ਜੰਗਲੀ ਪਸ਼ੂਆਂ ਲਈ ਉਨ੍ਹਾਂ ਦਾ ਜਤਨ-ਭਰਪੂਰ ਜੰਗਲੀ ਜੀਵਨ, ਸਹਿਜ ਦਾ ਜੀਵਨ ਹੈ ਕਿਉਂਜੁ ਉਹ ਜੀਵਨ ਉਨ੍ਹਾਂ ਦੇ ਸੁਭਾਅ ਜਾਂ ਉਨ੍ਹਾਂ ਦੇ ਅਸਲੇ ਜਾਂ ਉਨ੍ਹਾਂ ਦੀ ਫਿਤਰਤ ਅਨੁਸਾਰ ਜੀਵਿਆ ਜਾਂਦਾ ਹੈ। ਕਿਸੇ ਮਾਸਾਹਾਰੀ ਪਸ਼ੂ ਨੂੰ ਚਿੜੀਆ-ਘਰ ਵਿੱਚ ਰੱਖ ਕੇ; ਉਸ ਨੂੰ ਉਸ ਦਾ ਮਨ ਭਾਉਂਦਾ ਭੋਜਨ ਦੇਣ ਦੇ ਯੋਗ ਪ੍ਰਬੰਧ ਕਰ ਕੇ; ਅਤੇ ਉਸ ਦੀ ਸਿਹਤ ਦੀ ਪੂਰੀ ਪੂਰੀ ਦਿੱਤਾ ਅਤੇ ਚੇਸ਼ਟਾ ਕਰ ਕੇ ਅਸੀਂ ਉਸ ਨੂੰ ਸਹਿਜ ਦਾ ਜੀਵਨ ਨਹੀਂ ਦੇ ਸਕਦੇ। ਜੰਗਲੀ ਜੀਵਨ ਨਾਲ ਸੰਬੰਧਤ ਜਤਨ ਉਸਦੇ ਸਹਿਜ ਦਾ ਹਿੱਸਾ ਹੈ। ਚਿੜੀਆ-ਘਰ ਵਿਚਲਾ ਸਾਰਾ ਸੁਖ ਉਸ ਲਈ ਅਸਹਿਜ ਹੈ। ਉਥੇ ਉਹ ਪ੍ਰਸੰਨ ਨਹੀਂ ਰਹਿ ਸਕਦਾ; ਸ਼ਾਇਦ ਬਹੁਤੀ ਲੰਮੀ ਉਮਰ ਵੀ ਨਹੀਂ ਭੋਗ ਸਕਦਾ।
ਇਸ ਦੇ ਉਲਟ ਸ਼ਾਕਾਹਾਰੀ ਪਸ਼ੂ ਅਸਲੇ ਵਜੋਂ ਸੁਰੱਖਿਆ ਦੇ ਇੱਛੁਕ ਹੋਣ ਕਰਕੇ ਚਿੜੀਆ- ਘਰਾਂ ਦੇ ਬੰਦੀ ਜੀਵਨ ਵਿੱਚ ਓਨੇ ਉਦਾਸ ਨਹੀਂ ਹੁੰਦੇ ਜਿੰਨੇ ਮਾਸਾਹਾਰੀ ਪਸੂ ਹੁੰਦੇ ਹਨ।
ਆਪਣੀ ਪਰਵਿਰਤੀ ਜਾਂ ਫ਼ਿਤਰਤ ਦੇ ਉਲਟ ਅਸਹਿਜ ਦਾ ਜੀਵਨ ਜੀਣ ਲਈ ਮਜਬੂਰ ਕੀਤੇ ਜਾਣ ਉੱਤੇ ਜੀਵਾਂ ਵਿੱਚ ਅਨੇਕ ਪ੍ਰਕਾਰ ਦੇ ਮਾਨਸਿਕ ਅਤੇ ਸਰੀਰਕ ਰੋਗ ਉਤਪੰਨ ਹੋ ਜਾਂਦੇ ਹਨ। (ਹੁਣੇ ਜਹੇ, ਵਲੈਤ ਵਿੱਚ ਗਊਆਂ ਵਿੱਚ ਉਤਪੰਨ ਹੋਏ ਇੱਕ ਰੋਗ, ਬੀ.