ਪਤੀ ਦਾ ਸਵੇਰੇ ਚਲਾਣਾ ਹੋਇਆ, ਦੁਪਹਿਰੇ ਸਸਕਾਰ ਹੋਇਆ. ਸੰਧਯਾ ਨੂੰ ਭਾਈ ਬੰਦ ਬਿਰਾਦਰੀ ਵਿਦਾ ਹੋਕੇ ਘਰੇ ਘਰੀ ਜਾ ਸੁੱਤੇ। ਪਹਿਰ ਕੁ ਰਾਤ ਗਈ ਸਤਿਸੰਗਣਾਂ ਬੀ ਵਿਦਾ ਹੋ ਗਈਆਂ। ਸਭਰਾਈ ਨੂੰ ਅਜ ਪਹਿਲੀ ਰਾਤ ਆਈ ਜਿਸ ਦਿਨ ਉਸਨੇ ਆਪਣੇ ਆਪ ਨੂੰ ਸੰਸਾਰ ਪਰ ਇਕੱਲਿਆਂ ਲਖਿਆ। ਅਜ ਇਕੱਲ ਦੇ ਦੁੱਖ ਵਾਲੀ ਪਹਿਲੀ ਰਾਤ ਆਈ। ਨਾਮ ਦਾ ਅਕਾਸ਼ ਤਾਂ ਹੈ, ਪਰ ਬਿਰਤੀ ਦੀ ਪ੍ਰਪੱਕਤਾ ਤੋਂ ਸੱਟ ਜ਼ਰਾ ਵਧੇਰੇ ਲੱਗੀ ਹੈ ਇਸ ਕਰਕੇ ਦਿਲ ਨੂੰ ਵਿਛੋੜੇ ਦਾ ਭਾਰ ਦਬਾਉਂਦਾ ਹੈ, ਘਰ ਵਿਚ ਚਾਰ ਚੁਫੇਰਿਓਂ ਇਕੱਲ ਖਾਣ ਨੂੰ ਆਉਂਦੀ ਹੈ। ਜਦ ਨਿਰਾਸਤਾ ਤੇ ਚਿੰਤਾ ਨੱਪਣ ਲਗਦੀਆਂ ਹਨ ਤਦ ਬਾਣੀ ਦਾ ਭਾਵ ਆਕੇ ਸਹਾਇਤਾ ਕਰਦਾ ਹੈ। ਨਾਲ ਹੀ ਦਿਲ ਪੁਤ੍ਰੀ ਦੇ ਦੈਵੀ ਪਿਆਰ ਦੇ ਖਿਆਲ ਨੂੰ ਯਾਦ ਕਰਕੇ ਢਾਰਸ ਬਨ੍ਹਾਉਂਦਾ ਹੈ। ਫੇਰ ਇਕ ਹੋਰ ਪਾਪੀ ਖਿਆਲ ਆਕੇ ਦਿਲ ਨੂੰ ਡੇਗਣ ਦਾ ਯਤਨ ਕਰਦਾ ਹੈ- 'ਹਾਇ ਕਿਤੇ ਪਿਆਰੇ ਪਤੀ ਵਾਂਗੂੰ ਇਹ ਪਰਵਾਰ ਯਾ ਇਸ ਪਰਵਾਰ ਦਾ ਕੋਈ ਅੰਗ ਸੰਸਾਰ ਤੋਂ ਟੁੱਟ ਗਿਆ ਤਦ ਕਿਸ ਆਸਰੇ ਜੀਵਨ ਹੋਵੇਗਾ ? ਹੁਣ ਤਾਂ ਪਤੀ ਦੇ ਵਿਛੋੜੇ ਦੇ ਹਨੇਰੇ ਵਿਚ ਇਹ ਆਸਰਾ ਆ ਚਾਨਣਾ ਪਾਉਂਦਾ ਹੈ ਕਿ ਮੇਰਾ ਪਰਵਾਰ ਜੀਵੇ: ਪਰ ਜੇ ਹਾਇ! ਇਸ ਪਰਵਾਰ ਵਿਚੋਂ ਕੋਈ ਵਿਣਛਿਆ ਤਦ ਕੀ ਹੋਊ? ਨਿਰਾਸਾ ਦੇ ਇਸ ਵਹਿਣ ਵਿਚੋਂ ਫੇਰ ਬਾਣੀ ਦਾ ਪਾਠ ਤੇ ਉਸਦਾ ਭਾਵ ਆਕੇ ਕੱਢਦੇ ਹਨ। ਕਹੇ-ਹਾਂ ਗੁਰੂ ਦੀ ਬਾਣੀ ਮੈਂ ਰੋਜ਼ ਪੜ੍ਹੀ ਤੇ ਸਮਝੀ ਬੀ, ਪਰ ਸਿਰ ਤੇ ਅੱਜ ਤਕ ਨਾ ਪਈ ਦੇ ਕਾਰਣ ਬਾਣੀ ਦੇ ਸਮਝੇ ਹੋਏ ਭਾਵ ਦਾ ਪਰਤਾਵਾ ਨਹੀਂ ਸੀ ਹੋਇਆ, ਹੁਣ ਪਰਤਾਵਾ ਆਯਾ ਹੈ। ਇਹ ਸੰਸਾਰ ਝੂਠਾ ਹੈ, ਪਰ ਅੱਜ ਹੱਡ ਵਰਤਿਆਂ ਪਤਾ ਲਗਾ ਹੈ।