ਬਣਾਇਆ ਹੈ। ਉਸ ਨੂੰ ਮਨੁੱਖ ਦੀ ਉਚੇਚੀ ਚਿੰਤਾ ਹੈ। ਉਸ ਨੇ ਇਹਦੇ ਲਈ ਨਰਕ, ਸਵਰਗ, ਮੁਕਤੀ, ਆਵਾਗਮਨ ਗੁਰੂ, ਪੀਰ, ਪੈਗੰਬਰ, ਦੀਨ, ਧਰਮ ਅਤੇ ਪਤਾ ਨਹੀਂ ਕੀ ਕੁਝ ਬਣਾਇਆ ਹੈ। ਬਾਕੀ ਸਾਰੀ ਸ੍ਰਿਸ਼ਟੀ ਲਈ ਇਹ ਸਭ ਕਜੀਆ ਕਰਨ ਦੀ ਲੋੜ ਕਦੇ ਨਹੀਂ ਮਹਿਸੂਸ ਕੀਤੀ।
ਮਨੁੱਖੀ ਮਨ ਵਿੱਚ ਸ੍ਰੇਸ਼ਟਤਾ ਦਾ ਵਿਸ਼ਵਾਸ ਪੈਦਾ ਕਰਨ ਦਾ ਰੱਬੀ ਕ੍ਰਿਸ਼ਮਾ ਕਰ ਕੇ ਧਰਮ ਉਸ ਨੂੰ ਹਉ ਰਹਿਤ ਹੋਣ ਦੀ ਸਲਾਹ ਵੀ ਦਿੰਦਾ ਹੈ। ਇਹ ਸਲਾਹ ਜਾਂ ਮੰਗ ਅਯੋਗ ਹੈ, ਪਰ ਹੈ ਬਹੁਤ ਜ਼ਰੂਰੀ ।
ਦੁਨੀਆਂ ਦੇ ਉੱਨਤ ਧਰਮ ਮਨੁੱਖ ਨੂੰ ਬਾਕੀ ਸ੍ਰਿਸ਼ਟੀ ਨਾਲੋਂ ਸ੍ਰੇਸ਼ਟ ਹੋਣ ਦਾ ਵਿਸ਼ਵਾਸ ਕਰਵਾਉਣ ਦੇ ਨਾਲ ਨਾਲ ਇਹ ਵੀ ਦੱਸਦੇ ਹਨ ਕਿ ਤੇਰਾ ਧਰਮ ਦੂਜੇ ਸਾਰੇ ਧਰਮਾਂ ਨਾਲੋ ਸ੍ਰੇਸ਼ਟ ਹੈ। ਬਾਕੀ ਸਭ ਧਰਮ ਮਨੁੱਖਾਂ ਨੂੰ ਅਧਵਾਟੇ ਛੱਡ ਦਿੰਦੇ ਹਨ; ਤੇਰਾ ਧਰਮ ਤੈਨੂੰ ਧੁਰ ਧਾਮ ਤਕ ਲੈ ਕੇ ਜਾਵੇਗਾ। ਸ੍ਰੇਸ਼ਟ ਧਰਮ ਦੇ ਸ੍ਰੇਸ਼ਟ ਅਨੁਆਈ ਕੋਲੋਂ ਨਿਮ੍ਰਤਾ ਦੀ ਆਸ ਕਰਨੀ ਪੱਥਰ ਵਿੱਚ ਪਦਮ ਦੀ ਆਸ ਕਰਨ ਦੇ ਤੁਲ ਹੈ, ਪਰ ਹਰ ਧਰਮ ਮਨੁੱਖ ਨੂੰ ਨਿਮ੍ਰਤਾ ਦਾ ਉਪਦੇਸ਼ ਦਿੰਦਾ ਹੈ। ਇਹ ਸਭ ਸੰਭਵ ਨਹੀਂ; ਸ੍ਰੇਸ਼ਟ ਕੀ ਅਤੇ ਨਿਮ ਕੀ ?
ਪਰੰਤੂ ਧਰਮ ਮਨੁੱਖ ਨੂੰ ਦੋਗਲਾ ਜੀਵਨ ਜੀਣ ਦੀ ਪ੍ਰੇਰਣਾ ਵੀ ਦਿੰਦਾ ਹੈ। ਇਸ ਗੱਲ ਦਾ ਵਿਸਥਾਰ ਪਹਿਲਾਂ ਕਰ ਚੁੱਕਾ ਹਾਂ। ਦੁਨਿਆਵੀ ਜੀਵਨ ਨੂੰ ਵਿਅਰਥ ਕਹਿੰਦਿਆਂ ਹੋਇਆਂ ਪੂਰੀ ਤੀਬਰਤਾ ਨਾਲ ਜਿਊਣ ਵਾਲੇ ਮਨੁੱਖ ਨੂੰ ਹਉਂਹੀਣਤਾ ਅਤੇ ਨਿਮ੍ਰਤਾ ਦਾ ਨਾਟਕ ਕਰਨਾ ਵੀ ਆਉਂਦਾ ਹੈ। ਨਾਟਕ ਹੁੰਦਾ ਆ ਰਿਹਾ ਹੈ; ਹੋਈ ਜਾ ਰਿਹਾ ਹੈ। ਰੱਬ ਦਾ ਚਹੇਤਾ, ਮੁਕਤੀ ਦਾ ਅਧਿਕਾਰੀ, ਮਨੁੱਖ, ਰੂਹ ਹੀਣ, ਰੱਬ ਹੱਣ ਕਾਇਨਾਤ ਦੇ ਕੇਂਦਰ ਵਿੱਚ ਬਿਰਾਜਮਾਨ ਹੈ। ਰੱਬ ਅਤੇ ਉਸ ਦੀ ਕਾਇਨਾਤ ਇਸ ਸ੍ਰੇਸ਼ਟ ਪਸ਼ੂ ਦੀ ਪੂਜਾ ਕਰਦੇ ਆ ਰਹੇ ਹਨ। ਪਰੰਤੂ ਇਸ ਸ੍ਰੇਸ਼ਟਤਾ ਦੀ ਆਯੂ ਮੁੱਕਣ ਵਾਲੀ ਹੈ । ਵਿਗਿਆਨ ਨੇ ਇਹ ਦੱਸਿਆ ਹੈ ਕਿ ਧਰਤੀ ਕਾਇਨਾਤ ਦਾ ਕੇਂਦਰ ਨਹੀਂ; ਇਹ ਸੂਰਜੀ ਪਰਿਵਾਰ ਦਾ ਕੇਂਦਰ ਵੀ ਨਹੀਂ। ਇਸ ਲਈ ਮਨੁੱਖ ਸ੍ਰਿਸ਼ਟੀ ਦੇ ਕੇਂਦਰ ਵਿੱਚ ਨਹੀਂ। ਇਹ ਧਰਤੀ, ਇਹ ਸੂਰਜੀ ਪਰਿਵਾਰ ਅਤੇ ਇਹ ਆਕਾਸ਼ ਗੰਗਾ ਜਿਸ ਵਿੱਚ ਕਰੋੜਾਂ ਸੂਰਜੀ ਪਰਿਵਾਰ ਹਨ, ਸਾਰੀ ਕਾਇਨਾਤ ਦਾ ਇੱਕ ਨਿਗੁਣਾ ਜਿਹਾ ਹਿੱਸਾ ਹੈ। ਬਹੁਤ ਛੋਟੀ ਹੈ ਇਹ ਧਰਤੀ ਇਸ ਸ੍ਰਿਸ਼ਟੀ ਦੇ ਟਾਕਰੇ ਵਿੱਚ ਬਹੁਤ ਛੋਟਾ ਹੈ ਆਦਮੀ ਧਰਤੀ ਦੇ ਟਾਕਰੇ ਵਿੱਚ।
ਵਿਗਿਆਨ ਨੇ ਆਦਮੀ ਨੂੰ ਦੱਸਿਆ ਹੈ—(1) ਤੂੰ ਕਿਸੇ ਰੱਬ ਦਾ, ਉਸ ਦੇ ਆਪਣੇ ਰੂਪ ਵਿੱਚ ਬਣਾਇਆ ਹੋਇਆ ਨਹੀਂ; (2) ਤੂੰ ਪਸ਼ੂਆਂ ਵਿੱਚੋਂ ਵਿਕਸਿਆ ਹੈਂ; (3) ਤੇਰੇ ਜੀਵਨ ਦਾ ਕੋਈ ਉਚੇਚਾ ਰੱਬੀ ਮਨੋਰਥ ਨਹੀਂ: (4) ਸ੍ਰਿਸ਼ਟੀ ਦੀ ਹਰ ਰਚਨਾ ਦਾ ਦੁਨਿਆਵੀ ਮਨੋਰਥ ਹੈ; ਜਿਵੇਂ ਹਰ ਪੱਤੇ ਦੀ ਬਨਾਵਟ ਕੋਈ ਮਨੋਰਥ ਪੂਰਾ ਕਰਦੀ ਹੈ; (5) ਇਵੇਂ ਹੀ ਤੇਰੇ ਮਨੋਰਥ ਦੁਨਿਆਵੀ ਹਨ; ਬਾਕੀ ਜੀਵ ਜੰਤੂ ਤੇਰੇ ਸੇਵਕ ਨਹੀਂ, ਸਹਿਯੋਗੀ ਹਨ, ਤੂੰ ਪਸ਼ੂਆਂ ਵਰਗਾ ਪਸ਼ੂ ਹੈਂ; (6) ਜਿਸ ਨੂੰ ਤੂੰ ਸ੍ਰੇਸ਼ਟਤਾ ਸਮਝਦਾ ਹੈ, ਉਹ ਅਸਲ ਵਿੱਚ ਗੁਨਾਹ ਕਰਨ ਅਤੇ ਆਪਣੇ ਗੁਨਾਹਾਂ ਉੱਤੇ ਪਰਦੇ ਪਾਉਣ ਦੀ ਅਕਲੀ ਯੋਗਤਾ ਹੈ।
ਇਹ ਠੀਕ ਹੈ ਕਿ ਵਿਗਿਆਨ ਨੇ ਮਨੁੱਖ ਵਿਚਲੀ ਪੁਰਾਣੀ ਪਾਸ਼ਵਿਕਤਾ ਦੀ ਪਿੱਠ ਵੀ ਠੋਕੀ ਹੈ। ਹਰ ਗਿਆਨ ਇੱਕ ਪ੍ਰਕਾਰ ਦੀ ਸ਼ਕਤੀ ਹੈ। ਮਨੁੱਖ ਆਪਣੇ ਪੁਰਾਣੇ ਵਿਸ਼ਵਾਸਾ ਦੀ ਵਰਤੋਂ ਕਰਨ ਦਾ ਦੋਸ਼ੀ ਹੈ; ਪਰ ਇਹ ਦੋਸ਼ ਵਿਗਿਆਨ