ਸਾਇੰਸ, ਸੱਤਾ ਅਤੇ ਸਿਆਸਤ
ਪੁਰਾਤਨ ਯੂਨਾਨੀ ਵਿਚਾਰਵਾਨਾਂ ਵਿੱਚ ਕੁਝ ਕੁ ਅਜਿਹੇ ਹੋਏ ਹਨ, ਜਿਨ੍ਹਾਂ ਨੇ ਅਣਜਾਣੇ ਹੀ ਆਧੁਨਿਕ ਵਿਗਿਆਨ ਦੀ ਨੀਂਹ ਰੱਖਣ ਦਾ ਕੰਮ ਕੀਤਾ ਹੈ। ਇਹ ਕਹਿ ਸਕਦੇ ਹਾਂ ਕਿ ਬੇਲੀਜ਼ ਦਾ ਇਹ ਕਥਨ ਕਿ 'ਸਭ ਚੀਜ਼ਾਂ ਪਾਣੀ ਤੋਂ ਬਣੀਆਂ ਹਨ, ਇੱਕ ਪ੍ਰਕਾਰ ਦਾ ਵਿਗਿਆਨਕ ਕਥਨ ਹੈ; ਅਤੇ ਇਹ ਵੀ ਕਿ ਛੇਵੀਂ ਸਦੀ ਪੂ: ਈ: ਦੇ ਅਨੈਕਸੀਮੈਂਡਰ ਦਾ ਇਹ ਖ਼ਿਆਲ ਕਿ 'ਸਾਡੀ ਦੁਨੀਆ ਕਈਆਂ ਵਿੱਚੋਂ ਇੱਕ ਹੈ,' ਸ੍ਰਿਸ਼ਟੀ ਅਤੇ ਬ੍ਰਹਿਮੰਡ ਬਾਰੇ ਆਖੀ ਹੋਈ ਵੱਡੀ ਵਿਗਿਆਨਕ ਸੱਚਾਈ ਹੈ। ਪੰਜਵੀਂ ਸਦੀ ਪੂਰਬ ਈਸਵੀ ਦੇ ਐਮਪੀਡਕਲੀਜ਼ ਨੇ ਕਿਹਾ ਸੀ ਕਿ ਹਰ ਬਰਤਨ ਵਿੱਚ ਹਵਾ ਹੁੰਦੀ ਹੈ; ਜਿੰਨਾ ਚਿਰ ਇਹ ਹਵਾ ਉਸ ਵਿੱਚੋਂ ਬਾਹਰ ਨਾ ਨਿਕਲੇ, ਪਾਣੀ ਜਾਂ ਕੋਈ ਹੋਰ ਚੀਜ਼ ਉਸ ਬਰਤਨ ਵਿੱਚ ਪਾਈ ਨਹੀਂ ਜਾ ਸਕਦੀ। ਇਸ ਦਾ ਭਾਵ ਇਹ ਹੈ ਕਿ ਪੁਰਾਤਨ ਯੂਨਾਨੀ ਵਿਚਾਰਵਾਨ ਆਪਣੇ ਸਾਹਮਣੇ ਪਸਰੇ ਹੋਏ ਭੌਤਿਕ ਸੰਸਾਰ ਨੂੰ ਧਿਆਨ ਨਾਲ ਵੇਖਦੇ ਸਨ ਅਤੇ ਇਸ ਦੇ ਵਰਤਾਰਿਆਂ ਦੀ ਛਾਣ-ਬੀਣ ਦੀ ਰੁਚੀ ਰੱਖਦੇ ਸਨ। ਇਸੇ ਰੁਚੀ ਨੂੰ ਵਿਗਿਆਨਕ ਰੁਚੀ ਆਖਿਆ ਜਾਂਦਾ ਹੈ। ਇਸੇ ਨੇ ਨਿਰੀਖਣ ਅਤੇ ਪ੍ਰਯੋਗ ਦੇ ਸਹਾਰੇ ਸਾਇੰਸ ਜਾਂ ਵਿਗਿਆਨ ਨੂੰ ਜਨਮ ਦਿੱਤਾ ਹੈ।
ਅੱਜ ਅਸੀਂ ਵੇਖਦੇ ਹਾਂ ਕਿ ਸਾਇੰਸ ਦੀ ਉਪਜਾਈ ਹੋਈ ਸੋਚ ਨੇ ਇਲਹਾਮਾਂ, ਆਕਾਸ਼- ਵਾਣੀਆਂ, ਵਹਿਮਾਂ, ਬੇ-ਬੁਨਿਆਦ ਵਿਸ਼ਵਾਸਾਂ ਅਤੇ ਬੇਲੋੜੀਆਂ ਰਵਾਇਤਾਂ ਬਾਰੇ ਮੋੜਵੀਂ ਝਾਤੀ ਪਾਉਣ ਲਈ ਮਜਬੂਰ ਕਰ ਦਿੱਤਾ ਹੈ। ਇਸ ਦੇ ਨਾਲ ਨਾਲ ਸਾਇੰਸ ਦੇ ਸਹਾਰੇ ਉਪਜੀ ਹੋਈ ਤਕਨੀਕ ਨੇ ਮਨੁੱਖ ਦੇ ਬਾਰੇ ਅਤੇ ਗੁੰਝਲਦਾਰ ਕੰਮਾਂ ਨੂੰ ਸੌਖੇ ਬਣਾ ਦਿੱਤਾ ਹੈ। ਪੁਰਾਤਨ ਸਮੇਂ ਦੇ ਯੂਨਾਨੀ ਵਿਚਾਰਵਾਨ ਭੌਤਿਕ ਜਗਤ ਬਾਰੇ ਜਾਣਨ ਦੀ ਜਿੰਨੀ ਰੀਝ ਰੱਖਦੇ ਸਨ, ਓਨੀ ਦਿਲਚਸਪੀ ਵਿਗਿਆਨ ਦੇ ਤਕਨੀਕੀ ਪੱਖ ਬਾਰੇ ਨਹੀਂ ਸਨ ਲੈਂਦੇ। ਇਸ ਦਾ ਕਾਰਨ ਇਹ ਸੀ ਕਿ 'ਕੰਮ' ਨੂੰ ਉਹ ਲੋਕ ਬਹੁਤਾ ਮਹੱਤਵ ਨਹੀਂ ਸਨ ਦਿੰਦੇ। ਉਨ੍ਹਾਂ ਲਈ 'ਕੰਮ' ਕਰਨਾ ਇੱਕ ਪ੍ਰਕਾਰ ਦੀ ਸ਼ਰਮਿੰਦਗੀ ਸੀ। ਯੂਨਾਨੀ ਅਤੇ ਰੋਮਨ ਨਾਗਰਿਕ ਕੋਈ ਕੰਮ ਨਹੀਂ ਸਨ ਕਰਦੇ। ਉਨ੍ਹਾਂ ਦਾ ਕੰਮ ਸੀ ਲੜਨਾ ਅਤੇ ਸਰਕਾਰ ਦੇ ਕੰਮਾਂ ਵਿੱਚ ਹਿੱਸਾ ਲੈਣਾ, ਭਾਵ, ਰਾਜ ਕਰਨਾ। ਉਨ੍ਹਾਂ ਦੀ ਉਪਜੀਵਕਾ ਲਈ ਖੇਤੀ ਆਦਿਕ ਕਰਨ ਦਾ ਕੰਮ ਗੁਲਾਮਾਂ ਦਾ ਸੀ। ਕੋਈ ਵਿਚਾਰਵਾਨ ਗੁਲਾਮਾਂ ਦੇ ਕੰਮ ਨੂੰ ਸੌਖਾ ਬਣਾਉਣ ਦੀਆਂ ਸਕੀਮਾਂ ਕਿਉਂ ਸੱਚੇ ? ਯੂਨਾਨੀ ਵਿਚਾਰਵਾਨ (ਮੇਰਾ ਖਿਆਲ ਹੈ ਕਿ ਪੁਰਾਤਨ ਸਮੇਂ ਦੇ ਭਾਰਤੀ ਆਦਿਕ ਸਾਰੇ ਵਿਚਾਰਵਾਨ) 'ਗਿਆਨ' ਵਿੱਚ ਜਾਂ 'ਜਾਟਨ' ਵਿੱਚ ਦਿਲਚਸਪੀ ਰੱਖਦੇ ਸਨ; ਕੰਮ ਵਿੱਚ ਨਹੀਂ। ਕੰਮ ਨੂੰ ਮਨੁੱਖੀ ਸੋਚ ਦਾ ਸਤਿਕਾਰਯੋਗ ਵਿਸ਼ਾ ਸਾਇੰਸ ਨੇ ਬਣਾਇਆ ਹੈ ਅਤੇ ਬਣਾ ਰਹੀ ਹੈ। ਗੀਤਾ ਵਿਚਲਾ ਕਰਮਯੋਗ 'ਕੰਮ' ਦੇ ਸਤਿਕਾਰ ਦੀ ਦਲੀਲ ਨਹੀਂ। ਇਥੇ ਫਲ ਦੀ ਇੱਛਾ ਨਾਲ ਕੀਤੇ ਹੋਏ ਕੰਮ ਨੂੰ 'ਬੰਧਨ' ਆਖਿਆ ਗਿਆ ਹੈ। ਕੰਮ ਦੇ ਫਲ ਉੱਤੇ ਆਪਣਾ ਕੋਈ ਅਧਿਕਾਰ ਬਿਨਾਂ ਕੰਮ ਕਰਨ ਦੀ ਆਸ ਕੇਵਲ ਦਾਸਾਂ ਕੋਲੋਂ ਕੀਤੀ ਜਾ ਸਕਦੀ ਹੈ।