ਵਾਲਟੇਅਰ ਵਰਗੇ ਬੁੱਧੀਵਾਦੀਆਂ ਨੇ ਇਸ ਨੂੰ 'ਬੈਕ ਟੂ ਬੁਸ਼ਿਜ਼' ਦਾ ਸਿਧਾਂਤ ਆਖਣ ਦੀ ਸਿਆਣਪ ਕੀਤੀ ਹੈ। ਉਨ੍ਹਾਂ ਨੇ ਇਸ ਸਿਧਾਂਤ ਦੇ ਮੁਕਾਬਲੇ ਵਿੱਚ ਕਿਸੇ ਰੂਹਾਨੀਅਤ ਦੀ ਸ੍ਰੇਸ਼ਟਤਾ ਸਿੱਧ ਕਰਨ ਦਾ ਯਤਨ ਨਹੀਂ ਕੀਤਾ। ਉਹ ਬੁੱਧੀਵਾਦੀ ਸਨ; ਰੂਹਾਨੀਅਤ 'ਬੌਧਿਕਤਾ' ਨਹੀਂ 'ਬੀਲੀਫ਼' ਹੈ ਜਾਂ ਪਰਮਾਣ-ਰਹਿਤ ਵਿਸ਼ਵਾਸ ਹੈ। ਪਰਮਾਣ-ਰਹਿਤ ਵਿਸ਼ਵਾਸ ਜੀਵ ਦੀ ਪਰਵਿਰਤੀ ਜਾਂ ਫ਼ਿਤਰਤ ਦਾ ਹਿੱਸਾ ਨਹੀਂ; ਇਹ ਮਨੁੱਖ ਦੀ ਬੌਧਿਕਤਾ ਨਾਲ ਕੀਤਾ ਗਿਆ ਅਨਿਆਏ ਹੈ। ਮਨੁੱਖ ਬਚਪਨ ਤੋਂ ਹੀ ਇੰਦੀ-ਅਨੁਭਵ ਉੱਤੇ ਭਰੋਸਾ ਕਰਨ ਦਾ ਵਿਸ਼ਵਾਸੀ ਹੁੰਦਾ ਹੈ। ਫੇਥ, ਬੀਲੀਫ਼ ਜਾਂ ਪਰਮਾਣ- ਰਹਿਤ ਵਿਸ਼ਵਾਸ ਡਰ, ਲੋਕ, ਭੇਡ-ਚਾਲ ਅਤੇ ਪ੍ਰੇਰਣਾ ਆਦਿਕ ਦੀ ਸਹਾਇਤਾ ਨਾਲ ਪੈਦਾ ਕੀਤੀ ਗਈ ਮਾਨਸਿਕ ਵਿਕ੍ਰਿਤੀ (ਵਿਗਾੜ-ਕੁਰੂਪਤਾ) ਹੈ।
ਮਨੁੱਖ ਸਮਾਜਕ ਪਸੂ ਹੈ। ਉਸ ਵਿਚਲੀ ਸਮਾਜਕ ਪਰਵਿਰਤੀ ਦਾ ਮਨੋਰਥ ਕਬੀਲਿਆਂ, ਦੋਸ਼ਾਂ, ਧਰਮਾਂ ਅਤੇ ਸੰਸਕ੍ਰਿਤੀਆਂ ਦੇ ਝੰਡਿਆਂ ਹੇਠ ਇਕੱਠੇ ਹੋ ਕੇ ਲੜਨਾ ਨਹੀਂ, ਸਗੋਂ ਮਿਲ ਜੁਲ ਕੇ ਜਿਉਣਾ ਹੈ। ਆਪਣੇ ਧਰਮ ਜਾਂ ਆਪਣੀ ਸੰਸਕ੍ਰਿਤੀ ਦੀ ਸ੍ਰੇਸ਼ਟਤਾ ਦਾ ਮਾਣ ਕਰਨਾ ਸਮਾਜਕਤਾ ਨਹੀਂ, ਸਗੋਂ ਸਾਰੇ ਮਨੁੱਖਾਂ ਵਿੱਚ ਆਪਣੇ ਵਰਗੇ ਭਾਵਾਂ, ਪਰਵਿਰਤੀਆਂ, ਡਰਾਂ, ਸੁਪਨਿਆਂ, ਸੁਖਾਂ ਅਤੇ ਦੁਖਾਂ ਦੇ ਸਾਂਝੇ, ਇੱਕੋ ਜਹੇ ਅਹਿਸਾਸ ਦੀ ਹੋਂਦ ਦੇ ਸੱਚ ਨੂੰ ਸਵੀਕਾਰ ਕਰਨਾ ਸਮਾਜਕਤਾ ਹੈ। ਸਾਇੰਸ ਇਸ ਮਨੁੱਖੀ ਪਰਵਿਰਤੀ, ਸਮਾਜਕਤਾ ਦੇ ਵਿਕਾਸ ਦਾ ਵਾਤਾਵਰਣ ਪੈਦਾ ਕਰਨ ਦੇ ਸਮਰੱਥ ਹੈ। ਦੁਨੀਆ ਨੂੰ ਛੋਟੀ ਕਰ ਕੇ, ਮਨੁੱਖਾਂ ਵਿੱਚ ਇੱਕ ਦੂਜੇ ਉੱਤੇ ਵਾਪਾਰਕ, ਵਿੱਦਿਅਕ ਅਤੇ ਆਰਥਕ ਨਿਰਭਰਤਾ ਪੈਦਾ ਕਰ ਕੇ, ਸੰਚਾਰ ਦੇ ਸਾਧਨਾਂ ਦਾ ਵਿਕਾਸ ਕਰ ਕੇ, ਆਪਸੀ ਮੇਲ-ਜੋਲ ਦੇ ਸੁਗਮ ਸਾਧਨ ਪੈਦਾ ਕਰ ਕੇ, ਆਸਾਦੀਆਂ ਦੇ ਤਬਾਦਲਿਆਂ ਦੀ ਲੋੜ ਪੈਦਾ ਕਰ ਕੇ ਸਾਰੀ ਮਨੁੱਖਤਾ ਨੂੰ ਸੁਰੱਖਿਅਤ ਸੁਖੀ ਅਤੇ ਸਤਿਕਾਰਯੋਗ ਜੀਵਨ ਦਾ ਭਰੋਸਾ ਦੇ ਕੇ ਸਾਇੰਸ ਅਤੇ ਟੈਕਨੀਕ ਮਨੁੱਖ ਨੂੰ ਸਮਾਜਕਤਾ, ਆਚਰਣ ਅਤੇ ਆਚਾਰ ਦੀ ਸੁੰਦਰਤਾ (ਸ਼ਿਸ਼ਟਤਾ) ਅਤੇ ਇਸ ਧਰਤੀ ਨੂੰ ਮਨੁੱਖ ਦਾ ਸਾਂਝਾ ਘਰ ਬਣਾਉਣ ਦੇ ਨਵੇਂ ਆਦਰਸ਼ ਦੇਵੇਗੀ। ਇਹ ਆਦਰਸ਼ ਆਕਾਬੋਂ ਉਤਰੇ ਹੋਏ ਜਾਂ ਕਿਸੇ ਪਲੇਟੋ ਅਤੇ ਵੇਦ ਵਿਆਸ ਦੇ ਘੜੇ ਹੋਏ ਨਹੀਂ ਹੋਣਗੇ, ਸਗੋਂ ਧਰਤੀ ਉਤਲੇ ਜੀਵਨ ਦੀਆਂ ਲੋੜਾਂ ਵਿੱਚੋਂ ਉਪਜੇ-ਵਿਕਸੇ ਹੋਏ ਧਰਤੀ ਦੇ ਆਪਣੇ ਆਦਰਸ਼ ਹੋਣਗੇ। ਇਹ ਮਨੁੱਖੀ ਜੀਵਨ ਨੂੰ ਅਨੰਤ ਚਾਵਾਂ ਨਾਲ ਭਰਨ ਦਾ ਕ੍ਰਿਸ਼ਮਾ ਕਰ ਕੇ ਸਮੁੱਚੇ ਜੀਵਨ ਨੂੰ ਤਾਲ-ਬੱਧ ਨ੍ਰਿਤ ਦਾ ਰੂਪ ਦੇ ਕੇ ਮਨੁੱਖਤਾ ਦੇ ਪੈਰੀਂ ਬੱਝੀਆਂ ਹੋਈਆਂ ਝਾਂਜਰਾਂ ਵਿੱਚੋਂ ਮਧੁਰ ਸੰਗੀਤ ਪੈਦਾ ਕਰਨਗੇ। ਪਾਤਰ ਜੀ ਅਜੇਹੀ ਇੱਛਾ ਕਰਨ ਕਰਕੇ ਸਾਡੇ ਧਨਵਾਦ ਦੇ ਪਾਤਰ ਹਨ।
ਅਖੌਤੀ ਤੀਜੀ ਦੁਨੀਆ ਵਿੱਚ ਸਮਾਜਕਤਾ ਅਤੇ ਸੁੰਦਰਤਾ ਦੇ ਸੰਸਾਰਕ ਆਦਰਸ਼ਾਂ ਦੀ ਗੱਲ ਓਪਰੀ ਲੱਗਦੀ ਹੈ। ਪੱਛਮੀ ਸਨਅਤ ਸਮਾਜਾਂ ਵਿੱਚ ਜੀਵਨ ਨੂੰ ਦਿੱਤਾ ਜਾਣ ਵਾਲਾ ਸਤਿਕਾਰ ਇਹ ਦੱਸਦਾ ਹੈ ਕਿ ਇਸ ਆਦਰਸ਼ ਦੀ ਸੇਧ ਵਿੱਚ ਲੰਮੀਆਂ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ। ਮਨੁੱਖਤਾ ਦਾ ਸਭਿਆਚਾਰਕ ਵਿਰਸਾ ਇਸ ਰਸਤੇ ਵਿੱਚ ਵੱਡੀ ਰੋਕ ਬਣਿਆ ਹੋਇਆ ਹੈ। ਇਸ ਰੋਕ ਨੂੰ ਦੂਰ ਕਰਨ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ, ਵਿਸ਼ੇਸ਼ ਕਰਕੇ ਉਦੋਂ ਜਦੋਂ ਜੀਵਨ ਦੀ ਸੋਧ ਤੋਂ ਬੇ-ਪਛਾਣ ਨੌਕ ਇਸ ਰੋਕ ਨੂੰ ਹੋਰ ਮਜ਼ਬੂਤ ਕਰਨ ਦੀ ਭੁੱਲ ਜਾਂ ਚਲਾਕੀ ਕਰਦੇ ਹੋਣ। ਨਰੋਆ ਸਾਹਿਤ ਇਸ ਖੇਤਰ ਵਿੱਚ ਸਾਡੀ ਅਗਵਾਈ ਕਰ ਸਕਦਾ ਹੈ।