

'ਵਿਸ਼ਵੀਕਰਣ' ਦੇ ਉੱਦਮ ਵੀ ਇਵੇਂ ਹੀ ਕਰਨਗੇ । ਜੇ ਵਿਸ਼ਵੀਕਰਣ ਦੀ ਵਾਗਚੌਰ ਵਿਸ਼ਵ- ਡਿਕਟੇਟਰ ਬਣਨ ਦੀ ਇੱਛਾ ਕਰਨ ਵਾਲੇ ਅਮਰੀਕਾ ਕੋਲ ਨਾ ਹੋ ਕੇ ਜਨੀਵਾ ਕਨਵੈਨਸ਼ਨ ਦੀ ਕਲਪਨਾ ਕਰਨ ਵਾਲੇ ਯੌਰਪ ਕੋਲ ਹੋਵੇ ਤਾਂ ਇਹ ਉੱਦਮ ਆਰੰਭ ਤੋਂ ਹੀ ਸੁਖਦਾਇਕ ਸਾਬਤ ਹੋ ਸਕਦਾ ਹੈ।
-2-
ਇਸ ਗੱਲ ਦੀ ਲੋੜ ਦਿਨੋ-ਦਿਨ ਵਧਦੀ ਜਾ ਰਹੀ ਹੈ ਕਿ ਯੌਰਪ ਇੱਕ ਇਕਾਈ ਬਣ ਕੇ ਵਪਾਰਕ ਖੇਤਰ ਵਿੱਚ ਅਮਰੀਕਾ ਨਾਲੋਂ ਉਚੇਠਾ ਹੋ ਜਾਵੇ। ਸਾਡੀ ਦੁਨੀਆ ਵਿੱਚ ਆਖ਼ਰਾਂ ਦੀ ਉਸਾਰੀ ਦੀ ਲੋੜ ਹੈ। ਉਸਾਰੀ ਕਰਨ ਵਾਲਿਆਂ ਕੋਲ ਧਨ, ਤਾਕਰ, ਤਕਨੀਕ ਅਤੇ ਇੱਛਾ ਦੇ ਨਾਲ ਨਾਲ ਸੁਹਿਰਦਤਾ, ਸੁਹਜ-ਪ੍ਰੀਅਤਾ ਅਤੇ ਨੈਤਿਕਤਾ ਵੀ, ਲੋੜੀਂਦੀ ਮਾਤਰਾ ਵਿੱਚ ਹੋਣੀ ਚਾਹੀਦੀ ਹੈ। ਅਜੋਕੀ ਦੁਨੀਆ ਵਿੱਚ, ਕਈ ਕਾਰਨਾਂ ਕਰਕੇ, ਅਮਰੀਕਾ ਉਨ੍ਹਾਂ ਕੌਮਾਂ ਨਾਲੋਂ ਵੀ ਬਹੁਤਾ ਡਰਾਉਣਾ ਦੇਸ਼ ਬਣ ਗਿਆ ਹੈ ਜਿਨ੍ਹਾਂ ਨੂੰ ਪਿਛਲੀ ਸਦੀ ਦੇ ਦੋ ਸੰਸਾਰ ਯੁੱਧਾਂ ਵਿੱਚ ਹੋਈ ਤਬਾਹੀ ਦੇ ਜ਼ਿੰਮੇਦਾਰ ਸਮਝਿਆ ਜਾਂਦਾ ਹੈ । ਧਰਤੀ ਉੱਤਲੇ ਧਨ, ਤਾਕਤ ਅਤੇ ਤੇਲ ਆਦਿਕ ਸੋਮਿਆਂ ਦਾ ਵਡੇਰਾ ਸੁਆਮੀ ਬਣਨ ਦੇ ਸੁਆਰਥ ਨੇ ਅਮਰੀਕੀ ਸਿਆਸਤ ਨੂੰ ਨੈਤਿਕਤਾ ਨਾਲੋਂ ਨਿਖੇੜ ਦਿੱਤਾ ਹੈ। ਯੌਰਪ ਦੇ ਉੱਨਤ ਦੇਸ਼ ਕਈ ਵੇਰ ਅਮਰੀਕਾ ਦੇ ਮੁਕਾਬਲੇ ਵਿੱਚ ਸਾਂਝਾ ਸਿਆਸੀ ਅਤੇ ਵਪਾਰਕ ਸਮਝੌਤਾ ਕਰਨ ਵਿੱਚ ਅਸਫਲ ਹੋ ਜਾਂਦੇ ਹਨ। ਸਾਂਝੇ ਯੌਰਪ ਦਾ ਸਾਂਝਾ ਵਿਧਾਨ ਬਣ ਜਾਣ ਨਾਲ ਇਸ ਸਮੱਸਿਆ ਦੇ ਹੱਲ ਦੀ ਆਸ ਕੀਤੀ ਜਾ ਸਕਦੀ ਹੈ। ਸਾਂਝੇ ਯੌਰਪ ਦੇ ਵਿਧਾਨ ਦੀ ਉਸਾਰੀ ਦੇ ਰਾਹ ਵਿੱਚ ਆਉਣ ਵਾਲੀਆਂ ਔਕੜਾਂ ਵਿੱਚੋਂ ਇੱਕ ਹੈ ਸਰਬਸੱਤਾ ਜਾਂ ਸੋਵਰਿਨਿਟੀ।
