ਦਾ ਨਹੀਂ; ਮਨੁੱਖ ਦਾ ਹੈ; ਸੁਹਿਰਦਤਾ ਦੀ ਘਾਟ ਦਾ ਹੈ। ਵਿਗਿਆਨ ਦੀ ਸਹਾਇਤਾ ਨਾਲ ਸੁਹਿਰਦਤਾ ਵਿੱਚ ਹੋਣ ਵਾਲਾ ਵਾਧਾ ਸਿਆਣਪ ਅਤੇ ਸੁਹਿਰਦਤਾ ਦੇ ਸੁਮੇਲ ਵਿੱਚੋਂ ਸਦਾਚਾਰ ਦੀ ਸੁੰਦਰਤਾ ਪੈਦਾ ਕਰੇਗਾ ਅਤੇ ਰੂਹਾਨੀ ਸ੍ਰੇਸ਼ਟਤਾ ਦਾ ਖ਼ਿਆਲ ਇਸ ਵਿਕਾਸ ਦਾ ਰਾਹ ਰੋਕਣ ਦੀ ਜ਼ਿਦ ਕਰਨੇਂ ਹੱਟਦਾ ਜਾਵੇਗਾ, ਇਹ ਅਜੋਕੇ ਵਿਚਾਰਵਾਨਾਂ ਦਾ ਅਨੁਮਾਨ ਹੈ। ਪੱਛਮੀ ਸਾਇੰਸੀ-ਸਨਅਤੀ ਸਮਾਜਾਂ ਵਿੱਚ ਸ੍ਰੇਸ਼ਟਤਾ ਨੂੰ ਰੂਹਾਨੀ ਨਾ ਮੰਨ ਕੇ ਸਮਾਜਕ ਲੋੜ ਲਈ ਉਪਜਾਈ ਹੋਈ ਸਤਹੀ ਜਾਂ ਓਪਰੀ ਵਸਤੂ ਮੰਨਿਆ ਜਾਂਦਾ ਹੈ । ਇਸ ਸਤਹੀ ਸ੍ਰੇਸ਼ਟਤਾ ਦੇ ਧੁਰ ਹੇਠਲੇ ਮਨੁੱਖ ਬਰਾਬਰ ਹਨ-ਮਨੁੱਖੀ ਸਤਿਕਾਰ ਦੀ ਦ੍ਰਿਸ਼ਟੀ ਤੋਂ, ਆਪਣੇ ਜੀਣ-ਬੀਣ ਦੇ ਅਧਿਕਾਰ ਦੀ ਦ੍ਰਿਸ਼ਟੀ ਤੋਂ, ਅਤੇ ਕਾਨੂੰਨ ਦੀ ਦ੍ਰਿਸ਼ਟੀ ਵਿੱਚ । ਉਨ੍ਹਾਂ ਦੀ ਕਾਰੋਬਾਰੀ ਸਤਹੀ ਸ੍ਰੇਸ਼ਟਤਾ ਮਨੁੱਖੀ ਰਿਸ਼ਤਿਆਂ ਉੱਤੇ ਭਾਰੂ ਨਹੀਂ ਹੁੰਦੀ । ਪੱਛਮੀ ਜਨ-ਸਾਧਾਰਣ ਵਿੱਚ ਸੁਹਿਰਦਤਾ ਦਾ ਵਿਕਾਸ ਹੋ ਰਿਹਾ ਹੈ। ਇਸ ਗੱਲ ਦਾ ਪਤਾ ਇਨ੍ਹਾਂ ਸਮਾਜਾਂ ਵਿੱਚ ਵਿਚਰ ਕੇ ਲੱਗਦਾ ਹੈ; ਪੜ੍ਹੇ ਸੁਣੇ ਉੱਤੇ ਯਕੀਨ ਕਰਨਾ ਜ਼ਰਾ ਮੁਸ਼ਕਿਲ ਹੈ।