ਵਸਨੀਕ ਕਿਸੇ ਦੂਜੇ ਪਿੰਡ ਚਲੇ ਜਾਂਦੇ ਹਨ ਅਤੇ ਆਪਣੀ ਰਾਮ-ਕਹਾਣੀ ਸੁਣਾਉਂਦੇ ਹਨ। ਉਸ ਪਿੰਡ ਦੇ ਲੋਕਾਂ ਦਾ ਇੱਕ ਗ੍ਰਾਮ-ਦੇਵਤਾ ਹੈ ਅਤੇ ਇੱਕ ਪੁਜਾਰੀ। ਪਿੰਡ ਦੇ ਲੋਕ ਇਨ੍ਹਾਂ ਸ਼ਰਣਾਗਤਾਂ ਦੀ ਦੁੱਖ-ਵਿਥਿਆ ਪਿੰਡ ਦੇ ਪ੍ਰੋਹਿਤ ਨੂੰ ਦੱਸ ਕੇ ਉਸ ਦਾ ਫੈਸਲਾ ਮੰਗਦੇ ਹਨ। ਉਹ ਕਹਿੰਦਾ ਹੈ ਕਿ ਇਨ੍ਹਾਂ ਮਛੇਰਿਆਂ ਦੀ ਤਬਾਹੀ ਦਾ ਕਾਰਨ ਦੇਵਤੇ ਦੀ ਨਾਰਾਜ਼ਗੀ ਹੈ, ਦੇਵਤੇ ਦੀ ਨਾਰਾਜ਼ਗੀ ਦਾ ਕਾਰਨ ਮਛੇਰਿਆਂ ਦੁਆਰਾ ਕੀਤੇ ਗਏ ਪਾਪ ਹਨ। ਇਨ੍ਹਾਂ ਪਾਪੀਆਂ ਦੀ ਸਹਾਇਤਾ ਕਰ ਕੇ ਦੇਵਤੇ ਦੀ ਨਾਰਾਜ਼ਗੀ ਨਹੀਂ ਸਹੇੜੀ ਜਾਣੀ ਚਾਹੀਦੀ। ਪ੍ਰੋਹਿਤ ਦਾ ਇਹ ਫੈਸਲਾ ਬਹੁਤ ਹੀ ਨਿਰਾਸ਼ਾ-ਜਨਕ ਅਤੇ ਅਣ-ਮਨੁੱਖੀ ਹੈ। ਅਸੀਂ ਇਹ ਮੰਨ ਲੈਂਦੇ ਹਾਂ ਕਿ ਪ੍ਰੋਹਿਤ ਦਾ ਫ਼ੈਸਲਾ ਇਸ ਪ੍ਰਕਾਰ ਹੈ-"ਦੇਵਤੇ ਦਾ ਆਦੇਸ਼ ਹੈ ਕਿ ਇਨ੍ਹਾਂ ਲੋਕਾਂ ਦੀ ਸਹਾਇਤਾ ਕੀਤੀ ਜਾਵੇ।" ਲੋਕ ਇਸ ਆਦੇਸ਼ ਨੂੰ ਮੰਨਦੇ ਹੋਏ ਮਛੇਰਿਆਂ ਦੀ ਸਹਾਇਤਾ ਕਰਦੇ ਹਨ। ਇਹ ਆਦੇਸ਼ ਪਾਲਣ ਦੀ ਮਜਬੂਰੀ ਹੈ: ਸਦਭਾਵਨਾ ਨਹੀਂ। ਇਸ ਆਦੇਸ਼ ਦੀ ਪਾਲਣਾ ਦੇ ਸਿੱਟੇ ਵਜੋਂ ਬਰਣਾਗਤਾਂ ਦੀ ਸਹਾਇਤਾ ਹੋ ਜਾਵੇਗੀ, ਪਰੰਤੂ ਪਿੰਡ ਦੇ ਵਸਨੀਕਾਂ ਅਤੇ ਸ਼ਰਣਾਗਤਾਂ ਵਿਚਕਾਰ ਸਦਭਾਵਨਾ ਦਾ ਸੰਬੰਧ ਸਥਾਪਿਤ ਨਹੀਂ ਹੋਵੇਗਾ; ਨੇੜ ਦੇ ਕਾਰਨ ਹਮਦਰਦੀ ਸ਼ਾਇਦ ਹੋ ਜਾਵੇ।
ਇਨ੍ਹਾਂ ਦ੍ਰਿਸ਼ਟਾਂਤਾਂ ਦੀ ਸਹਾਇਤਾ ਨਾਲ ਅਸੀਂ ਇਸ ਸਿੱਟੇ ਉੱਤੇ ਪੁੱਜਦੇ ਹਾਂ ਕਿ ਸਦਭਾਵਨਾ ਦੇ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਆਪਣੀ ਵਲਗਣ ਤੋਂ ਬਾਹਰਲੇ ਲੋਕਾਂ ਨਾਲ ਸਾਡਾ ਸੰਬੰਧ-ਸੰਪਰਕ ਹੋਵੇ। ਪਿਛਲੇ ਸਮੇਂ ਵਿੱਚ ਇਹ ਸੰਪਰਕ ਆਮ ਕਰਕੇ ਸੈਨਿਕ ਅਤੇ ਵਾਪਾਰਕ ਹੁੰਦਾ ਸੀ । ਸੈਨਿਕ ਸੰਪਰਕ ਸਦਭਾਵਨਾ ਦਾ ਪ੍ਰੇਰਕ ਨਹੀਂ ਹੋ ਸਕਦਾ । ਵਾਪਾਰ ਨੇ ਸਦਭਾਵਨਾ ਦੇ ਵਿਕਾਸ ਵਿੱਚ ਯਥਾ-ਸ਼ਕਤੀ ਹਿੱਸਾ ਪਾਇਆ ਹੈ। ਆਧੁਨਿਕ ਯੁਗ ਵਿੱਚ ਇਸ ਸੰਪਰਕ ਦੇ ਸਾਧਨ ਬਹੁਤ ਵਿਕਾਸ ਕਰ ਗਏ ਹਨ। ਵਿੱਦਿਆ, ਯਾਤਰਾ, ਵਾਪਾਰ, ਸਾਹਿਤ, ਸਿਨਮਾ, ਟੈਲੀਵਿਯਨ, ਡਾਕ, ਤਾਰ, ਰੇਡੀਓ, ਅਖ਼ਬਾਰ, ਟੈਲੀਫ਼ੋਨ, ਫੈਕਸ, ਈ-ਮੇਲ ਅਤੇ ਇੰਟਰਨੈੱਟ ਰਾਹੀਂ ਦੁਨੀਆ ਦੇ ਲੋਕਾਂ ਵਿੱਚ ਆਪਸੀ ਮੇਲ-ਜੋਲ ਬਹੁਤ ਵਧ ਗਿਆ ਹੈ।
ਇਸ ਸੰਬੰਧ ਵਿੱਚ ਦੂਜੀ ਲੋੜ ਇਹ ਹੈ ਕਿ ਆਪਸੀ ਸੰਬੰਧ ਸੰਪਰਕ ਦੇ ਨਤੀਜੇ ਵਜੋਂ ਉਪਜੀਆਂ ਪਰਿਸਥਿਤੀਆਂ ਸੰਬੰਧੀ ਫੈਸਲੇ ਕਰਨ ਵਾਲੀ ਸੋਚ ਕਿਸੇ ਅਸਮਾਨੀ ਹੁਕਮ ਦੀ ਦਬੇਲ ਨਾ ਹੋਵੇ। ਮਨੁੱਖੀ ਸੋਚ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਸੁਤੰਤਰਤਾ ਹੋਵੇ। ਹੁਕਮ ਦੇ ਰੂਪ ਵਿੱਚ ਠੋਸੇ ਗਏ ਫੈਸਲੇ ਜਿੰਨੇ ਮਰਜ਼ੀ ਚੰਗੇ ਹੋਣ, ਸਦਭਾਵਨਾ ਦਾ ਵਿਕਾਸ ਨਹੀਂ ਕਰਦੇ। ਅਸਮਾਨੋਂ ਆਏ ਹੁਕਮ ਦੀ ਪਾਲਣਾ ਕਰਨ ਵਾਲੇ ਕਈ ਮਜ਼ਹਬਾਂ ਦੇ ਕਈ ਪੈਗੰਬਰ ਓਨੀ ਸਦਭਾਵਨਾ ਪੈਦਾ ਨਹੀਂ ਕਰ ਸਕੇ, ਜਿੰਨੀ ਸਦਭਾਵਨਾ ਸਾਡੀ ਧਰਤੀ ਦੇ ਵਸਨੀਕ, ਗੌਤਮ ਬੁੱਧ ਨੇ, ਕਿਸੇ ਰੱਬ ਦੀ ਸਹਾਇਤਾ ਦੇ ਬਗੈਰ (ਸਹਾਇਤਾ ਦੇ ਬਗ਼ੈਰ ਹੀ ਕਿਉਂ ਸਗੋਂ ਵਿਰੋਧ ਦੇ ਬਾਵਜੂਦ) ਕੇਵਲ ਪੈਂਤੀ ਸਾਲਾਂ ਵਿੱਚ ਕਰ ਵਿਖਾਈ ਸੀ । ਉਦੋਂ ਦੁਨੀਆ ਏਨੀ ਛੋਟੀ ਨਹੀਂ ਸੀ, ਨਾ ਹੀ ਬੁੱਧ ਦੀ ਸੋਚ ਚਾਰਵਾਕ ਜਿੰਨੀ ਸੁਤੰਤਰ ਹੋ ਸਕਦੀ ਸੀ ਕਿਉਂਜੁ ਉਸ ਲਈ ਆਪਣੀ ਸੋਚ ਦੀ ਸੁਤੰਤਰਤਾ ਨਾਲੋਂ ਜਨ-ਸਾਧਾਰਣ ਦੀ ਖ਼ੁਸ਼ੀ ਵਧੇਰੇ ਮਹੱਤਵਪੂਰਨ ਸੀ। ਜਨ-ਸਾਧਾਰਣ ਨੂੰ ਨਾਲ ਲੈ ਕੇ ਤੁਰਨ ਦੇ ਖ਼ਿਆਲ ਨਾਲ ਉਸ ਨੂੰ ਅਜਿਹੇ ਵਿਸ਼ਵਾਸਾਂ ਦਾ ਸਹਾਰਾ ਲੈਣਾ ਪਿਆ, ਜਿਨ੍ਹਾਂ ਦੀ ਕਿਰਪਾ ਨਾਲ ਸੰਸਾਰ ਦੀ ਪਹਿਲੀ ਪਦਾਰਥਵਾਦੀ, ਉਪਯੋਗਿਤਾਵਾਦੀ,
_______________