ਐੱਸ.ਈ. ਕਾਰਨ ਲੱਖਾਂ ਗਾਈਆਂ ਮਾਰਨੀਆਂ ਪਈਆਂ ਸਨ । ਉਨ੍ਹਾਂ ਨੂੰ ਇਹ ਰੋਗ ਇਸ ਕਾਰਨ ਲੱਗਾ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਪਰਵਿਰਤੀ ਦੇ ਉਲਟ ਮਾਸਾਹਾਰ ਉੱਤੇ ਮਜਬੂਰ ਕੀਤਾ ਜਾਂ ਭੁਚਲਾਇਆ ਗਿਆ ਸੀ। ਇਹ ਅਨੈਤਿਕਤਾ ਵਾਪਾਰਕ ਮਨੋਰਥਾਂ ਨੂੰ ਮੁੱਖ ਰੱਖ ਕੇ ਕੀਤੀ ਗਈ ਸੀ ।) ਜੀਵਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਸਹਿਜ ਦਾ ਜੀਵਨ ਜ਼ਰੂਰੀ ਹੈ। ਆਪਣੀ ਪਰਵਿਰਤੀ ਅਨੁਸਾਰ ਜੀਵਿਆ ਜਾਣ ਵਾਲਾ ਜੀਵਨ ਸਹਿਜ ਦਾ ਜੀਵਨ ਹੈ। ਸਹਿਜ ਨਿਰਜਤਨਤਾ ਨਹੀਂ, ਸਗੋਂ ਉਹ ਜਤਨ ਵੀ ਸਹਿਜ ਹੈ ਜਿਹੜਾ ਪਰਵਿਰਤੀ ਦੀ ਸੰਤੁਸ਼ਟੀ ਦਾ ਸਾਧਨ ਹੈ।
ਸਹਿਜ ਨਾਲ ਸੰਬੰਧਤ ਇਹ ਨੇਮ, ਮਨੁੱਖੀ ਜੀਵਨ ਉੱਤੇ ਵੀ ਉਵੇਂ ਹੀ ਲਾਗੂ ਹੁੰਦਾ ਹੈ ਜਿਵੇਂ ਪਸ਼ੂ-ਜੀਵਨ ਉੱਤੇ। ਮਨੁੱਖੀ ਮਨ ਦੀਆਂ ਬੁਨਿਆਦੀ ਪਰਵਿਰਤੀਆਂ ਪਸ਼ੂਆਂ ਨਾਲ ਮਿਲਦੀਆਂ ਜੁਲਦੀਆਂ ਹਨ ਜਾਂ ਇਉਂ ਕਹਿ ਸਕਦੇ ਹਾਂ ਕਿ ਪਸ਼ੂ-ਪਰਵਿਰਤੀਆਂ ਹੀ ਹਨ। ਸੱਭਿਅਤਾ ਦੇ ਲੰਮੇ ਸਫ਼ਰ ਨੇ ਮਨੁੱਖ ਦੀਆਂ ਪਰਵਿਰਤੀਆਂ ਨੂੰ ਵੀ ਵਿਕਸਿਤ ਕੀਤਾ ਹੈ। ਸਿੱਖਣ ਦੀ ਪਰਵਿਰਤੀ ਉੱਨਤ ਸ਼੍ਰੇਣੀ ਦੇ ਪਸ਼ੂਆਂ ਵਿੱਚ ਵੀ ਹੈ ਪ੍ਰੰਤੂ ਮਨੁੱਖ ਵਿੱਚ ਇਸ ਪਰਵਿਰਤੀ ਦਾ ਵਿਕਾਸ ਕਿਸੇ ਸੀਮਾ ਦਾ ਸਤਿਕਾਰ ਕਰਨ ਨੂੰ ਤਿਆਰ ਨਹੀਂ। ਮਨੁੱਖੀ ਮਨ ਵਿੱਚ ਪਰਵਿਰਤੀਆਂ ਦਾ ਕੇਵਲ ਵਿਕਾਸ ਹੀ ਨਹੀਂ ਹੋਇਆ, ਸਗੋਂ ਵਾਧਾ ਵੀ ਹੋਇਆ ਹੈ; ਨਵੀਆਂ ਪਰਵਿਰਤੀਆਂ ਵੀ ਉਤਪੰਨ ਹੋਈਆਂ ਹਨ ਆਦਰ ਦੀ ਪਰਵਿਰਤੀ, ਦੇਸ਼-ਭਗਤੀ ਦੀ ਪਰਵਿਰਤੀ, ਸੰਪਤੀ ਦੇ ਮੋਹ ਦੀ ਪਰਵਿਰਤੀ, ਅੰਧ-ਵਿਸ਼ਵਾਸ ਦੀ ਪਰਵਿਰਤੀ ਅਤੇ ਕਈ ਹੋਰ ਪਰਵਿਰਤੀਆਂ ਦਾ ਜਨਮ ਸੱਭਿਅਤਾ ਦੇ ਵਿਕਾਸ ਨਾਲ ਹੋਇਆ ਹੈ। ਮੇਰਾ ਖ਼ਿਆਲ ਹੈ ਕਿ ਪਸ਼ੂ-ਜੀਵਨ ਵਿੱਚ ਈਰਖਾ ਅਤੇ ਘਿਰਣਾ ਵੀ (ਸ਼ਾਇਦ) ਨਹੀਂ ਹਨ। ਭੈ, ਨਿਰਦੈਤਾ, ਹਿੰਸਾ ਅਤੇ ਕ੍ਰੋਧ ਦੀਆਂ ਪਰਵਿਰਤੀਆਂ ਪਸ਼ੂਆਂ ਵਿੱਚ ਪ੍ਰਬਲ ਹਨ। ਇਨ੍ਹਾਂ ਨੂੰ ਈਰਖਾ ਅਤੇ ਘਿਰਣਾ ਨਾਲ ਰਲਾਉਣਾ ਮੈਨੂੰ ਠੀਕ ਨਹੀਂ ਲੱਗਦਾ। (ਮੈਂ ਮਨੋਵਿਗਿਆਨੀ ਨਹੀਂ ਹਾਂ; ਇਸ ਲਈ ਉਪਰੋਕਤ ਗੱਲ ਮੇਰੀ ਨਿੱਜੀ ਰਾਏ ਹੈ, ਕਿਸੇ ਵਿਗਿਆਨਿਕ ਸਿਧਾਂਤ ਦਾ ਉਲੇਖ ਨਹੀਂ।)
ਮਨੁੱਖ ਸੱਭਿਅ, ਸਮਾਜਕ ਪਸ਼ੂ ਹੈ; ਇਸ ਕਰਕੇ ਮਨੁੱਖ ਲਈ ਸਹਿਜ ਦੇ ਉਹੋ ਅਰਧ ਨਹੀਂ ਹਨ ਜੋ ਜੰਗਲੀ ਪਸ਼ੂ ਲਈ ਹਨ। 'ਸੱਭਿਅ' ਅਤੇ 'ਸਮਾਜਕ' ਦੋ ਸਾਧਾਰਣ ਜਹੇ ਸ਼ਬਦ ਜਾਪਦੇ ਹਨ ਇਨ੍ਹਾਂ ਵਿੱਚ ਮਨੁੱਖ ਦਾ ਮਨੁੱਖਤਵ ਸਮਾਇਆ ਹੋਇਆ ਹੈ। ਸੱਭਿਅਤਾ