

ਲੋੜ, ਤ੍ਰਿਸ਼ਨਾ ਅਤੇ ਵਿਲਾਸ
'ਸਾਇੰਸ ਅਤੇ ਅਸਹਿਜ' ਨਾਂ ਦੇ ਨਿਬੰਧ ਵਿੱਚ ਤ੍ਰਿਸ਼ਨਾ ਬਾਰੇ ਕੁਝ ਲਿਖਿਆ ਸੀ। ਇਉਂ ਲੱਗਦਾ ਹੈ ਕਿ ਉਸ ਨਿਬੰਧ ਵਿੱਚ ਬਹੁਤ ਕੁਝ ਅਣਕਿਹਾ ਰਹਿ ਗਿਆ ਹੈ। ਮੇਰਾ ਇਹ ਭਾਵ ਨਹੀਂ ਕਿ ਹੱਥਲੇ ਨਿਬੰਧ ਵਿੱਚ ਮੈਂ, ਉਹ ਸਭ ਕੁਝ ਕਹਿ ਸਕਾਂਗਾ ਜੋ ਕ੍ਰਿਸ਼ਨਾ ਦੇ ਸੰਬੰਧ ਵਿੱਚ ਕਿਹਾ ਜਾਣਾ ਚਾਹੀਦਾ ਹੈ। ਮੈਂ ਸਿਰਫ਼ ਇਹ ਕਹਿ ਰਿਹਾ ਹਾਂ ਕਿ ਉਸ ਨਿਬੰਧ ਵਿੱਚ ਲਿਖੀ ਗਈ ਗੱਲ ਥੋੜੇ ਜਿਹੇ ਵਿਸਥਾਰ ਦੀ ਮੰਗ ਕਰਦੀ ਹੈ; ਸਾਰੀ ਗੱਲ ਕਰਨ ਵਾਲਾ ਮੈਂ ਕੌਣ ਹਾਂ?
ਸੁਰਤ, ਮਤ, ਮਨ ਅਤੇ ਬੁੱਧ ਆਦਿਕ ਸਾਰੇ ਸਰੀਰ ਵਿਚਲੀਆਂ ਚੇਤਨਾਵਾਂ ਦੇ ਨਾਂ ਹਨ। ਇਹ ਚੇਤਨਾਵਾਂ ਕਿਸੇ ਕਰਤਾ ਪੁਰਖ ਦੀਆਂ ਉਪਜਾਈਆਂ ਜਾਂ ਸਾਜੀਆਂ ਹੋਈਆਂ ਨਹੀਂ ਹਨ; ਇਹ ਘਾੜਤਾਂ ਹਨ; ਇਹ ਵਿਕਸੀਅ ਹਨ: ਇਹ ਵਿਕਸਦੀਆਂ ਰਹਿੰਦੀਆਂ ਹਨ। ਅਨੁਭਵ ਰਾਹੀਂ ਇਨ੍ਹਾਂ ਦਾ ਵਿਕਾਸ ਹੁੰਦਾ ਰਹੇਗਾ ਸਾਡਾ ਅਨੁਭਵ ਇਨ੍ਹਾਂ ਦੀ ਵੰਨ-ਸੁਵੰਨੀ ਘਾੜਤ ਘੜਨ ਦੀ ਕਾਰੇ ਲੱਗਾ ਰਹੇਗਾ। ਸਾਡੀਆਂ ਸੋਚਾਂ ਅਤੇ ਮਾਨਤਾਵਾਂ ਦੇ ਰੂਪ ਬਦਲਦੇ ਰਹਿਣਗੇ; ਇਨ੍ਹਾਂ ਦੇ ਬਦਲੇ ਹੋਏ ਰੂਪਾਂ ਲਈ ਨਵੀਆਂ ਪਰਿਭਾਸ਼ਾਵਾਂ ਕਰਨ ਦੀ ਲੋੜ ਪੈਂਦੀ ਰਹੇਗੀ ਅਤੇ ਨਵੀਆਂ ਪਰਿਭਾਸ਼ਾਵਾਂ ਨਵੀਂ ਵਿਆਖਿਆ ਦੀ ਮੰਗ ਕਰਦੀਆਂ ਰਹਿਣਗੀਆਂ। ਇਹ ਸਭ ਕੁਝ ਮਨੁੱਖ ਨੂੰ ਉਸ ਦੀਆਂ ਭੂਗੋਲਿਕ, ਸਮਾਜਕ, ਰਾਜਨੀਤਕ, ਆਰਥਕ, ਵਿਦਿਅਕ, ਧਾਰਮਕ, ਸੈਨਿਕ, ਦਾਰਸ਼ਨਿਕ ਅਤੇ ਵਿਗਿਆਨਿਕ ਆਦਿਕ ਵਿਵਸਥਾਵਾਂ ਦੀ ਭੰਨ-ਤੋੜ ਦਾ ਦਿੱਤਾ ਹੋਇਆ ਹੈ। 