ਮਨੋਵਿਗਿਆਨਕ ਅਤੇ ਵਿਗਿਆਨਕ ਸੋਚ, ਦੋ-ਤਿੰਨ ਸਦੀਆਂ ਦੀ ਸੁਤੰਤਰਤਾ ਭੋਗ ਕੇ ਪਾਖੰਡ, ਪੂਜਾ, ਪਰਲੋਕ ਅਤੇ ਕਰਮਕਾਂਡ ਦੇ ਪਿੰਜਰਿਆਂ ਵਿੱਚ ਕੈਦ ਹੋ ਗਈ।
ਵਰਤਮਾਨ ਯੁਗ ਬੁੱਧ ਦਾ ਯੁਗ ਨਹੀਂ, ਬੌਧਿਕਤਾ ਦਾ ਯੁਗ ਹੈ; ਕਰਤਾਰ ਦਾ ਨਹੀਂ, ਕਿਰਤ ਦਾ ਯੁਗ ਹੈ; ਵਿਅਕਤੀ ਦਾ ਨਹੀਂ, ਵਿਚਾਰ ਦਾ ਯੁਗ ਹੈ; ਪਰਸਨ (Person) ਦਾ ਨਹੀਂ, ਪ੍ਰਿੰਸੀਪਲ (Principle) ਦਾ ਯੁਗ ਹੈ। ਪਿਛਲੇ ਯੁਗ ਦੀਆਂ ਬੁਰਾਈਆਂ ਵੀ ਮੌਜੂਦ ਹਨ ਅਤੇ ਇਸ ਯੁਗ ਦੀਆਂ ਆਪਣੀਆਂ ਕਮਜ਼ੋਰੀਆਂ ਵੀ ਸਾਡੇ ਸਾਹਮਣੇ ਹਨ। ਇਹ ਠੀਕ ਹੈ ਕਿ ਜੰਗ ਦੀ ਪੁਰਾਣੀ ਬੁਰਾਈ ਨੂੰ, ਸਾਇੰਸ ਅਤੇ ਟੈਕਨਾਲੋਜੀ ਨੇ ਭਿਆਨਕਤਾ ਦੇ ਨਵੇਂ ਪਾਸਾਰ ਪ੍ਰਦਾਨ ਕੀਤੇ ਹਨ; ਪਰ ਇਹ ਵੀ ਸੱਚ ਹੈ ਕਿ ਜੰਗ ਨੂੰ 'ਸਰਵਸ੍ਰੇਸ਼ਟ ਮਨੁੱਖੀ ਉੱਦਮ' ਦੱਸ ਕੇ ਇਸ ਦੇ ਚਾਅ ਨਾਲ ਚਾਂਬਲੇ ਰਹਿਣ ਵਾਲੇ 'ਹੀਗਲਾਂ' ਨੂੰ ਹੁਣ ਸ਼ਰਧਾ ਦੀ ਥਾਂ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਇਹ ਯੁਗ ਜ਼ੋਰ-ਅਜ਼ਮਾਈ, ਹੱਕ-ਜਤਾਈ ਅਤੇ ਹੁਕਮ ਦਾ ਯੁਗ ਨਹੀਂ; ਇਹ ਨਿਰੀਖਣ, ਅਧਿਐਨ ਅਤੇ ਮਿਲਵਰਤਣ ਦਾ ਯੁਗ ਹੈ, ਇਹ ਸਾਇੰਸ ਦਾ ਯੁਗ ਹੈ; ਇਹ ਸਦਭਾਵਨਾ ਦਾ ਯੁਗ ਹੈ। ਅਜੋਕਾ ਮਨੁੱਖ ਵੇਦ ਵਿਆਸ ਅਤੇ ਕ੍ਰਿਸ਼ਨ ਕੋਲੋਂ ਇਹ ਪੁੱਛਣ ਦੀ ਬੌਧਿਕ ਯੋਗਤਾ ਰੱਖਦਾ ਹੈ ਕਿ (1) ਤੁਸੀਂ ਧਰਤੀ ਨੂੰ ਕੁਰੂਕਸ਼ੇਤ੍ਰ ਅਤੇ ਜੀਵਨ ਨੂੰ ਸਦੀਵੀ ਮਹਾਂਭਾਰਤ ਕਿਉਂ ਬਣਾਈ ਰੱਖਣਾ ਚਾਹੁੰਦੇ ਹੋ ? (2) ਤੁਹਾਡੇ ਦੱਸੇ ਕਰਮਯੋਗ ਨੂੰ ਅਰਜੁਣ ਦੇ ਮਨ ਵਿੱਚ ਉਪਜਣ ਵਾਲੀ ਸਦਭਾਵਨਾ ਨਾਲੋਂ ਸ੍ਰੇਸ਼ਟ ਕਿਉਂ ਮੰਨਿਆ ਜਾਵੇ ? (3) ਜਿਸ ਸਦਭਾਵਨਾ ਕਾਰਨ ਵਿਦੁਰ ਸ੍ਰੇਸ਼ਟ ਹੈ, ਉਸੇ ਸਦਭਾਵਨਾ ਕਾਰਨ ਅਰਜੁਣ ਕਿਉਂ ਨਿੰਦਨੀਅ ਹੈ ? ਅਰਜੁਣ ਕਸ਼ੱਤੀ ਹੋਣ ਦੇ ਨਾਲ ਨਾਲ ਇੱਕ ਮਨੁੱਖ ਵੀ ਹੈ; ਉਹ ਸੰਕੀਰਨ ਜਿਹੇ ਖੱਤ੍ਰੀ ਧਰਮ ਦਾ ਪਾਲਣ ਕਰਨ ਦੀ ਥਾਂ ਸਦਭਾਵਨਾ ਰੂਪੀ ਮਾਨਵ ਧਰਮ ਦਾ ਪਾਲਣ ਕਿਉਂ ਨਾ ਕਰੇ ? ਤੁਸੀਂ ਦੋਵੇਂ ਪਲੇਟੋ ਅਤੇ ਅਰਸਤੂ ਨਾਲ ਮਿਲ ਕੇ ਇਹ ਤਾਂ ਨਹੀਂ ਕਹਿ ਰਹੇ ਕਿ ਸਦਭਾਵਨਾ 'ਦਾਸ-ਪਰਵਿਰਤੀ' ਹੈ ਅਤੇ ਦਾਸੀ-ਪੁੱਤਰ ਵਿਦੁਰ ਨੂੰ ਹੀ ਸ਼ੋਭਾ ਦਿੰਦੀ ਹੈ ? ਵਿਗਿਆਨਕ ਯੁਗ ਦਾ ਮਨੁੱਖ ਸੋਚਣ ਲਈ ਸੁਤੰਤਰ ਹੈ ਅਤੇ ਸੋਚ ਦੀ ਸੁਤੰਤਰਤਾ ਸਦਭਾਵਨਾ ਦੀਆਂ ਸੰਭਾਵਨਾਵਾਂ ਨੂੰ ਜਨਮ ਦੇ ਰਹੀ ਹੈ।