(ਹਮਦਰਦੀ) ਨਹੀਂ ਰੱਖਦੇ। ਕੇਵਲ ਇਸ ਲਈ ਨਹੀਂ ਕਿ ਉਹ ਦੋਸ਼ੀ ਹੈ; ਇਸ ਦਾ ਕਾਰਨ ਕੋਈ ਹੋਰ ਹੋਵੇਗਾ ਕਿਉਂਕਿ ਮੌਤ ਤੋਂ ਡਰਦਿਆਂ ਹੋਇਆਂ ਵੀ ਅਸੀਂ ਉਸ ਪਸੂ ਦੇ ਡਰ ਦੇ ਅਹਿਸਾਸ ਤੋਂ ਸੱਖਣੇ ਹੁੰਦੇ ਹਾਂ, ਜਿਹੜਾ ਸਾਡੇ ਭੋਜਨ ਦਾ ਹਿੱਸਾ ਬਣਾਉਣ ਲਈ ਮਾਰਿਆ ਜਾ ਰਿਹਾ ਹੁੰਦਾ ਹੈ। ਉਹ ਪਸ਼ੂ ਦੋਸ਼ੀ ਨਹੀਂ ਹੁੰਦਾ ਜਾਂ ਉਸ ਦਾ ਦੋਸ਼ ਕੇਵਲ ਪਸ਼ੂ ਹੋਣਾ ਹੁੰਦਾ ਹੈ।
ਸਹਾਨੁਭੂਤੀ ਵਿੱਚੋਂ ਦੋ ਪ੍ਰਕਾਰ ਦੇ ਸੰਬੰਧ ਜਨਮ ਲੈ ਸਕਦੇ ਹਨ। ਜਦੋਂ ਕਦੇ ਕੋਈ ਦੋ ਜਾਂ ਦੋ ਤੋਂ ਵੱਧ ਆਦਮੀ ਇੱਕ ਜਿਹੀ ਪਰਿਸਥਿਤੀ ਵਿੱਚ ਇੱਕੋ ਜਿਹੀ ਔਖ-ਸੌਖ ਦਾ ਅਨੁਭਵ ਕਰ ਰਹੇ ਹੋਣ, ਉਦੋਂ ਉਨ੍ਹਾਂ ਵਿੱਚ ਵਕਤੀ ਸਾਂਝ ਜਾਂ ਲੰਮੇਰੀ ਮਿੱਤ੍ਰਤਾ ਦਾ ਸੰਬੰਧ ਸਥਾਪਤ ਹੋ ਸਕਦਾ ਹੈ। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਉੱਤੇ ਟਿਕਟਾਂ ਵਾਲੀ ਖਿੜਕੀ ਸਾਹਮਣੇ ਲੱਗੀ ਹੋਈ ਲੰਮੀ ਲਾਈਨ ਵਿੱਚ, ਆਪੋ-ਆਪਣਾ ਸਾਮਾਨ ਚੁੱਕ ਕੇ ਖੜੇ ਹੋਣ ਦੀ ਮਜਬੂਰੀ ਦੇ ਅਨੁਭਵੀ ਦੋ ਮੁਸਾਫ਼ਰਾਂ ਵਿੱਚ ਇਹ ਸੰਬੰਧ ਪੈਦਾ ਹੋ ਸਕਦਾ ਹੈ ਕਿ ਇੱਕ ਦੋਹਾਂ ਦੇ ਸਾਮਾਨ ਦੀ ਰਾਖੀ ਕਰੋ ਅਤੇ ਦੂਜਾ ਲਾਈਨ ਵਿੱਚ ਲੱਗ ਕੇ ਦੋਹਾਂ ਲਈ ਦੋ ਟਿਕਟਾਂ ਖ਼ਰੀਦ ਲਿਆਵੇ। ਇਹ ਸੰਬੰਧ ਜੇ ਉਮਰ ਜਿੰਨੀ ਲੰਮੀ ਮਿੱਤ੍ਰਤਾ ਨਾ ਵੀ ਬਣੇ ਤਾਂ ਵੀ ਬੰਬਈ (ਜਾਂ ਕਲਕੱਤੇ) ਤਕ ਦੇ ਸਫ਼ਰ ਨੂੰ ਸੁਖਾਵਾਂ ਬਣਾਉਣ ਦਾ ਸਾਧਨ ਸਿੱਧ ਹੋ ਸਕਦਾ ਹੈ।
