

ਪਿਸਤੌਲਾਂ ਅਤੇ ਹਲਕੀਆਂ ਮਸ਼ੀਨ ਗੰਨਾਂ ਬਣਾ ਕੇ ਵੱਡੀਆਂ ਵੱਡੀਆਂ ਹਕੂਮਤਾਂ ਨੂੰ ਸਰਵਨਾਸ਼ ਦੀ ਯੋਗਤਾ ਦੇਣ ਦੇ ਨਾਲ-ਨਾਲ ਨੇਂ ਨੇਂ, ਦਸ ਦਸ ਸਾਲ ਦੇ ਬੱਚਿਆਂ ਨੂੰ ਹੱਤਿਆ ਦਾ ਹੁਨਰ ਸਿਖਾ ਦਿੱਤਾ ਹੈ। ਇਹ ਠੀਕ ਹੈ ਕਿ ਮਨੁੱਖੀ ਮਨ ਵਿਚਲੀਆਂ ਪਸ਼ੂ-ਭਾਵਨਾਵਾਂ ਅਤੇ ਮੁਨਾਫ਼ੇ ਦੀ ਇੱਛਾ ਹਥਿਆਰਾਂ ਦੀ ਉਪਜ ਦਾ ਕਾਰਨ ਹਨ ਪਰੰਤੂ ਇਉਂ ਕਹਿਣ ਨਾਲ ਇਸ ਸੱਚਾਈ ਵਿੱਚ ਤਬਦੀਲੀ ਨਹੀਂ ਆਉਂਦੀ ਕਿ ਹਥਿਆਰ ਸਾਇੰਸ ਅਤੇ ਟੈਕਨੀਕ ਨੇ ਉਪਜਾਏ ਹਨ। ਸਾਧਾਰਣ ਸੋਚ ਇਨ੍ਹਾਂ ਪਰਮਾਣੂ ਹਥਿਆਰਾਂ ਅਤੇ ਮਨੁੱਖੀ ਮਨ ਦੀਆਂ ਕਦੂਰਤਾਂ ਵਿਚਲੇ ਸੰਬੰਧ ਨੂੰ ਸਮਝਣ ਦੀ ਸੂਝ ਅਤੇ ਸਮਰੱਥਾ ਤੋਂ ਸੱਖਣੀ ਹੈ। ਸਾਧਾਰਣ ਸੂਝ ਸਾਹਮਣੇ ਇਹ ਸੱਚ ਭਲੀ- ਭਾਂਤ ਪਰਗਟ ਹੈ ਕਿ ਇਹ ਮਾਰੂ ਹਥਿਆਰ ਸਾਇੰਸ ਦੀ ਉਪਜ ਹਨ। ਇਸ ਤੋਂ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਸਾਇੰਸ ਅਤੇ ਟੈਕਨੀਕ ਇਸ ਸੰਬੰਧ ਵਿੱਚ ਆਪਣੇ ਵਿਵਹਾਰ ਬਾਰੇ ਸੋਚਣ ਨੂੰ ਤਿਆਰ ਨਹੀਂ ਦਿਸਦੀ। ਪਦਾਰਥ ਦੀ ਸੂਖਮਤਾ ਦੇ ਭੇਤਾਂ ਨੂੰ ਪਾ ਲੈਣ ਦਾ ਲੋਰ ਏਨਾ ਪ੍ਰਬਲ ਹੈ ਕਿ ਵਿਗਿਆਨ ਇੱਕ ਪਲ ਰੁਕ ਕੇ ਆਪਣੀਆਂ ਸਫਲਤਾਵਾਂ ਨੂੰ ਨੈਤਿਕਤਾ ਦੀ ਦ੍ਰਿਸ਼ਟੀ ਤੋਂ ਵੇਖਣ-ਵਾਚਣ ਦੀ ਲੋੜ ਮਹਿਸੂਸ ਨਹੀਂ ਕਰਦਾ।
ਅਜੋਕਾ ਸਾਇੰਸਦਾਨ ਕਲੋਨਿੰਗ ਕਰ ਸਕਦਾ ਹੈ; ਆਪਣੀ ਇੱਛਾ ਅਨੁਸਾਰ ਲੜਕੇ ਜਾਂ ਲੜਕੀਆਂ ਪੈਦਾ ਕਰ ਸਕਦਾ ਹੈ, ਮਨੁੱਖੀ ਸਰੀਰ ਦਾ ਹਰ ਪੁਰਜ਼ਾ ਟ੍ਰਾਂਸਪਲਾਂਟ ਕੀਤਾ ਜਾ ਰਿਹਾ ਹੈ। ਅਜੇ ਕੱਲ ਦੀ ਗੱਲ ਹੈ ਕਿ ਇੱਕ ਇਸਤ੍ਰੀ ਦਾ ਪੈਂਕ੍ਰੀਅਸ ਟ੍ਰਾਂਸਪਲਾਂਟ ਕਰ ਕੇ ਉਸ ਦੇ ਸ਼ੂਗਰ ਰੋਗ ਦਾ ਇਲਾਜ ਕਰ ਦਿੱਤਾ ਦੱਸਿਆ ਜਾ ਰਿਹਾ ਸੀ । ਅਜੋਕੇ ਸਾਇੰਸਦਾਨ ਨੂੰ ਜੀਵਾਂ ਦੇ ਜਨੈਟਿਕ ਕੋਡ ਦੀ ਪੂਰੀ ਜਾਣਕਾਰੀ ਪ੍ਰਾਪਤ ਹੈ। ਉਹ ਆਪਣੀ ਇੱਛਾ ਅਨੁਸਾਰ ਪਸ਼ੂ, ਪੰਛੀ ਅਤੇ ਮਨੁੱਖ ਉਪਜਾਉਣ ਦੀ ਯੋਗਤਾ ਪ੍ਰਾਪਤ ਕਰ ਚੁੱਕਾ ਹੈ; ਉਹ ਅੱਗੇ ਹੀ ਅੱਗੇ ਜਾ ਰਿਹਾ ਹੈ; ਪਿੱਛੇ ਮੁੜ ਕੇ ਵੇਖਣ ਦੀ ਲੋੜ ਮਹਿਸੂਸ ਨਹੀਂ ਕਰਦਾ। "ਬੇਵ ਨਿਊ ਵਰਲਡ"
ਦਾ ਕਰਤਾ' ਜੇ ਅੱਜ ਆ ਕੇ ਵੇਖੋ ਤਾਂ ਚਝਾਅ ਜਾਵੇ। ਸਾਇੰਸਦਾਨਾਂ ਦੀ ਹੈਂਕੜ, ਮੁਨਾਫ਼ਾਖ਼ੋਰਾਂ ਦਾ ਲੋਭ ਅਤੇ ਕੌਮੀ ਅਣਖ ਦਾ ਸਰਸਾਮੀ ਤਾਪ ਇਸ ਸਥਿਤੀ ਦੇ ਜ਼ਿੰਮੇਦਾਰ ਹਨ। ਪਰੰਤੂ ਪੁਰਾਤਨ ਆਦਰਸ਼ਾਂ ਦੇ ਤਾਣੇ ਬਾਣੇ ਵਿੱਚ ਉਲਬੀ ਹੋਈ ਅਤੇ ਸਾਇੰਸ ਦਾ ਦਿੱਤਾ ਖਾ ਕੇ ਸਾਇੰਸ ਨੂੰ ਨਿੰਦਣ ਵਾਲੀ ਮਨੁੱਖੀ ਸੋਚ ਵੀ ਘੱਟ ਜ਼ਿੰਮੇਦਾਰ ਨਹੀਂ। ਸੋਚ ਅਤੇ ਸਾਇੰਸ ਦੀ ਮਿੱਤ੍ਰਤਾ ਵਿੱਚ ਜੀਵਨ ਦਾ ਕਲਿਆਣ ਹੈ। ਇਹ ਮਿੱਤ੍ਰਤਾ ਓਨਾ ਚਿਰ ਸੰਭਵ ਨਹੀਂ ਜਿੰਨਾ ਚਿਰ ਮਨੁੱਖੀ ਸੋਚ ਮੱਧਕਾਲੀਨ ਵਿਸ਼ਵਾਸਾਂ ਦੀ ਅਸੋਚਤਾ ਵਿੱਚੋਂ ਨਿਕਲ ਕੇ, ਕੌਮੀ ਇਤਿਹਾਸਾਂ, ਸੱਭਿਅਤਾਵਾਂ ਅਤੇ ਕੌਮੀ ਸੰਸਕ੍ਰਿਤੀਆਂ ਦੀ ਸੰਕੀਰਣਤਾ ਦਾ ਤਿਆਗ ਕਰ ਕੇ, ਮਨੁੱਖੀ ਸਮਾਜਾਂ ਦੇ ਵਿਕਾਸ ਦੇ ਇਤਿਹਾਸ ਤੋਂ ਜਾਣੂੰ ਹੋ ਕੇ, ਸਮੁੱਚੀ ਮਨੁੱਖਤਾ ਦੀ ਇੱਕ ਮਨੁੱਖੀ ਸੰਸਕ੍ਰਿਤੀ ਨੂੰ, ਜੀਵਨ ਦੀ ਵਾਸਤਵਿਕਤਾ ਹੀ ਨਹੀਂ ਸਗੋਂ ਜੀਵਨ ਦੀ ਸੁੰਦਰਤਾ ਅਤੇ ਵਿਕਾਸ ਦੀ ਸਿਖਰ ਮੰਨਣ ਦੀ ਸਿਆਣਪ ਨੂੰ ਆਪਣੀ ਮੰਜ਼ਲ ਨਹੀਂ ਮੰਨਦੀ।
ਮੈਂ ਮੰਨਦਾ ਹਾਂ ਕਿ ਇਹ ਕੁਝ ਹਰ ਕਿਸੇ ਲਈ ਸੰਭਵ ਜਾਂ ਸੋਖਾ ਨਹੀਂ, ਪਰੰਤੂ ਮੈਂ ਹਰ ਕਿਸੇ ਨਾਲ ਨਹੀਂ ਸਗੋਂ ਸੂਝਵਾਨ ਅਤੇ ਸੁਹਿਰਦ ਵਿਅਕਤੀਆਂ ਨਾਲ ਸੰਬੋਧਤ ਹਾਂ; ਉਨ੍ਹਾਂ ਨਾਲ ਸੰਬੋਧਤ ਹਾਂ ਜਿਨ੍ਹਾਂ ਦੀ ਸੋਚ ਨੇ ਜਨ-ਸਾਧਾਰਣ ਦੀ ਸੋਚ ਦਾ ਪੱਥ-ਪ੍ਰਦਰਸ਼ਨ ਕਰਨਾ ਹੈ। ਸੱਤਾ ਆਤੰਕਵਾਦ ਦਾ ਹੱਲ ਨਹੀਂ; ਵਕਤੀ ਤਰਲਾ ਹੈ। ਸਾਇੰਸ ਦੇ ਸੰਸਾਰ ਨੇ ਹਜ਼ਾਰਾਂ ਸਾਲ ਜੀਣਾ ਹੈ। ਸੁਹਿਰਦ, ਸੁਤੰਤਰ ਸੋਚ ਹੀ ਸੁਖੀ, ਸੁਰੱਖਿਅਤ ਅਤੇ ਸਤਿਕਾਰਯੋਗ ਭਵਿੱਖ ਦੀ ਜਾਮਨ ਹੈ।