

ਆਧੁਨਿਕ ਜੂਲੀਅਸ ਸੀਜ਼ਰ ਵਰਗਾ ਹੈ ਜਿਸ ਲਈ ਇਜ਼ਰਾਈਲ ਨਾਂ ਦੀ ਆਧੁਨਿਕ ਕਿਲੀਓਪੈਟਰਾ ਦਾ ਮੋਹ ਹਰ ਪ੍ਰਕਾਰ ਦੀ ਨੈਤਿਕਤਾ ਅਤੇ ਸਿਆਸੀ ਸੰਬੰਧਾਂ ਵਿਚਲੀ ਸੁਹਿਰਦਤਾ ਨਾਲੋਂ ਬਹੁਤੀ ਅਹਿਮੀਅਤ ਰੱਖਦਾ ਹੈ। ਅੱਜ ਜਦੋਂ ਆਦਰਸ਼, ਸਿਧਾਂਤ ਅਤੇ ਧਾਰਮਕ ਮੂਲਵਾਦ ਉੱਤੇ ਆਧਾਰਿਤ ਆਤੰਕਵਾਦ ਨੂੰ ਵਿਗਿਆਨਿਕ ਟੈਕਨੀਕ ਦਾ ਸਾਥ ਅਤੇ ਸਹਾਰਾ ਹਾਸਲ ਹੈ ਉਦੋਂ ਚਾਣਕਿਯ ਜਾਂ ਡਿਮਾਸਥੀਨੀਜ਼ ਕੋਲੋਂ ਅਗਵਾਈ ਲੈਣਾ ਬਹੁਤ ਭਿਆਨਕ ਨਤੀਜੇ ਕੱਢ ਸਕਦਾ ਹੈ। ਅੱਜ ਈਸਕੀਨੀਜ਼ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਚਾਣਕਿਯ ਦੇ ਦੱਸੋ ਰਾਹ ਉੱਤੇ ਤੁਰਦੇ ਤੁਰਦੇ ਭਾਰਤ ਅਤੇ ਪਾਕਿਸਤਾਨ ਇੱਕ ਦੋ ਵੇਰ ਸਰਵਨਾਸ਼ ਦੇ ਬਹੁਤ ਨੇੜੇ ਹੋ ਜਾਣ ਦੀ ਹਿਮਾਕਤ ਜਾਂ ਜਰਅੱਤ ਕਰ ਚੁੱਕੇ ਹਨ।
ਸਾਇੰਸ ਪਦਾਰਥ ਵਿਚਲੀ ਸੂਖਮਤਾ ਦੀ ਜਾਣਕਾਰੀ ਅਤੇ ਉਸ ਜਾਣਕਾਰੀ ਨੂੰ ਦੁਨਿਆਵੀ ਕੰਮਾਂ-ਕਾਰਾਂ ਦੀ ਸੁਗਮਤਾ ਲਈ ਵਰਤਣ ਦੀ ਯੋਗਤਾ ਹੈ। ਇਹ ਨੀਤੀ-ਸ਼ਾਸਤਰ ਨਹੀਂ ਅਤੇ ਨਾ ਹੀ ਕੋਈ ਦਾਰਸ਼ਨਿਕਤਾ ਹੈ। ਇਹ ਠੀਕ ਹੈ ਕਿ ਪਦਾਰਥ ਵਿਚਲੀ ਸੂਖਮਤਾ ਦੀ ਜਾਣਕਾਰੀ ਸਾਡੇ ਵਿਸ਼ਵਾਸਾਂ, ਵਿਚਾਰਾਂ, ਧਾਰਨਾਵਾਂ ਅਤੇ ਇਨ੍ਹਾਂ ਰਾਹੀਂ ਸਾਡੇ ਨੈਤਿਕ ਮੁੱਲਾਂ ਨੂੰ ਪ੍ਰਭਾਵਿਤ ਕਰਦੀ ਹੈ ਪਰੰਤੂ ਇਹ ਕੁਝ ਕਰਨਾ ਇਸ ਦਾ ਮਨੋਰਥ ਨਹੀਂ। ਸਾਇੰਸ ਕੋਲੋਂ ਅਜੇਹਾ ਇਸ ਲਈ ਹੋ ਜਾਂਦਾ ਹੈ ਕਿ ਮਨੁੱਖਤਾ ਦੀਆਂ ਪਹਿਲੀਆਂ ਧਾਰਨਾਵਾਂ ਅਗਿਆਨ ਆਧਾਰਿਤ ਹੋਣ ਕਰਕੇ ਸੋਧ ਦੀ ਮੰਗ ਕਰਦੀਆਂ ਹਨ ਅਤੇ ਸੋਧ ਦੀ ਲੋੜ ਅਤੇ ਚੇਤਨਾ ਸਾਇੰਸ ਦੇ ਵਿਕਾਸ ਨਾਲ ਵਧਦੀ ਜਾ ਰਹੀ ਹੈ।
ਸਾਇੰਸ ਜਿਨ੍ਹਾਂ ਕੰਮਾਂ ਕਾਰਾਂ ਨੂੰ ਮਨੁੱਖ ਲਈ ਸੁਗਮ ਬਣਾ ਰਹੀ ਹੈ ਉਨ੍ਹਾਂ ਵਿੱਚ ਅਪਰਾਧ, ਹਿੰਸਾ ਅਤੇ ਹੱਤਿਆ ਵੀ ਸ਼ਾਮਲ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਮਨੁੱਖ ਦੇ ਉਨ੍ਹਾਂ ਕਾਰਾ- ਵਿਹਾਰਾਂ ਵਿੱਚ ਨੈਤਿਕਤਾ ਲਈ ਥੋੜੀ ਬਹੁਤੀ ਥਾਂ ਰੱਖੀ ਜਾਵੇ ਜਿਹੜੇ ਕਾਰ-ਵਿਹਾਰ ਸ਼ਕਤੀ ਨਾਲ ਸੰਬੰਧਤ ਹੋਣ। ਇਸ ਦਾ ਇਹ ਭਾਵ ਨਹੀਂ ਕਿ ਮੈਂ ਦੁਨੀਆ ਦੇ ਸਿਆਸੀ ਚੌਧਰੀਆਂ ਨੂੰ ਜਾਂ ਆਤੰਕਵਾਦੀ ਜਥੇਬੰਦੀਆਂ ਨੂੰ ਨੈਤਿਕਤਾ ਦੀਆਂ ਕਲਾਸਾਂ ਅਟੈਂਡ ਕਰਨ ਨੂੰ ਕਹਿ ਰਿਹਾ ਹਾਂ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਨ-ਸਾਧਾਰਣ ਦੀ ਮਾਨਸਿਕਤਾ ਵਿੱਚ ਉਨ੍ਹਾਂ ਵਿਚਾਰਾਂ, ਵਿਹਾਰਾਂ ਅਤੇ ਯੋਜਨਾਵਾਂ ਲਈ ਸਤਿਕਾਰ ਪੈਦਾ ਕੀਤਾ ਜਾਵੇ ਜਿਨ੍ਹਾਂ ਵਿੱਚ ਨੈਤਿਕਤਾ ਦੇ ਸਤਿਕਾਰ ਦੀ ਭਾਵਨਾ ਅਤੇ ਸੰਭਾਵਨਾ ਹੈ। ਅਤੇ ਇਹ ਸੰਭਾਵਨਾ ਉਨ੍ਹਾਂ ਸਾਰੇ ਵਿਚਾਰਾਂ, ਵਿਹਾਰਾਂ ਅਤੇ ਉੱਦਮਾਂ ਵਿੱਚ ਹੁੰਦੀ ਹੈ ਜਿਹੜੇ ਕਿਸੇ ਸਿਧਾਂਤਕਤਾ ਉੱਤੇ ਆਧਾਰਿਤ ਹੋਣ ਦੀ ਥਾਂ ਜੀਵਨ ਦੀਆਂ ਲੋੜਾਂ ਦੀ ਪੂਰਤੀ ਦੇ ਕੰਮ ਨਾਲ ਸਿੱਧੇ ਸੰਬੰਧਤ ਹੋਣ।
ਸਾਂਝੇ ਯੌਰਪ ਦੀ ਘਾੜਤ ਅਤੇ ਵਪਾਰਕ ਵਿਸ਼ਵੀਕਰਣ ਮਨੁੱਖੀ ਜੀਵਨ ਦੀਆਂ ਲੋੜਾਂ ਨਾਲ ਸੰਬੰਧਤ ਉੱਦਮ ਹਨ। ਸਾਂਝੇ ਯੌਰਪ ਦੀ ਲੋੜ ਜ਼ਰਾ ਕੁ ਸਿਧਾਂਤਕ ਵੀ ਹੈ। ਅੱਜ ਇਸ ਗੱਲ ਦੀ ਲੋੜ ਹੈ ਕਿ ਸ਼ਕਤੀ-ਮਦ-ਮਾਤਾ ਅਮਰੀਕਾ ਦੁਨੀਆ ਦੀ ਦਾਦਾਗੀਰੀ ਕਰਨ ਰੋਕਿਆ ਜਾਵੇ। ਇਸ ਕੰਮ ਲਈ ਸੱਤਾ-ਸੰਤੁਲਨ ਦੀ ਲੋੜ ਹੈ। ਤਕੜਾ ਅਤੇ ਸਾਂਝਾ ਯੌਰਪ ਹੀ ਅਮਰੀਕਾ ਦਾ ਪ੍ਰਤੀਦੂਦੀ ਬਣਨ ਦੀ ਯੋਗਤਾ ਰੱਖਦਾ ਹੈ। ਸਾਂਝੇ ਯੌਰਪ ਦੀ ਉਸਾਰੀ ਦੀ ਨੀਂਹ ਵਿੱਚ ਨੈਤਿਕਤਾ ਪੂਰੀ ਪਰਪੱਕਤਾ ਨਾਲ਼ ਉਵੇਂ ਹੀ ਮੌਜੂਦ ਹੈ ਜਿਵੇਂ ਵਿਸ਼ਵੀਕਰਣ ਵਿੱਚ ਮਨੁੱਖੀ ਕਲਿਆਣ ਦੀ ਭਾਵਨਾ ਮੌਜੂਦ ਹੈ। ਕੋਈ ਪ੍ਰਬੰਧ ਰਾਤੋ ਰਾਤ ਦੈਵੀ ਭਾਵਨਾਵਾਂ ਦਾ ਧਾਰਨੀ ਨਹੀਂ ਹੋ ਜਾਂਦਾ। ਹਰ ਨਵੇਂ ਉੱਦਮ ਵਿੱਚ ਆਰੰਭਕ ਊਣਾਂ ਹੁੰਦੀਆਂ ਹਨ; ਪਰ ਜੀਵਨ ਦੀਆਂ ਲੋੜਾਂ ਨਾਲ ਸੰਬੰਧਤ ਉੱਦਮ, ਸਮੇਂ ਦੇ ਬੀਤਣ ਨਾਲ, ਜੀਵਨ ਦੇ ਸੇਵਕ ਬਣਦੇ ਜਾਂਦੇ ਹਨ। ਸਨਅਤੀ ਕ੍ਰਾਂਤੀ ਦੀ ਮਿਸਾਲ ਸਾਡੇ ਸਾਹਮਣੇ ਹੈ। ਸਾਂਝਾ ਯੌਰਪ