

ਪੂੰਜੀਵਾਦ ਅਤੇ ਸਮਾਜਵਾਦ ਨਾਂ ਦੇ ਦੋ ਸਿਧਾਤਾਂ ਨੂੰ ਕੇਂਦਰੀ ਥਾਂ ਪ੍ਰਾਪਤ ਹੋ ਗਈ। ਲਗਪਗ ਸਾਰੀ ਦੁਨੀਆ ਦੋ ਧੜਿਆਂ ਵਿੱਚ ਵੰਡੀ ਗਈ ਅਤੇ ਸੱਤਾ-ਸੰਤੁਲਨ ਦੇ ਉਹਲੇ ਵਿੱਚ ਐਟਮੀ ਹਥਿਆਰਾਂ ਦੀ ਦੌੜ ਸ਼ੁਰੂ ਹੋ ਗਈ। ਆਦਰਸ਼ਾਂ ਦੇ ਇਸ਼ਾਰੇ ਉੱਤੇ ਦੌੜੀ ਜਾਣ ਵਾਲੀ ਦੌੜ ਦੌੜਨ ਵਾਲਿਆਂ ਨੇ ਨੈਤਿਕਤਾ ਨੂੰ ਪੂਰੀ ਪੂਰੀ ਤਿਲਾਂਜਲੀ ਦੇ ਕੇ ਬੈਂਕ ਤਬਾਹੀ ਦੇ ਹਥਿਆਰਾਂ ਦੇ ਅੰਬਾਰ ਉਸਾਰਨੇ ਸ਼ੁਰੂ ਕਰ ਦਿੱਤੇ । ਚਾਣਕਿਯ ਅਤੇ ਮਕਾਇਵਲੀ ਦੀਆਂ ਆਤਮਾਵਾਂ ਜ਼ਰੂਰ ਪ੍ਰਸੰਨ ਹੋਈਆਂ ਹੋਣਗੀਆਂ।
ਵੀਹਵੀਂ ਸਦੀ ਦੀ ਅੰਤਲੀ ਚੌਥਾਈ ਵਿੱਚ ਰੂਸੀ ਸਾਮਰਾਜ ਦੀ ਸਮਾਪਤੀ ਨਾਲ ਸੱਤਾ- ਸੰਤੁਲਨ ਵੀ ਸਮਾਪਤੀ ਦੇ ਨੇੜੇ-ਤੇੜੇ ਪੁੱਜ ਗਿਆ। ਜਿੱਥੇ ਉਸ ਸਦੀ ਦੇ ਆਰੰਭ ਵਿੱਚ ਦੁਨੀਆ ਦੇ ਕਈ ਸੱਤਾ-ਸੰਤੁਲਨ ਸਨ-ਜਿਵੇਂ ਕਿ ਯੂਰਪੀ, ਅਮਰੀਕੀ ਚੀਨੀ ਅਤੇ ਭਾਰਤੀ ਆਦਿਕ- ਉੱਥੇ ਵੀਹਵੀਂ ਸਦੀ ਦੇ ਅੰਤ ਵਿੱਚ ਕੇਵਲ ਅਮਰੀਕਾ ਹੀ ਸੱਤਾ-ਸੁਆਮੀ ਬਣ ਬੈਠਾ। ਇਹ ਹਾਲਤ 'ਤੱਤ ਭਲੱਤੀ ਦੇ ਮੜ੍ਹੀਆਂ ਦੇ ਰਾਹ ਪੈਣ' ਵਰਗੀ ਗੱਲ ਸੀ। ਅਮਰੀਕੀ ਸਾਮਰਾਜ ਦੇ ਸੁਪਨੇ ਵੇਖਣ ਵਾਲਾ ਅਮਰੀਕਾ ਹੁਣ ਆਪਣੇ ਆਪ ਨੂੰ ਸਾਰੀ ਦੁਨੀਆ ਦੀ ਵਾਹਦ (ਇੱਕੋ ਇੱਕ) ਸੁਪਰ ਪਾਵਰ ਬਣਿਆ ਵੇਖ ਕੇ ਦੁਨੀਆ ਦਾ ਸਰਬ-ਸ਼ਕਤੀਮਾਨ ਰੱਖਿਅਕ ਬਣ ਬੈਠਾ (ਹੈ)। ਇਹ ਭਾਵਨਾ ਮਨੁੱਖੀ ਵਿਕਾਸ ਦੀ ਹਾਨੀ ਕਰ ਰਹੀ ਹੈ।
ਇਸ ਹਾਲਤ ਨੂੰ ਪੈਦਾ ਕਰਨ ਦੀ ਸਮੁੱਚੀ ਅਤੇ ਸਿੱਧੀ ਜ਼ਿੰਮੇਦਾਰੀ ਸਾਇੰਸ ਅਤੇ ਤਕਨੀਕ ਦੀ ਨਹੀਂ। ਇਹ ਜ਼ਿੰਮੇਦਾਰੀ ਸਿਧਾਂਤਾਂ ਦੀ ਟੱਕਰ ਦੀ ਹੈ। ਪੂੰਜੀਵਾਦ ਅਤੇ ਸਮਾਜਵਾਦ ਨਾਂ ਦੇ ਦੋ ਸਿਧਾਂਤਾਂ ਦੀ ਟੱਕਰ ਵਿੱਚੋਂ ਹਥਿਆਰਾਂ ਦੀ ਦੌੜ ਦਾ ਰੋਗ ਉਪਜਿਆ ਸੀ। ਇਸ ਰੋਗ ਨੇ ਰੂਸੀ ਆਰਥਕਤਾ ਦਾ ਨਾਲ ਕੀਤਾ ਸੀ । ਸਿਧਾਂਤਾਂ ਨੂੰ ਰੱਬੀ ਹੁਕਮ ਦੇ ਰੂਪ ਵਿੱਚ ਲੋਕਾਂ ਸਾਹਮਣੇ ਰੱਖਣਾ ਅਤੇ ਉਨ੍ਹਾਂ ਦੀ ਅੰਧਾ-ਧੁੰਦ ਪੈਰਵੀ ਕਰਨਾ ਮੱਧਕਾਲੀਨ ਮਾਨਸਿਕਤਾ ਦਾ ਖਾਸਾ ਸੀ। ਮਨੁੱਖੀ ਮਾਨਸਿਕਤਾ ਨੇ ਅਜੇ ਇਸ ਰੋਗ ਤੋਂ ਨਵਿਰਤੀ ਨਹੀਂ ਪਾਈ। ਸਮਾਜਵਾਦ ਦੇ ਸਿਧਾਂਤ ਨੂੰ ਦੰਦਾਤਮਕ ਪਦਾਰਥਵਾਦ (Dialectical Materialism) ਦਾ ਨਿਸ਼ਚਿਤ ਪਰਿਣਾਮ ਕਹਿ ਕੇ ਇਲਹਾਮੀ ਦਰਜਾ ਦੇਣ ਵਿੱਚ ਕਾਰਲ ਮਾਰਕਸ ਦੀ ਯਹੂਦੀ ਮਾਨਸਿਕਤਾ ਦਾ ਹੱਥ ਹੈ ਅਤੇ ਇਸ ਪਦਾਰਥਵਾਦੀ ਇਲਹਾਮ ਨੂੰ ਅੰਧਾ-ਧੁੰਦ ਪਰਵਾਨ ਕਰ ਲੈਣ ਪਿੱਛੇ ਜਨ-ਸਾਧਾਰਣ ਦੀ ਮੱਧਕਾਲੀਨ ਮਾਨਸਿਕਤਾ ਅਤੇ ਆਧੁਨਿਕ ਵੰਚਨਾ ਦੀ ਕਰਾਮਾਤ ਹੈ। ਸਾਇੰਸ ਅਤੇ ਤਕਨੀਕ ਨੂੰ ਇਲਾਹੀ ਆਦਰਸ਼ਾਂ ਦੀ ਤਾਬਿਆਦਾਰੀ ਕਰਨ ਵਾਲੀ ਬੌਧਿਕਤਾ ਦੇ ਹੁਕਮ ਵਿੱਚ ਤੁਰਨ ਦੀ ਮਜਬੂਰੀ ਸੀ ਅਤੇ ਅਜੇ ਵੀ ਹੈ। ਜਿੰਨਾ ਚਿਰ ਮਨੁੱਖੀ ਬੌਧਿਕਤਾ ਮੱਧਕਾਲੀਨ ਆਦਰਸ਼ਾਂ ਦੀ ਕੈਦ ਵਿੱਚੋਂ ਮੁਕਤ ਨਹੀਂ ਕੀਤੀ ਜਾਂਦੀ, ਓਨਾ ਚਿਰ ਸਾਇੰਸ ਅਤੇ ਤਕਨੀਕ ਉੱਤੇ ਦੋਸ਼ ਲੱਗਦੇ ਰਹਿਣਗੇ। ਪੂੰਜੀਵਾਦੀ ਅਤੇ ਸਮਾਜਵਾਦੀ ਸਿਧਾਂਤਾਂ ਦੀ ਟੱਕਰ ਦੁਨੀਆ ਦੇ ਸਿਆਸੀ ਵਿਵਹਾਰ ਨੂੰ ਮੱਧਕਾਲ ਵੱਲ ਲੈ ਤੁਰੀ ਸੀ ਜਦੋਂ ਇਲਹਾਮੀ ਕਿਤਾਬਾਂ ਦੇ ਪੁੱਠੇ ਸਿੱਧੇ ਅਰਥਾਂ ਨੂੰ ਸਮਾਜਕ ਅਤੇ ਵਿਅਕਤੀਗਤ ਨੈਤਿਕਤਾ ਦਾ ਨਿਰਾਦਰ ਕਰਨ ਦਾ ਪੂਰਾ ਪੂਰਾ ਅਧਿਕਾਰ ਸੀ। ਹੁਣ ਅਮਰੀਕਾ ਦੀ ਸਿਆਸੀ ਦਾਦਾਗੀਰੀ ਸੰਸਾਰ ਦੀ ਸਿਆਸਤ ਨੂੰ ਉਸ ਪੁਰਾਤਨ ਰੋਮਨ ਕਾਲ ਵੱਲ ਲੈ ਤੁਰੀ ਹੈ ਜਿਸ ਵਿੱਚ ਕੋਈ ਇੱਕ ਜੂਲੀਅਸ ਸੀਜ਼ਰ ਕਿਸੇ ਇੱਕ ਕਿਲੀਓਪੈਟਰਾ ਦੇ ਇਸ਼ਕ ਵਿੱਚ ਫਸ ਕੇ ਪੂਰੇ ਸਾਮਰਾਜ ਦੀ ਤਬਾਹੀ ਦਾ ਖ਼ਤਰਾ ਮੁੱਲ ਲੈਣ ਨੂੰ ਤਿਆਰ ਹੋ ਜਾਂਦਾ ਸੀ। ਸੱਤਾ-ਮਦ-ਮਾਤੇ ਅਮਰੀਕਾ ਦਾ ਹਰ ਪ੍ਰਧਾਨ