ਸਾਇੰਸ ਅਤੇ ਸਦਭਾਵਨਾ
ਮਨੁੱਪ ਦੇ ਸਾਰੇ ਸੁੰਦਰ ਰਿਸ਼ਤਿਆਂ ਦੇ ਤਿੰਨ ਮਾਨਸਿਕ ਆਧਾਰ ਹਨ-1. ਪਿਆਰ, 2. ਸਹਾਨੁਭੂਤੀ ਅਤੇ 3. ਸਦਭਾਵਨਾ। ਪਿਆਰ, ਪ੍ਰਵ੍ਰਿਤੀ ਅਤੇ ਭਾਵੁਕਤਾ ਦਾ ਸੂਖਮ ਸੁਮੇਲ ਹੈ। ਇਸ ਤੋਂ ਦੋਸਤੀਆਂ, ਸ਼ਾਦੀਆਂ ਅਤੇ ਪਰਿਵਾਰਕ ਸੰਬੰਧ ਪੈਦਾ ਹੁੰਦੇ ਹਨ। ਇਨ੍ਹਾਂ ਸੰਬੰਧਾਂ ਦਾ ਘੇਰਾ ਬਹੁਤਾ ਵਿਸ਼ਾਲ ਨਹੀਂ ਹੁੰਦਾ। ਪਰਿਵਾਰਕ ਰਿਸ਼ਤੇ ਤਾਂ ਹੁੰਦੇ ਹੀ ਪਰਿਵਾਰਕ ਹਨ। ਪਰ ਦੋਸਤਾਂ ਦੀ ਲਿਸਟ ਵੀ ਬਹੁਤੀ ਲੰਮੀ ਨਹੀਂ ਕੀਤੀ ਜਾ ਸਕਦੀ। ਪਿਆਰ ਉੱਤੇ ਆਧਾਰਿਤ ਮਨੁੱਖੀ ਰਿਸ਼ਤਿਆਂ ਵਿੱਚ ਕੇਵਲ ਮਿੱਤ੍ਰਤਾ ਹੀ ਪੱਕਾ ਅਤੇ ਸੁਖਦਾਇਕ ਰਿਸ਼ਤਾ ਹੈ। ਪਰਿਵਾਰਕ ਰਿਸ਼ਤੇ ਪਿਆਰ ਤੋਂ ਪਹਿਲਾਂ ਪ੍ਰਵ੍ਰਿਤੀ ਮੁਲਕ ਹੁੰਦੇ ਹਨ। ਮਨੁੱਖ ਦੀ ਵੱਖ ਵੱਖ ਉਮਰੋ ਵੱਖ-ਵੱਖ ਪ੍ਰਵ੍ਰਿਤੀਆਂ ਭਾਰੂ ਹੁੰਦੀਆਂ ਰਹਿੰਦੀਆਂ ਹਨ ਅਤੇ ਪਹਿਲਾਂ ਬਣੇ ਰਿਸ਼ਤਿਆਂ ਨੂੰ ਡਾਵਾਂਡੋਲ ਕਰ ਦਿੰਦੀਆਂ ਹਨ। ਮਮਤਾ ਦੀ ਠੰਢੀ ਮਿੱਠੀ ਪ੍ਰਭਾਤੀ ਪੌਣ ਵਿੱਚ ਮੌਲਣ-ਮਹਿਕਣ ਵਾਲੇ ਰਿਸ਼ਤੇ ਕਾਮ ਦੀ ਦੁਪਹਿਰੇ ਕੁਮਲਾਅ ਜਾਂਦੇ ਹਨ। ਇਨ੍ਹਾਂ ਰਿਸ਼ਤਿਆਂ ਦੀ ਟੁੱਟ-ਭੱਜ ਬਹੁਤ ਦੁਖਦਾਇਕ ਹੁੰਦੀ ਹੈ, ਜਿਸ ਦਾ ਮੂਲ ਕਾਰਨ ਅਧਿਕਾਰ-ਚੇਤਨਾ ਹੁੰਦਾ ਹੈ। ਅਧਿਕਾਰ-ਚੇਤਨਾ ਦੀ ਕਠੋਰਤਾ ਨੂੰ ਮਿੱਤ੍ਰ-ਭਾਵਨਾ ਦੀ ਮਿਠਾਸ ਵਿੱਚ ਬਦਲੇ ਬਿਨਾਂ ਪਰਿਵਾਰਕ (ਜਾਂ ਖੂਨ ਦੇ) ਰਿਸ਼ਤੇ ਦੁਖਦਾਈ ਹੋਣੋਂ ਹਟਾਏ ਨਹੀਂ ਜਾ ਸਕਦੇ; ਪਰ ਇਹ ਕੰਮ ਜ਼ਰਾ ਮੁਸ਼ਕਿਲ ਹੈ।