ਜੀਨ ਬੋਡਿਨ (Jean Bodin) ਨਾਂ ਦੇ ਇੱਕ ਫ੍ਰਾਂਸੀਸੀ ਨੀਤੀ ਵੇਤਾ ਨੇ ਸੋਲ੍ਹਵੀਂ ਸਦੀ ਵਿੱਚ ਸਰਬਸੱਤਾ ਦੇ ਖ਼ਿਆਲ ਦੀ ਨਵੀਂ ਰੂਪ-ਰੇਖਾ ਉਲੀਕਣ ਦਾ ਕੰਮ ਕੀਤਾ ਸੀ। ਇਹ ਸਮਾਂ ਯੌਰਪ ਵਿੱਚ ਰੋਮਨ ਐਂਮਪਾਇਰ ਦੇ ਖ਼ਤਮ ਹੋਣ ਪਿੱਛੋਂ ਕੌਮੀ ਸਰਕਾਰਾਂ ਦੇ ਵਿਕਾਸ ਦਾ ਸਮਾਂ ਸੀ। ਯੋਰਪੀ ਕੌਮਾਂ ਦੀ ਸਿਆਸੀ ਅਤੇ ਸੈਨਿਕ ਸੱਤਾ ਰਜਵਾੜਿਆਂ ਅਤੇ ਰਾਜਿਆਂ ਦੇ ਹੱਥ ਵਿੱਚ ਸੀ। ਜੀਨ ਬੌਡਿਨ ਦਾ ਖ਼ਿਆਲ ਸੀ ਕਿ ਹਨੇ ਹੱਨੇ ਰਾਜ ਦੀ ਅਵਸਥਾ ਝਗੜਿਆਂ ਅਤੇ ਝਮੇਲਿਆਂ ਦਾ ਕਾਰਨ ਹੈ। ਇਸ ਅਵਸਥਾ ਦੇ ਸੁਧਾਰ ਲਈ ਇਹ ਜ਼ਰੂਰੀ ਹੈ ਕਿ ਦੇਸ਼ ਦੇ ਕਿਸੇ ਇੱਕ ਵਿਅਕਤੀ ਕੋਲ ਜਾਂ ਇੱਕ ਸੰਸਥਾ ਕੋਲ ਸਰਬਸੱਤਾ ਦਾ ਅਧਿਕਾਰ ਹੋਵੇ ਅਤੇ ਬਾਕੀ ਸਾਰੇ ਜਗੀਰਦਾਰ ਅਤੇ ਰਜਵਾੜੇ ਉਸ ਦੇ ਇਸ ਅਧਿਕਾਰ ਨੂੰ ਪਰਵਾਨ ਕਰਨ। ਇਹ ਰਜਵਾੜਾਸ਼ਾਹੀ ਜਾਂ ਸਾਮੰਤਵਾਦ (Feudalism) ਵੱਲੋਂ ਰਾਸ਼ਟਰਵਾਦ (Nationalism) ਵੱਲ ਨੂੰ ਵਿਕਾਸ ਦੀ ਗੱਲ ਸੀ ਜਿਸ ਨੂੰ ਬਾਰੂਦ ਨੇ ਸੰਭਵ ਬਣਾ ਦਿੱਤਾ ਸੀ। ਅੰਗ੍ਰੇਜ਼ੀ ਭਾਸ਼ਾ ਦੇ ਸ਼ਬਦ ਵਿਊਡ (feud) ਦੇ ਦੋ ਅਰਥ ਹਨ: 1. ਖ਼ਾਨਦਾਨੀ ਦੁਸ਼ਮਣੀ; ਅਤੇ 2. ਜਾਗੀਰ। Feudalism ਜਾਂ ਸਾਮੰਤਵਾਦ ਇਨ੍ਹਾਂ ਦੋਹਾਂ ਅਰਥਾਂ ਦਾ ਸੰਜੋਗ ਸੀ । ਜਾਗੀਰਦਾਰ ਆਪੋ ਵਿੱਚ ਲੜਦੇ ਰਹਿੰਦੇ ਸਨ। ਰਾਜਿਆਂ ਨੇ ਬਾਰੂਦ ਦੀ ਸਹਾਇਤਾ ਨਾਲ ਇਨ੍ਹਾਂ ਲੜਾਕੇ ਜਾਗਰੀਦਾਰਾਂ ਨੂੰ ਵੱਸ ਕਰ ਕੇ ਇਨ੍ਹਾਂ ਕੋਲੋਂ ਸੈਨਾ ਰੱਖਣ ਦਾ ਹੱਕ ਖੋਹ ਲਿਆ ਅਤੇ ਕੌਮੀ ਹਕੂਮਤਾਂ ਕਾਇਮ ਕਰ ਕੇ ਦੇਸ਼ਾਂ ਵਿੱਚ ਅਮਨ ਕਾਇਮ ਕੀਤਾ।