

ਗਗਨ ਗਾਮੀ ਬਣ ਜਾਂਦਾ ਸੀ । ਰੂਸੀ ਸਮਾਜਵਾਦੀ ਸਰਕਾਰ ਸਾਰੀ ਦੁਨੀਆ ਦੇ ਮਜ਼ਦੂਰਾਂ ਨੂੰ ਅੰਮਾਂ ਜਾਏ ਵੀਰ ਦੱਸਦੀ ਸੀ ਅਤੇ ਅਮਰੀਕੀ ਸਰਮਾਏਦਾਰ ਸਰਕਾਰ ਸੱਭਿਅਤਾ ਅਤੇ ਪ੍ਰਜਾਤੰਤ੍ਰ ਦੀ ਰਾਖੀ ਦਾ ਦਾਅਵਾ ਕਰਦੀ ਸੀ। ਦੋਹਾਂ ਦੇ ਦੈਵੀ ਨਾਅਰਿਆਂ ਅਤੇ ਸ਼ੈਤਾਨੀ ਕਾਰਿਆਂ ਵਿੱਚ ਕੋਈ ਤਾਲ-ਮੇਲ ਨਹੀਂ ਸੀ । ਤਾਂ ਵੀ ਦੁਨੀਆ ਦੀ ਅੱਧੀ ਸਿਆਣਪ ਰੂਸੀ ਸੱਤਾ ਦੀ ਵਕਾਲਤ ਕਰਦੀ ਸੀ ਅਤੇ ਅੱਧੀ ਅਕਲਮੰਦੀ ਅਮਰੀਕੀ ਹੈਂਕੜ ਦਾ ਹੁੰਗਾਰਾ ਭਰਦੀ ਸੀ। ਨਿਸਚੇ ਹੀ ਮਨੁੱਖੀ ਸੋਚ ਵਿੱਚ ਕੋਈ ਖ਼ਰਾਬੀ ਸੀ। ਮਨੁੱਖੀ ਸੋਚ ਕਿਸੇ ਹੱਦ ਤਕ ਵਿਗਿਆਨਿਕ ਸੀ, ਪਰੰਤੂ ਧੜਿਆਂ ਦੀ ਵਲਗਣ ਵਿੱਚ ਵਲ਼ੀ ਹੋਈ ਸੀ; ਸੁਤੰਤਰ ਨਹੀਂ ਸੀ। ਜਿਹੜੀ ਸੋਚ ਸੁਤੰਤਰ ਨਹੀਂ ਉਸ ਦਾ ਸੁਹਿਰਦ ਹੋਣਾ ਸੰਭਵ ਨਹੀਂ। ਆਪਣੇ ਬੱਚਿਆਂ ਦੀ ਸਿਆਣੀ ਬੇਵਕੂਫੀ ਕਾਰਨ ਧਰਤੀ ਮਾਤਾ ਚਾਰ ਦਹਾਕੇ ਠੰਢੀ ਜੰਗ ਦੀ ਸੀਤ ਹੰਢਾਉਂਦੀ ਰਹੀ ਹੈ।
ਰੂਸੀ ਸਾਮਰਾਜ ਦੇ ਗੁਬਾਰੇ ਵਿੱਚੋਂ ਹਵਾ ਨਿਕਲ ਜਾਣ ਉੱਤੇ ਇਉਂ ਜਾਪਿਆ ਸੀ ਕਿ ਮਨੁੱਖਤਾ ਨੂੰ ਸੁਖ ਦਾ ਸਾਹ ਆਵੇਗਾ ਪਰੰਤੂ ਇਉਂ ਹੋਇਆ ਨਾ। ਇਸ ਕਥਨ ਵਿੱਚ ਸੱਚਾਈ ਵੇਖੀ ਜਾਂਦੀ ਹੈ ਕਿ ਦੁਨੀਆ ਦੀ ਇੱਕੋ ਇੱਕ ਸੁਪਰ ਪਾਵਰ ਬਣ ਜਾਣ ਕਾਰਨ ਅਮਰੀਕਾ ਆਪਣੇ ਆਪ ਨੂੰ ਦੁਨੀਆ ਦਾ ਪੁਲਿਸਮੈਨ ਸਮਝਣ ਲੱਗ ਪਿਆ ਸੀ । ਇਸ ਦੇ ਨਤੀਜੇ ਵਜੋਂ ਇਸਲਾਮੀ ਮੂਲਵਾਦ ਨੇ ਆਤੰਕਵਾਦੀ ਰੂਪ ਧਾਰਨ ਕਰ ਲਿਆ। ਮੈਨੂੰ ਇਸ ਕਥਨ ਵਿੱਚ ਸਮੁੱਚੀ ਸੱਚਾਈ ਨਹੀਂ ਦਿਸਦੀ। ਇਹ ਪਰਸਥਿਤੀ ਦਾ ਇੱਕ ਪਾਸਾ ਹੈ। ਧਾਰਮਕ ਮੂਲਵਾਦ ਅਤੇ ਆਤੰਕਵਾਦ ਦਾ ਰਿਸ਼ਤਾ ਢੇਰ ਪੁਰਾਣਾ ਹੈ । ਮੂਲਵਾਦ ਬਿਨਾਂ ਕਿਸੇ ਧਰਮ ਦੀ ਹੋਂਦ-ਹਸਤੀ ਸੰਭਵ ਨਹੀਂ; ਅਤੇ ਮੂਲਵਾਦ ਆਪਣੇ ਆਪ ਵਿੱਚ ਹੀ ਆਤੰਕਵਾਦ ਹੈ। ਮੂਲਵਾਦ ਕਿਸੇ ਸੋਚ ਦੀ ਉਪਜ ਨਹੀਂ: ਇਹ ਅਸੋਚ ਜਾਂ ਅੰਧਵਿਸ਼ਵਾਸ ਦਾ ਕ੍ਰਿਸ਼ਮਾ ਹੈ। ਠੰਢੀ ਜੰਗ ਦੇ ਦੋਵੇਂ ਧੜੇ ਸੋਚਵਾਨ ਸਨ। ਉਨ੍ਹਾਂ ਦੀ ਸੋਚ ਸੁਤੰਤਰ ਅਤੇ ਸੁਹਿਰਦ ਭਾਵੇਂ ਨਹੀਂ ਸੀ ਪਰੰਤੂ ਵਿਗਿਆਨਿਕ ਅਤੇ ਦੁਨਿਆਵੀ ਜ਼ਰੂਰੀ ਸੀ। ਉਹ ਅਨਾਸ਼ਕਤੀ ਨਾਲ ਜਾਂ ਕਰਮ ਫਲ ਦੀ ਇੱਛਾ ਬਿਨਾਂ (without attachment to the fruit) ਗੀਤਾ ਵਿਚਲੇ ਕਰਮਯੋਗ ਦੀ ਪਾਲਣਾ ਨਹੀਂ ਸਨ ਕਰ ਰਹੇ; ਨਾ ਹੀ ਉਹ ਜਨਤ ਦੀ ਇੱਛਾ ਨਾਲ ਇਲਾਹੀ ਹੁਕਮ ਦੀ ਤਾਮੀਲ ਕਰ ਰਹੇ ਸਨ । ਦੁਨੀਆ ਨਾਲ ਸੰਬੰਧਤ, ਦੁਨਿਆਵੀ ਸੋਚ ਦੇ ਧਾਰਨੀ ਹੋਣ ਕਰਕੇ ਕਈ ਮੌਕਿਆਂ ਉੱਤੇ, ਉਹ ਗ਼ਲਤੀ ਕਰਨ ਬਾਜ਼ ਆਏ ਜਿਸ ਦੇ ਨਤੀਜੇ ਵਜੋਂ ਧਰਤੀ ਉਤਲੀ ਜੀਵਨ-ਲੀਲ੍ਹਾ ਦੀ ਸਮਾਪਤੀ ਯਕੀਨੀ ਹੋ ਸਕਦੀ ਸੀ।
ਧਾਰਮਿਕ ਮੂਲਵਾਦ ਵੀਹ ਸਦੀਆਂ ਪੁਰਾਣਾ ਹੈ। ਇਸ ਸੰਗਸਾਰੀਆਂ ਅਤੇ ਇਨਕੁਈਜ਼ੀਬਨਜ਼ (Inquisitions-ਧਰਮ ਅਦਾਲਤਾਂ) ਦਾ ਅਭਿਆਸੀ ਹੈ। ਅਨ-ਧਰਮੀਆਂ ਅਤੇ ਕਾਫ਼ਰਾਂ ਨੂੰ ਜਿਊਂਦੇ ਜਲਾਏ ਜਾਂਦੇ ਵੇਖਣਾ ਇਸ ਦੇ ਪੈਰੋਕਾਰਾਂ ਦਾ ਵੱਡਾ ਮਨੋਰੰਜਨ ਬਣਿਆ ਰਿਹਾ ਹੈ। ਇਸ ਦੁਆਰਾ ਚੁੜੇਲਾਂ ਕਹਿ ਕੇ ਸਾੜੀਆਂ ਜਾਣ ਵਾਲੀਆਂ ਇਸਤ੍ਰੀਆਂ ਦੀ ਗਿਣਤੀ ਲੱਖਾਂ ਦੇ ਅੰਕੜੇ ਪਾਰ ਕਰ ਚੁੱਕੀ ਹੈ। 11 ਸਤੰਬਰ 2001 ਵਾਲੇ ਦਿਨ, ਵਿਸ਼ਵ ਵਪਾਰ ਕੇਂਦਰ ਦੇ ਦੇ ਮੀਨਾਰਾਂ ਵਿੱਚ ਹਵਾਈ ਜਹਾਜ਼ ਕੈਸ਼ ਕਰ ਕੇ ਇਸ ਨੇ ਇਹ ਦੱਸਿਆ ਸੀ ਕਿ ਵਿਗਿਆਨਿਕ ਤਕਨੀਕ ਦੇ ਸਾਥ ਸਹਿਯੋਗ ਨਾਲ ਇਹ ਆਪਣੇ ਸਾਰੇ ਰਿਕਾਰਡ ਤੋੜਨ ਦੀ ਸਮਰੱਥਾ ਰੱਖਦਾ ਹੈ। ਉਹ ਦਿਨ ਦੂਰ ਨਹੀਂ ਜਦੋਂ ਤਕਨੀਕ ਅਜੇਹੇ ਪੁਤਲੇ ਜਾਂ ਰੋਬੋਟ ਬਣਾਉਣ ਵਿੱਚ ਸਫਲ ਹੋ ਜਾਵੇਗੀ ਜਿਨ੍ਹਾਂ ਕੋਲੋਂ ਆਪਾ-ਵਾਰ ਬੰਬ ਬਾਜ਼ਾਂ ਦਾ ਕੰਮ ਲਿਆ ਜਾ ਸਕੇਗਾ। ਹੁਣ ਵੀ ਅਜੇਹੇ ਬੰਬ ਬਾਜ਼ ਪੁਤਲਿਆਂ ਨਾਲੋਂ ਬਹੁਤੇ ਵੱਖਰੇ ਨਹੀਂ ਹਨ। ਸੁਇਸਾਇਡ ਕਮਿੰਗ ਆਮ ਜਹੀ ਘਟਨਾ ਬਣਦੀ ਜਾ ਰਹੀ ਹੈ।