ਕਿਸੇ ਆਦਮੀ ਨੂੰ ਕਿਸੇ ਦੁਖਦਾਈ ਪਰਿਸਥਿਤੀ ਵਿੱਚ ਵੇਖ ਕੇ ਸਾਨੂੰ ਖਿਆਲ ਆਉਂਦਾ ਹੈ ਕਿ ਅਸੀਂ ਵੀ ਕਿਸੇ ਵੇਲੇ ਇਸ ਪ੍ਰਕਾਰ ਦੀ ਪਰਿਸਥਿਤੀ ਵਿੱਚ ਹੋ ਸਕਦੇ ਹਾਂ। ਇਸ ਖ਼ਿਆਲ ਨਾਲ ਸਾਡੇ ਮਨ ਵਿੱਚ ਡਰ ਉਪਜਦਾ ਹੈ ਅਤੇ ਅਸੀਂ ਉਸ ਆਦਮੀ ਉੱਤੇ ਤਰਸ ਕਰਦੇ ਹਾਂ। 'ਤਰਸ' ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ—ਡਰ। ਤਰਸ ਕਰਨ ਦਾ ਭਾਵ ਹੈ ਆਪਣੇ ਕਿਸੇ ਡਰ ਦੀ ਕਲਪਨਾ ਕਰਕੇ ਦਇਆ ਦਾ ਵਤੀਰਾ ਅਪਣਾਉਣਾ। ਇੱਕ ਕਹਾਣੀ ਹੈ ਕਿ ਇੱਕ ਪੁੱਤਰ ਆਪਣੇ ਪਿਤਾ ਦੇ ਬੁਢਾਪੇ ਅਤੇ ਬੀਮਾਰੀ ਤੋਂ ਤੰਗ ਆ ਗਿਆ। ਉਸ ਨੇ ਬੁੱਢੇ, ਬੀਮਾਰ ਪਿਤਾ ਨੂੰ ਪਿੰਡ ਦੇ ਲਾਗੇ ਵਗਦੇ ਦਰਿਆ ਵਿੱਚ ਸੁੱਟ ਦੇਣ ਦਾ ਮਨ ਬਣਾ ਲਿਆ। ਪਿਤਾ ਨੂੰ ਕੰਧਾੜੇ ਚੁੱਕੀ ਕੰਢੇ ਉੱਤੇ ਖਲੋ ਕੇ ਜਦੋਂ ਉਹ ਸੁੱਟਣ ਲੱਗਾ ਤਾਂ ਪਿਤਾ ਨੇ ਆਖਿਆ, "ਪੁੱਤਰ, ਜ਼ਰਾ ਅਗੇਰੇ ਹੋ ਕੇ ਸੁੱਟ, ਤਾਂ ਜੁ ਲੇਖਾ ਬਰਾਬਰ ਹੋ ਜਾਵੇ।" ਪੁੱਤਰ ਨੇ ਪੁੱਛਿਆ, "ਭਾਈਆ, ਕਿਹੜੇ ਲੇਖੇ ਦੀ ਗੱਲ ਕਰਦਾ ਹੈ?" ਪਿਤਾ ਨੇ ਉੱਤਰ ਦਿੱਤਾ, "ਕਾਕਾ, ਮੈਂ ਤੇਰੇ ਬਾਬੇ ਨੂੰ ਜ਼ਰਾ ਡੂੰਘੇਰੇ ਪਾਣੀ ਵਿੱਚ ਸੁੱਟਿਆ ਸੀ।" ਇਹ ਉੱਤਰ ਸੁਣ ਕੇ ਪੁੱਤਰ ਨੂੰ ਖ਼ਿਆਲ ਆਇਆ ਕਿ ਉਸ ਨਾਲ ਵੀ ਇਉਂ ਹੋ ਸਕਦਾ ਹੈ; ਇਸ ਪਰੰਪਰਾ ਨੂੰ ਤੋੜ ਦੇਣਾ ਹੀ ਸੁਖਦਾਇਕ ਹੈ। ਉਹ ਪਿਤਾ ਨੂੰ ਕੰਧਾੜੇ ਚੁੱਕੀ ਘਰ ਵੱਲ ਮੁੜ ਪਿਆ।
ਇਸ ਕਹਾਣੀ ਵਿਚਲੇ ਪਿਤਾ-ਪੁੱਤਰ ਵਿੱਚ ਅਨੁਭਵ ਦੀ ਸਾਂਝ ਨਹੀਂ: ਸਾਂਝ ਦੀ ਸੰਭਾਵਨਾ ਹੈ ਜਿਸ ਨੂੰ ਪੁੱਤਰ ਨੇ ਸੰਭਵਤਾ ਮੰਨ ਲਿਆ ਹੈ ਅਤੇ ਇਉਂ ਮੰਨ ਲੈਣ ਕਰਕੇ ਡਰ ਗਿਆ ਹੈ ਅਤੇ ਡਰ ਕਾਰਨ ਚੰਗਾ ਵਤੀਰਾ ਅਪਣਾਇਆ ਹੈ। ਜਿਥੇ ਅਨੁਭਵ ਦੀ ਸਾਂਝ ਜਾਂ ਸਾਂਝ ਦੀ ਸੰਭਾਵਨਾ ਬਿਲਕੁਲ ਨਾ ਹੋਵੇ, ਉਥੇ ਇੱਕ ਧਿਰ ਵਲੋਂ ਅਪਣਾਇਆ ਹੋਇਆ ਚੰਗਾ ਵਤੀਰਾ ਦੋਸਤੀ, ਦਇਆ ਜਾਂ ਡਰ ਦੀ ਉਪਜ ਨਹੀਂ ਹੁੰਦਾ। ਟਾਟਾ ਜਾਂ ਬਿਰਲਾ ਕਿਸੇ ਭਿਖਾਰੀ ਦੇ ਅਨੁਭਵ ਨਾਲ ਕੋਈ ਸਾਂਝ ਨਹੀਂ ਰੱਖਦੇ ਕਿਸੇ ਸਾਂਝ ਦੀ ਸੰਭਾਵਨਾ ਵੀ ਨਹੀਂ। ਜੇ ਉਹ ਕਿਸੇ ਭਿਖਾਰੀ ਨੂੰ ਦਾਨ ਦਿੰਦੇ ਹਨ ਤਾਂ ਇਸ ਪਿੱਛੇ ਸਹਾਨੁਭੂਤੀ ਜਾਂ ਹਮਦਰਦੀ ਦਾ ਕੋਈ ਹੱਥ ਨਹੀਂ। ਜੇ ਉਹ ਹਉਮੈ ਤੋਂ ਪ੍ਰੇਰਿਤ ਹੋ ਕੇ ਅਹਿਸਾਨ ਨਹੀਂ ਕਰ ਰਹੇ ਤਾਂ ਇਸ ਵਤੀਰੇ ਪਿੱਛੇ ਸਦਭਾਵਨਾ ਕੰਮ ਕਰ ਰਹੀ ਹੈ। ਜਦੋਂ ਪੱਛਮੀ ਯੌਰਪ ਦੇ ਲੋਕ ਅਫ਼ਰੀਕਾ ਦੇ ਕਾਲ-ਪੀੜਤਾਂ ਦੀ ਸਹਾਇਤਾ ਦੇ ਪ੍ਰਬੰਧ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ।