ਸਾਇੰਸ ਅਤੇ ਤਕਨੀਕ-2
ਇਟਲੀ ਦੇ ਦੱਖਣ ਵਿੱਚ ਸਥਿਤ ਇੱਕ ਟਾਪੂ, ਸਿਸਲੀ ਵਿੱਚ ਯੂਨਾਨੀ ਲੋਕਾਂ ਦੀ ਵਸਾਈ ਹੋਈ ਇੱਕ ਬਸਤੀ, ਸਿਰਾਕਿਊਜ਼, ਵਿੱਚ ਸੰਨ 287 ਪੂ:ਈ: ਵਿੱਚ ਇੱਕ ਪ੍ਰਸਿੱਧ ਹਿਸਾਬਦਾਨ ਅਤੇ ਵਿਗਿਆਨੀ ਨੇ ਜਨਮ ਲਿਆ। ਇਸ ਦਾ ਯੂਨਾਨੀ ਨਾਂ ਆਰਕੀਮੀਡੀਜ਼ (Archimedes) ਸੀ। ਇਹ ਨਾਂ ਭਾਰਤ ਵਿੱਚ ਅਰਥਾਂ ਰਾਹੀਂ ਪੁੱਜਾ ਅਤੇ ਆਰਕੀਮੀਡੀਜ਼ ਦੀ ਥਾਂ ਅਰਸ਼ਮੀਦਸ ਬਣ ਗਿਆ। ਅਰਸ਼ਮੀਦਸ ਨੂੰ ਤਕਨੀਕ ਜਾਂ ਮਕੈਨਿਕ ਦਾ ਪਿਤਾਮਾ ਮੰਨਿਆ ਜਾਂਦਾ ਹੈ। ਇਸ ਦੇ ਚਾਚੇ ਦਾ ਪੁੱਤਰ ਸਿਰਾਕਿਊਜ਼ ਨਗਰਰਾਜ ਦਾ ਹਾਕਮ ਸੀ। ਇਸ ਨੇ ਵਾਟਰ ਸਕੂ (Water Screw) ਨਾਂ ਦੀ ਇੱਕ ਮਸ਼ੀਨ ਬਣਾਈ। ਇਸ ਮਸ਼ੀਨ ਵਿੱਚ ਵੱਡੇ-ਵੱਡੇ ਵਲਾਂ ਵਾਲਾ ਇੱਕ ਪੇਚ ਜਾਂ ਵਰਮਾ ਇੱਕ ਸਲਿੰਡਰ ਜਾਂ ਵੇਲਣ ਵਿੱਚ ਘੁਮਾਇਆ ਜਾਂਦਾ ਸੀ। ਵਰਮੇ ਦੇ ਘੁੰਮਣ ਨਾਲ ਉਸ ਦੇ ਪੇਚ ਹਰ ਉਸ ਚੀਜ਼ ਨੂੰ ਅੱਗੇ ਨੂੰ ਧੱਕਦੇ ਸਨ, ਜਿਹੜੀ ਵੇਲਣ ਵਿੱਚ ਹੋਵੇ। ਅਰਸ਼ਮੀਦਸ ਨੇ ਆਪਣੀ ਇਹ ਮਸ਼ੀਨ ਆਪਣੇ ਸ਼ਹਿਰ ਦੇ ਰਾਜੇ, ਆਪਣੇ ਚਾਚੇ ਦੇ ਪੁੱਤ ਭਰਾ, ਹਾਈਰੋਨ ਨੂੰ ਵਿਖਾਈ। ਰਾਜੇ ਨੇ ਪੁੱਛਿਆ ਕਿ ਇਹ ਮਸ਼ੀਨ ਤੂੰ ਕਿਸ ਲਈ ਬਣਾਈ ਹੈ ? ਅਰਸ਼ਮੀਦਸ ਨੇ ਵੇਲਣ ਨੂੰ ਪਾਣੀ ਦੇ ਇੱਕ ਟੱਬ ਵਿੱਚ ਰੱਖ ਕੇ ਵਰਮੇ ਨੂੰ ਘੁਮਾਇਆ। ਟੱਬ ਵਿਚਲਾ ਪਾਣੀ ਵਲਾਂ ਦਾ ਧੱਕਿਆ ਹੋਇਆ ਸਲਿੰਡਰ ਜਾਂ ਵੇਲਣ ਵਿੱਚ ਉੱਪਰ ਨੂੰ ਚੜ੍ਹਦਾ ਗਿਆ ਅਤੇ ਜਿੱਥੇ ਸਲਿੰਡਰ ਖ਼ਤਮ ਹੋ ਗਿਆ ਓਥੋਂ ਸਲਿੰਡਰ ਤੋਂ ਬਾਹਰ ਡਿੱਗਣਾ ਸ਼ੁਰੂ ਹੋ ਗਿਆ। ਅਰਸ਼ਮੀਦਸ ਨੇ ਹਾਈਰੋਨ ਜਾਂ ਹੀਰੋਨ ਨੂੰ ਦੱਸਿਆ ਕਿ ਇਸ ਮਸ਼ੀਨ ਦੀ ਮਦਦ ਨਾਲ ਅਸੀਂ ਪਾਣੀ ਨੂੰ ਨੀਵੀਆਂ ਥਾਵਾਂ ਤੋਂ ਉੱਚੀਆਂ ਥਾਵਾਂ ਤਕ ਆਸਾਨੀ ਨਾਲ ਲੈ ਜਾ ਸਕਦੇ ਹਾਂ। ਹਾਈਰੋਨ ਨੇ ਆਖਿਆ, “ਮੈਂ ਕਦੇ ਕਿਸੇ ਯੂਨਾਨੀ ਨੂੰ ਪਾਣੀ ਦੀ ਬਾਲਟੀ ਚੁੱਕੀ ਪਹਾੜੀ ਉੱਤੇ ਚੜ੍ਹਦਾ ਨਹੀਂ ਵੇਖਿਆ ਤੂੰ ਵੇਖਿਆ ਹੈ ?" ਅਰਸ਼ਮੀਦਸ ਨੇ ਉੱਤਰ ਦਿੱਤਾ, "ਸਾਡੇ ਗ਼ੁਲਾਮ ਸਾਡੇ ਲਈ ਸਾਰੇ ਕੰਮ ਕਰਦੇ ਹਨ ਪਾਣੀ ਵੀ ਦੇਂਦੇ ਹਨ।" ਹਾਈਰੋਨ ਨੇ ਹੱਸ ਕੇ ਆਖਿਆ, "ਅਸੀਂ ਗੁਲਾਮਾਂ ਲਈ ਆਰਾਮ ਦੇ ਸਾਧਨ ਕਿਉਂ ਪੈਦਾ ਕਰੀਏ ? ਉਹ ਸਾਡੇ ਸੇਵਕ ਹਨ ਕਿ ਅਸੀਂ ਉਨ੍ਹਾਂ ਦੇ ਸੇਵਕ ਹਾਂ ? ਇਨ੍ਹਾਂ ਨਿਕੰਮੀਆਂ ਮਸ਼ੀਨਾਂ ਦਾ ਖਹਿੜਾ ਛੱਡ ਅਤੇ ਕੋਈ ਕੰਮ ਦੀ ਚੀਜ਼ ਬਣਾ।"
ਆਪਣੇ ਰਾਜਾ ਦਾ ਹੁਕਮ ਮੰਨ ਕੇ ਆਰਕੀਮੀਡੀਜ਼ ਨੇ ਕੰਮ ਦੀਆਂ ਉਹ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਬਾਰੇ ਪ੍ਰਸਿੱਧ ਯੂਨਾਨੀ ਦਾਰਸ਼ਨਿਕ, ਜੀਵਨੀਕਾਰ ਅਤੇ ਇਤਿਹਾਸਕਾਰ ਪਲੂਟਾਰਕ ਨੇ ਆਪਣੀ ਪੁਸਤਕ ਜੀਵਨੀਆਂ ਵਿੱਚ ਰੋਮਨ ਜਰਨੈਲ ਮਾਰਸੈੱਲੱਸ ਮਾਰਕਸ ਕਲਾਡੀਅਸ ਬਾਰੇ ਲਿਖਦਿਆਂ ਹੋਇਆਂ ਬਹੁਤ ਵਿਸਥਾਰ ਪੂਰਬਕ ਲਿਖਿਆ ਹੈ। ਪਲੂਟਾਰਕ ਦੱਸਦਾ ਹੈ:
"ਜੁਮੈਟਰੀ ਅਤੇ ਮਕੈਨਿਕ ਦੇ ਸੰਜੋਗ ਨਾਲ ਮਸ਼ੀਨਾਂ ਬਣਾਉਣ ਦੀ ਪਹਿਲ ਯੂਡਾਕੱਸਸ ਨੇ ਸੌ/ਸਵਾ ਸੌ ਸਾਲ ਪਹਿਲਾਂ ਕੀਤੀ ਸੀ।ਪਰੰਤੂ ਇਨ੍ਹਾਂ ਮਸ਼ੀਨਾਂ ਦੀ ਵਰਤੋਂ