਰਦਾਸ ਜੀ ਦਾ ਹੈ ਅਤੇ ਨੰ: ੧੦੫ ਗੁਰੂ ਅਰਜਨ ਸਾਹਿਬ ਦਾ । ਫ਼ਰੀਦ ਜੀ ਦੇ ਦੋਹਾਂ ਸਲੋਕਾਂ ਨੂੰ ਰਲਾ ਕੇ ਪੜ੍ਹੋ, ਪਹਿਲਾਂ ਨੰ: ੧੦੬ ਤੇ ਫਿਰ ਨੰ: ੧੦੩ । ਦੋਹਾਂ ਦਾ ਭਾਵ ਇਹ ਹੈ, ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾਇਆ ਹੈ, ਉਹਨਾਂ ਦੇ ਮੂੰਹ ਡਰਾਉਣੇ ਲਗਦੇ ਹਨ, ਭਾਵੇਂ ਉਹ ਪੱਟ ਪਹਿਨਣ ਵਾਲੇ ਤੇ ਧਨ ਵਾਲੇ ਹੀ ਹੋਣ । ਧਨ ਹੁੰਦਿਆਂ ਭੀ, ਪੱਟ ਪਹਿਨਦਿਆਂ ਭੀ, ਉਹ ਦੁਖੀ ਹੀ ਰਹਿੰਦੇ ਹਨ । ਸੋ, ਰੱਬ ਨੂੰ ਭੁਲਾ ਕੇ ਅਜਿਹੇ ਪੱਟ ਪਹਿਨਣ ਦੇ ਥਾਂ ਤਾਂ ਲੀਰਾਂ ਪਾ ਲੈਣੀਆਂ ਚੰਗੀਆਂ, ਕੰਮਲੀ ਪਹਿਨ ਲੈਣੀ ਚੰਗੀ, ਜੇ ਇਹਨਾਂ ਲੀਰਾਂ ਤੇ ਇਸ ਕੰਮਲੀ ਦੇ ਪਾਇਆ ਰੱਬ ਨਾ ਭੁੱਲੇ ।

ਪਰ ਇਸ ਦਾ ਭਾਵ ਇਹ ਨਹੀਂ ਕਿ ਫ਼ਰੀਦ ਜੀ ਵਕੀਰੀ ਪਹਿਰਾਵੇ ਦੀ ਹਦਾਇਤ ਕਰ ਰਹੇ ਹਨ । ਸੋ, ਇਸੇ ਭੁਲੇਖੇ ਨੂੰ ਦੂਰ ਕਰਨ ਲਈ ਗੁਰੂ ਅਮਰਦਾਸ ਜੀ ਨੇ ਫ਼ਰੀਦ ਜੀ ਦੇ ਸਲੋਕ ਨੰ: ੧੦੩ ਦੇ ਨਾਲ ਆਪਣੇ ਵਲੋਂ ਸਲੋਕ ਨੰ: ੧੦੪ ਲਿਖਿਆ ਹੈ । ਗੁਰੂ ਅਰਜਨ ਸਾਹਿਬ ਨੇ ਇਸ ਖ਼ਿਆਲ ਦੀ ਹੋਰ ਵਿਆਖਿਆ ਕਰਦਿਆਂ ਆਖਿਆ ਹੈ ਕਿ ਧਨ ਤੇ ਜੁਆਨੀ ਦਾ ਮਾਣ ਕੀਤਿਆਂ ਰੱਬ ਦੀ ਮਿਹਰ ਤੋਂ ਸੱਖਣੇ ਹੀ ਰਹਿ ਜਾਈਦਾ ਹੈ; ਤਾਂ ਤੇ ਅਜਿਹੇ ਧਨ ਜੁਆਨੀ ਦੀ ਮੌਜ ਨਾਲੋਂ ਫ਼ਕੀਰੀ ਦੀਆਂ ਲੀਰਾਂ ਤੇ ਗੋਦੜੀ ਚੰਗੀ, ਜੇ ਇਸ ਫ਼ਕੀਰੀ ਵਿਚ ਰੱਬ ਯਾਦ ਰਹਿ ਸਕੇ।

ਫ਼ਰੀਦ ਜੀ ਦਾ ਇਸ ਤੋਂ ਅਗਲਾ ਸਲੋਕ ਨੰ: ੧੦੭ ਰਤਾ ਧਿਆਨ ਨਾਲ ਤੇ ਪਿਛਲੇ ਸਲੋਕ ਨਾਲ ਰਲਾ ਕੇ ਪੜ੍ਹ ਵੇਖੋ । ਉਹ ਆਪ ਹੀ ਆਖਦੇ ਹਨ ਕਿ ਲੀਰਾਂ ਤੇ ਗੋਦੜੀ ਦੀ ਲੋੜ ਨਹੀਂ ਹੈ, ਘਰ ਛੱਡ ਕੇ ਜੰਗਲਾਂ ਵਿਚ ਜਾਣ ਦੀ ਲੋੜ ਨਹੀਂ, ਸਿਰਫ਼ ਇਹ ਹੇਠ-ਲਿਖੇ ਉੱਦਮ ਕਰੋ: ਅੰਮ੍ਰਿਤ ਵੇਲੇ ਉਠ ਕੇ ਰੱਬ ਨੂੰ ਯਾਦ ਕਰੋ, ਇਕ ਰੱਬ ਦੀ ਓਟ ਰੱਖੋ, ਸੰਤੋਖ ਧਾਰੋ, ਆਦਿਕ।

90 / 116
Previous
Next