ਸਹਿਜ ਅਤੇ ਸਾਇੰਸ
ਜਦੋਂ ਚੰਨ, ਸੂਰਜ, ਤਾਰੇ, ਧਰਤੀ ਅਤੇ ਆਕਾਸ਼ ਅਜੇ ਹੋਂਦ ਵਿੱਚ ਨਹੀਂ ਸਨ ਆਏ, ਉਸ ਅਵਸਥਾ ਨੂੰ ਬ੍ਰਹਮੰਡ ਦੀ ਸਹਿਜ ਅਵਸਥਾ ਆਖਿਆ ਜਾਂਦਾ ਹੈ। ਬੋਧੀ ਉਸ ਨੂੰ ਸੁੰਨ (ਜਾਂ ਸ਼ੂਨ੍ਯ) ਆਖਦੇ ਹਨ ਅਤੇ ਸ੍ਰਿਸ਼ਟੀ ਨੂੰ ਅਨਾਦੀ ਅਤੇ ਅਨੰਤ ਮੰਨਣ ਵਾਲੇ, ਜੈਨੀ, ਕਿਸੇ ਸੂਨ ਜਾਂ ਮੁੱਢਲੇ ਸਹਿਜ ਦੀ ਗੱਲ ਨਹੀਂ ਕਰਦੇ। ਸੁੰਨ' ਅਤੇ 'ਸਹਿਜ ਸਮਾਧੀ' ਇੱਕ ਅਨੁਭਵੀ ਲਈ ਨਿਰੋਲ ਅਧਿਆਤਮਕ ਅਤੇ ਨਿੱਜੀ ਅਨੁਭਵ ਹੈ; ਮਨੋ-ਵਿਗਿਆਨੀ ਲਈ ਮਾਨਸਿਕ ਉਲਾਰ ਹੈ; ਮੈਡੀਕਲ ਸਾਇੰਸ ਲਈ ਕੋਈ ਦਿਮਾਗੀ ਘਾਟ-ਵਾਧ ਹੈ: ਦਾਰਸ਼ਨਿਕ ਲਈ ਕਿਸੇ ਸਿਧਾਂਤ ਦੇ ਹੱਕ ਵਿੱਚ (ਪੱਖ ਵਿੱਚ) ਜਾਂ ਵਿਰੋਧ ਲਈ ਵਰਤੀ ਜਾਣ ਵਾਲੀ ਦਲੀਲ ਹੈ ਅਤੇ ਆਮ ਆਦਮੀ ਲਈ ਅੰਧ-ਵਿਸ਼ਵਾਸ ਦਾ ਮਾਮਲਾ ਹੈ।
ਮੈਂ'ਜੀਵਨ ਦੇ ਸਹਿਜ' ਜਾਂ ਸਹਿਜ ਦੇ ਜੀਵਨ' ਦੀ ਗੱਲ ਕਰਨੀ ਚਾਹੁੰਦਾ ਹਾਂ। ਇਹ 'ਸਮਾਧੀ' ਦੀ ਗੱਲ ਨਹੀਂ, 'ਸਾਵਧਾਨੀ' ਦੀ ਗੱਲ ਹੈ; ਇਹ 'ਸੁੰਨ' ਦੀ ਗੱਲ ਨਹੀਂ, 'ਸੰਸਾਰ' ਦੀ ਗੱਲ ਹੈ।
ਨੀਵਾਣ ਵੱਲ ਜਾਣ ਲਈ ਪਾਣੀ ਨੂੰ ਕੋਈ ਯਤਨ ਨਹੀਂ ਕਰਨਾ ਪੈਂਦਾ; ਨਾ ਹੀ ਹਵਾ ਨਾਲੋਂ ਹਲਕੇ ਪਦਾਰਥਾਂ ਨੂੰ ਆਕਾਸ਼ ਵੱਲ ਜਾਣ ਲਈ ਕਿਸੇ ਉਚੇਚੇ ਉਪਰਾਲੇ ਦੀ ਲੋੜ ਹੈ। ਪਾਣੀ ਦਾ ਨੀਵਾਣਵਾਸ ਅਤੇ ਹਾਈਡ੍ਰੋਜਨ ਨਾਲ ਭਰੇ ਭੁਕਾਨੇ ਦੀ ਆਕਾਸ਼-ਉਡਾਰੀ ਸੁਭਾਵਕ ਜਾਂ ਸਹਿਜੇ ਹੋਣ ਵਾਲੀਆਂ ਕਿਰਿਆਵਾਂ ਹਨ। ਜਦੋਂ ਜੀਵਨ ਪੌਣ, ਪਾਣੀ, ਅਗਨੀ ਅਤੇ ਮਿੱਟੀ ਆਦਿਕ ਦੀ ਮੁੱਢਲੀ ਅਵਸਥਾ ਵਿੱਚੋਂ ਨਿਕਲ ਕੇ ਬਨਸਪਤੀ ਅਤੇ ਪਸ਼ੂ-ਜੀਵਨ ਵਿੱਚ ਪਰਵੇਸ਼ ਕਰ ਜਾਂਦਾ ਹੈ, ਉਦੋਂ ਜਤਨਸ਼ੀਲਤਾ ਇਸ ਦੇ ਸੁਭਾਅ ਦਾ ਹਿੱਸਾ ਬਣ ਜਾਂਦੀ ਹੈ। ਬਿਰਖ ਬੂਟੇ ਸੂਰਜ ਦੀ ਗਰਮੀ ਅਤੇ ਰੌਸ਼ਨੀ ਲਈ ਜਤਨਸ਼ੀਲ ਮੰਨੇ ਜਾਂਦੇ ਹਨ। ਸੰਘਣੇ ਜੰਗਲਾਂ ਵਿਚਲੇ ਰੁੱਖ ਇੱਕ ਦੂਜੇ ਨਾਲੋਂ ਉੱਚੇ ਹੋ ਕੇ ਸੂਰਜ ਦੀ ਰੋਸ਼ਨੀ ਨੂੰ ਪ੍ਰਾਪਤ ਕਰਨ ਅਤੇ ਦੂਜਿਆਂ ਦੇ ਪਰਛਾਵੇਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਦੱਸੇ ਜਾਂਦੇ ਹਨ। ਰੁੱਖਾਂ ਅਤੇ ਕੰਧਾਂ ਉੱਤੇ ਚੜ੍ਹਨ ਵਾਲੀਆਂ ਵੇਲਾਂ ਨੂੰ ਇਸ ਕੰਮੋਂ ਰੋਕ ਕੇ ਰੱਖਣਾ ਸੌਖਾ ਕੰਮ ਨਹੀਂ। ਬਨਸਪਤੀ ਜੀਵਨ ਵਿਚਲਾ ਇਹ ਜਤਨ ਉਸ ਦੇ ਸੁਭਾਅ ਜਾਂ ਅਸਲੇ ਦਾ ਹਿੱਸਾ ਮੰਨਿਆ ਜਾਣ ਕਰਕੇ ਸਹਿਜ ਆਖਿਆ ਜਾਵੇਗਾ।
ਮਾਸਾਹਾਰੀ ਪਸ਼ੂਆਂ ਲਈ ਸ਼ਿਕਾਰ ਇੱਕ ਜਤਨ ਹੈ। ਉਨ੍ਹਾਂ ਦੇ ਬੱਚੇ ਇਸ ਕੰਮ ਦੀ ਉਚੇਰੀ ਸਿਖਲਾਈ ਹਾਸਲ ਕਰਦੇ ਹਨ। ਇਹ ਸਿਖਲਾਈ ਉਨ੍ਹਾਂ ਦੇ ਜੀਵਨ ਦਾ ਜ਼ਰੂਰੀ ਹਿੱਸਾ ਹੈ। ਪ੍ਰੰਤੂ ਸਿਖਲਾਈ ਹੁੰਦਿਆਂ ਹੋਇਆਂ ਵੀ ਇਹ ਉਨ੍ਹਾਂ ਲਈ ਉਚੇਚ ਨਹੀਂ ਅਤੇ ਸ਼ਿਕਾਰ ਇੱਕ ਜਤਨ ਹੁੰਦਿਆਂ ਹੋਇਆਂ ਵੀ ਉਨ੍ਹਾਂ ਲਈ ਸੁਭਾਵਕ ਕਿਰਿਆ ਹੈ।
ਇਸੇ ਤਰ੍ਹਾਂ ਭੇਡਾਂ, ਬੱਕਰੀਆ, ਗਾਵਾਂ, ਮੱਝਾਂ ਅਤੇ ਹਿਰਨਾਂ ਆਦਿਕ ਲਈ ਸ਼ਾਕਾਹਾਰੀ ਹੋਣਾ ਸੁਭਾਵਕ ਹੈ। ਉਹ ਕਿਸੇ ਦੇ ਉਪਦੇਸ਼ ਅਧੀਨ ਨਹੀਂ, ਸਗੋਂ ਫ਼ਿਤਰਤਨ ਸ਼ਾਕਾਹਾਰੀ ਹੁੰਦੇ ਹਨ। ਹਿੰਸਕ ਪਸ਼ੂ ਨੂੰ ਵੇਖ ਕੇ ਡਰਨਾ ਅਤੇ ਦੌੜ ਜਾਣਾ ਉਨ੍ਹਾਂ ਦੀ ਛਿਤਰਤ ਵਿੱਚ ਹੈ। ਇਹ ਜਤਨ ਉਨ੍ਹਾਂ ਦੀ ਫਿਤਰਤ ਹੋਣ ਕਰਕੇ ਜਤਨ ਹੁੰਦਿਆਂ ਹੋਇਆਂ ਵੀ ਸਹਿਜ ਸੁਭਾਵੀ ਕਿਰਿਆ ਹੈ।