'ਅਰਥ ਅਤੇ ਅਧਿਕਾਰ ਨੂੰ ਇਸ ਘਾੜਤ ਵਿੱਚ ਵਿਸ਼ੇਸ਼ ਥਾਂ ਪ੍ਰਾਪਤ ਹੈ, ਤਾਂ ਵੀ ਇਹ ਇੱਕ ਸੱਚ ਹੈ ਕਿ ਬਦਲੀਆਂ ਹੋਈਆਂ ਪਰਿਸਥਿਤੀਆਂ ਵੱਖ- ਵੱਖ ਵਿਵਸਥਾਵਾਂ ਨੂੰ ਵੱਧ ਘੱਟ ਮਹੱਤਵ ਦੇਣ ਦਾ ਕੰਮ ਕਰ ਦਿੰਦੀਆਂ ਹਨ। ਆਧੁਨਿਕ ਸਮੇਂ ਵਿੱਚ ਵਿਗਿਆਨ ਅਤੇ ਵਾਪਾਰ ਮਨੁੱਖੀ ਮਾਨਤਾਵਾਂ ਦੀ ਰੂਪ-ਰੇਖਾ ਉਲੀਕਣ ਦਾ ਅਧਿਕਾਰ ਪ੍ਰਾਪਤ ਕਰਦੀਆਂ ਜਾ ਰਹੀਆਂ ਹਨ। ਆਰੰਭ ਵਿੱਚ ਇਹ ਅਧਿਕਾਰ ਅਰਥ ਅਤੇ ਸੱਤਾ ਕੋਲ ਸੀ।
ਹਰ ਇੱਕ ਜੀਵ ਲਈ ਉਸ ਦੀ ਆਪਣੀ ਹੋਂਦ ਪਹਿਲਾ ਸੱਚ ਜਾਂ 'ਪਰਮ ਸੱਚ' ਹੈ। ਆਪਣੇ ਤੋਂ ਬਾਹਰਲੇ ਜਗਤ ਦੀ ਹੱਦ ਨੂੰ, ਉਹ ਆਪਣੀ ਹੋਂਦ ਦੇ 'ਪਰਮ ਸੱਚ' ਰਾਹੀਂ ਜਾਣਦਾ ਹੈ। ਆਪਣੀ ਹੋਂਦ ਦੇ ਪਰਮ ਸੱਚ ਦੀ ਰੱਖਿਆ ਜੀਵ ਦੀ ਪਹਿਲੀ 'ਲੋੜ' ਹੈ। ਕੀੜੇ-ਮਕੌੜੇ ਤੋਂ ਲੈ ਕੇ ਮਨੁੱਖ ਤਕ ਸਾਰਾ ਜੀਵ-ਜਗਤ ਇਸ ਲੋੜ ਦੀ ਪੂਰਤੀ ਦੇ ਜਤਨ ਵਿੱਚ ਜੁੱਟਿਆ ਹੋਇਆ ਹੈ। ਇਸ ਲੋੜ ਦੀ ਪੂਰਤੀ ਦੇ ਜਤਨ ਵਿੱਚ ਲੱਗਾ ਹੋਇਆ ਨਿਮਨ ਕੋਟੀ (ਨੀਵੀਂ ਸ਼੍ਰੇਣੀ) ਦਾ ਜੀਵਨ ਹਰ ਪ੍ਰਕਾਰ ਦੀ ਬੁਰਾਈ ਕਰਦਾ ਹੈ ਜਿਸ ਵਿੱਚੋਂ ਆਖ਼ਰਾਂ ਦਾ ਕਲੇਸ਼ ਉਪਜਦਾ ਹੈ। ਨੇਕੀ ਬਦੀ