

ਪੰਜ ਕੁ ਦਿਨ ਪਹਿਲਾਂ ਇਸਤੰਬੋਲ, ਵਿੱਚ ਦੋ ਬੰਬ ਯਹੂਦੀ ਸਿਨੇਗਾਗਾਂ ਵਿੱਚ ਚਲਾਏ ਗਏ ਸਨ । ਮਰਨ ਵਾਲਿਆਂ ਦੀ ਗਿਣਤੀ ਪੰਜਾਹ ਤੋਂ ਉੱਪਰ ਹੈ ਅਤੇ ਜ਼ਖ਼ਮੀ ਹੋਣ ਵਾਲਿਆਂ ਦੀ ਪੰਜ ਸੌ ਤੋਂ ਉੱਪਰ। ਦੁਨੀਆ ਦੇ ਕਿਸੇ ਵੀ ਸ਼ਹਿਰ ਵਿੱਚ, ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ; ਅਤੇ ਇਸ ਦਾ ਨਿਮਿੱਤ ਕਾਰਨ ਹੈ 'ਪੁਰਾਣੀ ਸੋਚ' ਜਾਂ 'ਅਸੋਚ' ਅਤੇ ਵਿਗਿਆਨਿਕ 'ਟੈਕਨੀਕ' ਦਾ ਸੰਗਮ। ਬੇਸ਼ੱਕ ਆਤੰਕਵਾਦ ਪੁਰਾਣਾ ਰੋਗ ਹੈ ਪਰੰਤੂ ਤਕਨੀਕ ਦਾ ਸਹਾਰਾ ਪਾ ਕੇ ਇਹ ਨਵੇਂ ਆਕਾਰ ਪਾਸਾਰ ਧਾਰਨ ਕਰ ਗਿਆ ਹੈ। ਭਵਿੱਖ ਵਿੱਚ ਇਹ ਕੀ ਰੂਪ ਧਾਰਨ ਕਰੇਗਾ ? ਸ਼ਾਇਦ ਕੋਈ ਦੱਸ ਸਕੇ।
ਸਮਾਜਕ ਜੀਵਨ ਵਿੱਚ ਵਾਪਰਨ ਵਾਲੀ ਹਰ ਤਬਦੀਲੀ ਅਤੇ ਹੋਣ ਵਾਲਾ ਹਰ ਵਿਕਾਸ ਮਨੁੱਖੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ। ਹੁਣ ਤਕ ਧਾਰਮਕ, ਸਿਆਸੀ ਅਤੇ ਵਿਗਿਆਨਿਕ ਤਬਦੀਲੀਆਂ ਮਨੁੱਖੀ ਸੋਚ ਨੂੰ ਪ੍ਰਭਾਵਿਤ ਕਰਦੀਆਂ ਆਈਆਂ ਹਨ । ਧਾਰਮਕ ਅਤੇ ਸਿਆਸੀ ਤਬਦੀਲੀਆਂ ਦਾ ਪ੍ਰਭਾਵ ਤਬਦੀਲੀਆਂ ਦੀ ਥਾਂ ਪ੍ਰਚਾਰ ਜਾਂ ਪ੍ਰਾਪੇਗੰਡੇ ਉੱਤੇ ਆਧਾਰਿਤ ਹੁੰਦਾ ਹੈ; ਇਸ ਲਈ ਤਬਦੀਲੀ ਦੇ ਨਾਲ ਨਾਲ ਪ੍ਰਭਾਵ ਵੀ ਪ੍ਰਗਟ ਹੋਣ ਲੱਗ ਪੈਂਦਾ ਹੈ। ਸਾਇੰਸ ਅਤੇ ਤਕਨੀਕ ਦਾ ਪ੍ਰਭਾਵ ਪ੍ਰਚਾਰ ਦੀ ਥਾਂ ਉਨ੍ਹਾਂ ਤਬਦੀਲੀਆਂ ਉੱਤੇ ਨਿਰਭਰ ਕਰਦਾ ਹੈ ਜਿਹੜੀਆਂ ਤਕਨੀਕ ਨੇ ਪੈਦਾ ਕਰਨੀਆਂ ਹੁੰਦੀਆਂ ਹਨ ਅਤੇ ਜੀਵਨ ਨੇ ਉਨ੍ਹਾਂ ਨੂੰ ਅਪਣਾਅ ਕੇ, ਉਨ੍ਹਾਂ ਦੇ ਹਾਣ-ਲਾਭ ਦਾ ਲੇਖਾ ਕਰ ਕੇ, ਉਨ੍ਹਾਂ ਦੇ ਕਲਿਆਣਕਾਰੀ ਜਾਂ ਹਾਨੀਕਾਰਕ ਹੋਣ ਦਾ ਨਿਰਣਾ ਕਰਨਾ ਹੁੰਦਾ ਹੈ। ਜਦੋਂ ਜੀਵਨ ਅਜੇਹੇ ਫੈਸਲੇ ਉੱਤੇ ਪੁੱਜਣ ਦੇ ਆਹਰ ਵਿੱਚ ਹੁੰਦਾ ਹੈ ਉਦੋਂ ਧਰਮ ਅਤੇ ਸਿਆਸਤ ਆਪਣੇ ਹਥਿਆਰਾਂ ਦੀ ਵਰਤੋਂ ਕਰਦੇ ਹੋਏ ਵਿਗਿਆਨਿਕ ਸੋਚ ਦੇ ਵਿਕਾਸ ਦਾ ਪ੍ਰਬਲ ਵਿਰੋਧ ਕਰ ਰਹੇ ਹੁੰਦੇ ਹਨ। ਵਿਗਿਆਨਿਕ ਵਿਚਾਰ ਇਸ ਵਿਰੋਧ ਦਾ ਟਾਕਰਾ ਕਰਨ ਵਿੱਚ ਸਰਵਥਾ ਸਫਲ ਨਹੀਂ ਹੁੰਦੀ ਕਿਉਂਜੁ ਧਾਰਮਕ ਅਤੇ ਸਿਆਸੀ ਪ੍ਰਚਾਰ ਦਾ ਵਿਰੋਧ ਬਹੁਤਾ ਸਤਿਕਾਰਯੋਗ ਨਹੀਂ ਮੰਨਿਆ ਜਾਂਦਾ ਅਤੇ ਵਿਰੋਧ-ਕਰਤਾ ਲਈ ਕਸ਼ਟਕਾਰੀ ਵੀ ਹੋ ਨਿਬੜਦਾ ਹੈ।
ਜਨ-ਸਾਧਾਰਣ ਵਿਗਿਆਨਿਕ ਵਿਚਾਰ ਅਪਣਾਉਣ ਦੀ ਬਹੁਤੀ ਲੋੜ ਵੀ ਮਹਿਸੂਸ ਨਹੀਂ ਕਰਦਾ। ਇਸ ਦੇ ਦੋ ਕਾਰਣ ਹੁੰਦੇ ਹਨ। ਪਹਿਲਾ ਇਹ ਕਿ ਧਰਮ ਅਤੇ ਸਿਆਸਤ ਦੀ ਸ੍ਰੇਸ਼ਟਤਾ ਦਾ ਵਿਸ਼ਵਾਸ ਮਨੁੱਖੀ ਮਨ ਦਾ ਹਿੱਸਾ ਬਣ ਚੁੱਕਾ ਹੈ ਅਤੇ ਦੂਜਾ ਇਹ ਕਿ ਵਿਗਿਆਨ ਅਤੇ ਤਕਨੀਕ ਆਪਣੇ ਉਪਜਾਏ ਹੋਏ ਸੁਖ-ਸਾਧਨਾਂ ਦੀ ਵਰਤੋਂ ਕਰਨ ਕਿਸੇ ਨੂੰ ਵਰਜਦੇ ਨਹੀਂ। ਵਿਗਿਆਨ ਅਤੇ ਤਕਨੀਕ ਨੂੰ ਸ਼ੈਤਾਨੀ ਕਾਢ ਕਹਿੰਦਿਆਂ ਹੋਇਆਂ, ਇਨ੍ਹਾਂ ਦੁਆਰਾ ਉਪਜਾਈ ਹੋਈ ਸੁਰੱਖਿਅਤ, ਸੁਖਦਾਇਕ ਅਤੇ ਸਤਿਕਾਰਯੋਗ ਜੀਵਨ-ਜਾਚ ਦਾ ਆਨੰਦ ਮਾਣੀ ਜਾਣਾ ਬਹੁਤ ਆਮ ਹੈ। ਧਰਮ ਅਤੇ ਸਿਆਸਤ ਬਾਰੇ ਕਿੰਤੂ ਕੀਤਿਆਂ ਤੁਹਾਡੇ ਸਾਰੇ ਪੁੰਨ (ਨਿਰੇ ਅਲੋਪ ਨਹੀਂ ਹੋਣਗੇ) ਪਾਪਾਂ ਵਿੱਚ ਬਦਲ ਜਾਣਗੇ। ਦੋਜ਼ਖ਼ ਦੀ ਅੱਗ ਤੁਹਾਡੇ ਸੁਆਗਤ ਲਈ ਭੜਕ ਰਹੀ ਹੋਵੇਗੀ; ਮੁਕਤੀ ਦਾ ਦਵਾਰ ਬੰਦ ਹੋ ਜਾਵੇਗਾ: ਚੁਰਾਸੀ ਦਾ ਅਮੁੱਕ ਚੱਕਰ ਤੁਹਾਡੇ ਮਨ ਨੂੰ ਮੂਰਛਿਤ ਕਰ ਦੇਵੇਗਾ; ਸਿਆਸਤ ਨੂੰ ਤੁਹਾਡੇ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਪਵੇਗੀ ਕਿਉਂਜੁ ਉਸ ਦਾ ਕੰਮ ਆਪਣੇ ਆਪ ਹੋ ਜਾਵੇਗਾ।
ਵਿਗਿਆਨਿਕ ਸੋਚ ਦਾ ਪਰਚਾਰ ਪਰਸਾਰ ਤਕਨੀਕ ਦੁਆਰਾ ਉਪਜਾਈਆਂ ਹੋਈਆਂ ਸੁਖ-ਸਹੂਲਤਾਂ ਅਤੇ ਤਬਦੀਲੀਆਂ ਦੇ ਅਪਣਾਏ ਅਤੇ ਸਤਿਕਾਰੇ ਜਾਣ ਨਾਲ ਹੋਣਾ ਹੈ। ਇਸ ਕਿਰਿਆ ਦਾ ਰਾਹ ਰੋਕਣ ਵਾਲੀ ਇੱਕ ਹੋਰ ਸੱਚਾਈ ਇਹ ਹੈ ਕਿ ਵਿਗਿਆਨ ਅਤੇ ਵਿਗਿਆਨਿਕ ਤਕਨੀਕ ਨੇ ਨਿਰੀਆਂ ਸਹੂਲਤਾਂ ਹੀ ਪੈਦਾ ਨਹੀਂ ਕੀਤੀਆਂ ਸਗੋਂ ਮਨੁੱਖ ਵਿਚਲੇ ਪਸੂ ਨੂੰ ਪ੍ਰਬਲ ਕਰਨ ਦੇ ਸਾਧਨ ਵੀ ਉਪਜਾਏ ਹਨ। ਐਟਮੀ ਹਥਿਆਰਾਂ ਤੋਂ ਲੈ ਕੇ ਬੰਦਕਾਂ,