ਸਾਇੰਸ ਅਤੇ ਸੋਚ-2
ਰਿਨੇਸਾਂਸ, ਰੈਫ਼ਰਮੇਸ਼ਨ ਅਤੇ ਮਸ਼ੀਨੀ ਕ੍ਰਾਂਤੀ ਦੀ ਸਫਲਤਾ ਨੇ ਪੱਛਮੀ ਯੌਰਪ ਦੀ ਸੋਚ ਨੂੰ ਨਵੀਆਂ ਸੇਧਾਂ ਦਿੱਤੀਆਂ। ਸਿਆਣੇ ਲੋਕਾਂ ਨੇ ਧਰਮ ਦੇ ਦਬਦਬੇ ਤੋਂ ਸੁਤੰਤਰ ਹੋ ਕੇ ਸੋਚਣਾ ਆਰੰਭ ਕੀਤਾ। ਇਸ ਰੁਚੀ ਦੇ ਅਧੀਨ ਇਹ ਰਵੱਈਆ ਅਪਣਾਇਆ ਜਾਣ ਲੱਗ ਪਿਆ ਕਿ ਗੱਲ ਨੂੰ ਓਨਾ ਚਿਰ ਠੀਕ ਨਾ ਸਮਝਿਆ ਜਾਵੇ, ਜਿੰਨਾ ਚਿਰ ਉਸ ਦੇ ਠੀਕ ਹੋਣ ਦੇ ਸੰਸਾਰਕ ਸਬੂਤ ਸਾਡੇ ਸਾਹਮਣੇ ਨਾ ਹੋਣ। ਕਿਸੇ ਦੀ ਆਖੀ ਹੋਈ ਗੱਲ ਨੂੰ ਉਸ ਦੀ ਸ਼ਖ਼ਸੀਅਤ ਦੇ ਪ੍ਰਭਾਵ ਕਾਰਨ ਨਾ ਮੰਨਿਆ ਜਾਵੇ, ਸਗੋਂ ਇਹ ਵੇਖਿਆ ਜਾਵੇ ਕਿ ਉਹ ਗੱਲ ਜੀਵਨ ਦੇ ਗੰਭੀਰ ਨਿਰੀਖਣ ਵਿੱਚੋਂ ਉਪਜੀ ਹੋਈ ਹੋਣ ਦੇ ਨਾਲ ਨਾਲ ਸਾਡੇ ਤਰਕ ਦੀ ਕਸੌਟੀ ਉੱਤੇ ਵੀ ਪੂਰੀ ਉਤਰਦੀ ਹੈ ਜਾਂ ਨਹੀਂ।
ਨਿਰੀਖਣ ਨੂੰ ਕਿਸੇ ਵਿਚਾਰ ਦੀ ਸੱਚਾਈ ਦਾ ਆਧਾਰ ਮੰਨਿਆ ਜਾਣ ਕਾਰਣ ਪਦਾਰਥਕ ਜੀਵਨ ਮਨੁੱਖੀ ਸੋਚ ਦਾ ਸਤਿਕਾਰਯੋਗ ਵਿਸ਼ਾ ਮੰਨਿਆ ਜਾਣ ਲੱਗ ਪਿਆ ਅਤੇ ਇਹ ਕਿਹਾ ਜਾਣ ਲੱਗ ਪਿਆ ਕਿ ਪੰਜ ਤੱਤਾਂ ਤੋਂ ਉਪਜਿਆ ਹੋਇਆ ਇਹ ਸੰਸਾਰ ਆਪਣੀ ਸੁਤੰਤਰ ਹੋਂਦ ਰੱਖਦਾ ਹੈ ਅਤੇ ਇਸ ਵਿੱਚ ਹੋਣ ਵਾਲੀਆਂ ਸਾਰੀਆਂ ਤਬਦੀਲੀਆਂ ਭੌਤਿਕ ਨੇਮਾਂ ਅਨੁਸਾਰ ਹੁੰਦੀਆਂ ਹਨ। ਭੌਤਿਕ ਨੇਮਾਂ ਅਨੁਸਾਰ ਵਿਕਸਦਾ ਅਤੇ ਬਦਲਦਾ ਹੋਣ ਕਰਕੇ ਇਹ ਕਿਸੇ ਮਨੋਰਥ ਨਾਲ ਨਹੀਂ, ਸਗੋਂ ਪਦਾਰਥ ਵਿਚਲੀ ਰਸਾਇਣਿਕ ਕਿਰਿਆ ਜਾਂ ਸਮਾਜਿਕ ਸੰਬੰਧਾਂ ਦੀ ਤਾਬਿਆਦਾਰੀ ਕਰਦਾ ਹੈ। ਡਕਾਰਟੀ ਵਰਗੇ ਫ੍ਰਾਂਸੀਸੀ ਵਿਚਾਰਵਾਨ ਤਾਂ ਇਹ ਵੀ ਕਹਿਣ ਲੱਗ ਪਏ ਕਿ ਨਿਰੀ ਜੜ ਪਰਕਿਰਤੀ ਹੀ ਨਹੀਂ, ਸਗੋਂ ਚੇਤਨ ਜੀਵ ਵੀ ਭੌਤਿਕ ਨੇਮਾਂ ਅਨੁਸਾਰ ਵਰਤਦੇ ਵਿਚਰਦੇ ਹਨ।
ਇਨ੍ਹਾਂ ਦਾਅਵਿਆਂ ਦਾ ਨਤੀਜਾ ਇਹ ਹੋਇਆ ਕਿ ਪੱਛਮ ਵਿੱਚ ਸੋਚ ਦੇ ਖੇਤਰ ਵਿੱਚ ਧਰਮ, ਇਲਹਾਮ ਅਤੇ ਅੰਤਰ-ਦ੍ਰਿਸ਼ਟੀ ਦਾ ਏਕਾਧਿਕਾਰ ਖ਼ਤਮ ਹੋ ਗਿਆ। ਸੋਚ ਦੇ ਦੋ ਦਾਅਵੇਦਾਰ ਹੋ ਗਏ; ਸੋਚ ਦੇ ਦੋ ਪ੍ਰਕਾਰ ਹੋ ਗਏ। ਅਧਿਕਾਰ ਦੇ ਆਧਾਰ ਉੱਤੇ ਹੁਕਮ ਦੇ ਰੂਪ ਵਿੱਚ ਦਿੱਤੀ ਗਈ ਸੋਚ ਨੂੰ ਵਿਸ਼ਵਾਸ ਦਾ ਵਿਸ਼ਾ ਮੰਨ ਲਿਆ ਗਿਆ ਅਤੇ ਇੰਦ੍ਰੀ-ਅਨੁਭਵ ਵਿਗਿਆਨਕ ਪ੍ਰਯੋਗ ਜਾਂ ਨਿਰੀਖਣ ਦੇ ਆਧਾਰ ਉੱਤੇ ਸੰਭਾਵਨਾ ਅਤੇ ਨਿੱਜੀ ਰਾਏ ਦੇ ਰੂਪ ਵਿੱਚ ਦਿੱਤੀ ਗਈ ਵਿਚਾਰ ਨੂੰ ਤਰਕ ਜਾਂ ਸੰਸਾਰਕ ਬੁੱਧੀ ਦਾ ਵਿਸ਼ਾ ਮੰਨ ਲਿਆ ਗਿਆ। ਦੋਹਾਂ ਵਿਚਾਰਾਂ ਨੇ ਇੱਕ ਦੂਜੀ ਦਾ ਵਿਰੋਧ ਬੰਦ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਉਪਯੋਗਿਤਾ ਜਾਂ ਲਾਭਦਾਇਕਤਾ ਨੂੰ ਵਿਚਾਰਾਂ ਅਤੇ ਸਿੱਧਾਂਤਾਂ ਵਿਚਲੇ ਸੱਚ ਦਾ ਆਧਾਰ ਮੰਨਿਆ ਜਾਣ ਲੱਗ ਪਿਆ। ਵਿਗਿਆਨਕ ਵਿਚਾਰ ਦੇ ਵਿਸਥਾਰ ਨੇ ਹੌਲੀ ਹੌਲੀ ਪੱਛਮੀ ਯੌਰਪ ਦੇ ਜਨ-ਜੀਵਨ ਅਤੇ ਜਨ-ਜੀਵਨ ਦੀ ਸੋਚ ਵਿੱਚੋਂ ਧਰਮ ਦੇ ਵਿਸ਼ਵਾਸਾਂ, ਸਿਧਾਂਤਾਂ ਅਤੇ ਕਰਮ-ਕਾਂਡਾਂ ਦੀ ਉਪਯੋਗਿਤਾ ਅਤੇ ਲਾਭਦਾਇਕਤਾ ਦਾ ਵਿਸ਼ਵਾਸ ਘਟਾਉਣਾ ਸ਼ੁਰੂ ਕਰ ਦਿੱਤਾ