ਸਹਾਨੁਭੂਤੀ ਦਾ ਘੇਰਾ ਪਿਆਰ ਦੇ ਘੇਰੇ ਨਾਲੋਂ ਮੋਕਲਾ ਹੈ। 'ਅਨੁਭਵ' ਜਾਂ 'ਦੁਖ-ਸੁਖ ਦੇ ਅਹਿਸਾਸ' ਦੀ ਸਾਂਝ ਨੂੰ ਸਹਾਨੁਭੂਤੀ ਜਾਂ ਹਮਦਰਦੀ ਆਖਿਆ ਜਾਂਦਾ ਹੈ। ਓਪਰੀ ਨਜ਼ਰੇ ਵੇਖਿਆਂ ਇਉਂ ਲੱਗਦਾ ਹੈ ਕਿ ਅਨੁਭਵ ਦੀ ਸਾਂਝ ਦੀ ਕੋਈ ਸੀਮਾ ਨਹੀਂ, ਇਸ ਲਈ ਸਹਾਨੁਭੂਤੀ ਦਾ ਭਾਵ ਵੀ ਅਸੀਮ ਹੈ। ਇਹ ਖ਼ਿਆਲ ਅਸਲੀਅਤ ਤੋਂ ਬਹੁਤ ਦੂਰ ਹੈ। ਮਨੁੱਖਾਂ ਵਿੱਚ ਭਾਵਾਂ ਅਤੇ ਪ੍ਰਵ੍ਰਿਤੀਆਂ ਦੀ ਸਾਂਝ ਦਾ ਇਹ ਭਾਵ ਨਹੀਂ ਕਿ ਉਨ੍ਹਾਂ ਵਿੱਚ ਅਨੁਭਵ ਦੀ ਸਾਂਝ ਵੀ ਓਨੀ ਹੀ ਵਿਆਪਕ ਹੈ। ਸਾਡੇ ਭਾਵ ਅਤੇ ਪ੍ਰਵ੍ਰਿਤੀਆਂ ਪਸ਼ੂਆਂ ਨਾਲ ਵੀ ਸਾਂਝੇ ਹਨ: ਪਰੰਤੂ ਸਾਡਾ ਅਨੁਭਵ ਉਨ੍ਹਾਂ ਨਾਲ ਸਾਂਝਾ ਨਹੀਂ। ਅਨੁਭਵ ਦੀ ਸਾਂਝ ਤਾਂ ਬੱਚਿਆਂ ਅਤੇ ਮਾਪਿਆ ਵਿੱਚ ਵੀ ਨਹੀਂ ਹੁੰਦੀ। ਇਸੇ ਸਾਂਝ ਦੀ ਅਣਹੋਂਦ ਜਾਂ ਘਾਟ ਨੂੰ ਵਿਦਵਾਨਾਂ ਨੇ 'ਪੀੜ੍ਹੀ-ਪਾੜੇ' ਦਾ ਨਾਂ ਦੇ ਰੱਖਿਆ ਹੈ। ਉਮਰ, ਵਿੱਦਿਆ ,ਕਾਰੋਬਾਰ, ਦੇਸ਼, ਧਰਮ ਅਤੇ ਨਾ ਜਾਣੀਏ ਕਿੰਨੇ ਹੋਰ ਕਾਰਨ ਹਨ, ਜਿਨ੍ਹਾਂ ਕਰਕੇ ਮਨੁੱਖਾਂ ਦੇ ਅਨੁਭਵ ਵਿੱਚ ਵਖੇਵਾਂ ਹੈ। ਇੱਕ ਮਜ਼ਦੂਰ ਦਾ ਅਨੁਭਵ ਇੱਕ ਅਧਿਆਪਕ ਨਾਲੋਂ ਵੱਖਰਾ ਹੈ ਅਤੇ ਇੱਕ ਖੇਤ ਮਜ਼ਦੂਰ ਦਾ ਅਨੁਭਵ ਕਾਰਖ਼ਾਨੇ ਦੇ ਮਜ਼ਦੂਰ ਦੇ ਅਨੁਭਵ ਨਾਲ ਮੇਲ ਨਹੀਂ ਖਾ ਸਕਦਾ। ਸਾਨੂੰ ਸਾਰਿਆਂ ਨੂੰ ਪੀੜ ਦਾ ਅਹਿਸਾਸ ਅਤੇ ਅਨੁਭਵ ਹੈ, ਤਾਂ ਵੀ ਕਿਸੇ ਅਪਰਾਧੀ ਨੂੰ ਪੀੜਤ ਵੇਖ ਕੇ ਉਸ ਦੀ ਪੀੜ ਨੂੰ ਅਸੀਂ ਮਹਿਸੂਸ ਨਹੀਂ ਕਰਦੇ; ਜਾਂ ਉਸ ਦੇ ਦੁੱਖ ਨਾਲ ਦੁਖੀ ਨਹੀਂ ਹੁੰਦੇ; ਜਾਂ ਉਸ ਨਾਲ ਸਹਾਨੁਭੂਤੀ