ਇਸ ਸੱਚ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਇਹ ਵੀ ਸੱਚ ਹੈ ਕਿ ਹਥਿਆਰ ਨਿਗੇ ਤਕਨੀਕ ਵਿੱਚੋਂ ਨਹੀਂ ਉਪਜੇ। ਇਹ ਤਕਨੀਕਾਂ ਉੱਨਤੀ ਅਤੇ ਜੰਗੀ ਜਨੂੰਨ ਦੇ ਸੰਜੋਗ ਵਿੱਚੋਂ ਉਪਜੇ ਹਨ। ਯੁੱਧ-ਮਾਨਸਿਕਤਾ ਜਾਂ ਜੰਗੀ ਜਨੂੰਨ ਅਤੇ ਤਕਨੀਕ ਵਿੱਚੋਂ ਕਿਸੇ ਇੱਕ ਨੂੰ ਪਰੇ ਕੀਤਿਆਂ ਐਟਮ ਬੰਬਾਂ ਦੀ ਉਪਜ ਅਸੰਭਵ ਹੋ ਜਾਵੇਗੀ। ਆਉ, ਪਹਿਲਾਂ ਤਕਨੀਕ ਨੂੰ ਪਰੇ ਕਰੀਏ। ਆਧੁਨਿਕ ਤਕਨੀਕ ਦੇ ਪਰੇ ਹੁੰਦਿਆਂ ਹੀ ਹਾਈਡ੍ਰੋਜਨ ਬੰਬ ਗਾਇਬ ਹੋ ਗਿਆ ਹੈ; ਪਰੰਤੂ ਹਲਾਕੂ, ਚੰਗੇਜ਼, ਨੀਰੋ, ਕੈਲੀਗੁਲਾ, ਅਹਿਮਦ, ਨਾਦਰ ਅਤੇ ਨਲੂਆ ਗਾਇਬ ਨਹੀਂ ਹੋਏ। ਇਨ੍ਹਾਂ ਸਾਰਿਆਂ ਦੀ ਯੁੱਧ-ਪ੍ਰੀਅਤਾ ਨੇ ਕਿਸੇ ਤਕਨੀਕ ਦੀ ਉਡੀਕ ਨਹੀਂ ਕਰਨੀ। ਨਾ ਹੀ ਕਦੇ ਇਨ੍ਹਾਂ ਵਿੱਚੋਂ ਕਿਸੇ ਨੂੰ ਇਹ ਝੋਰਾ ਹੋਣਾ ਹੈ ਕਿ ਅਸੀਂ ਤਕਨੀਕੀ ਘਾਟ ਜਾਂ ਅਣਹੋਂਦ ਕਾਰਨ ਆਪਣੇ ਵਿਚਲੇ ਯੋਧੇ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਕਰ ਸਕੇ। ਇਨ੍ਹਾਂ ਦੀ ਮਾਨਸਿਕਤਾ ਕਿਸੇ ਤਕਨੀਕ ਦੀ ਮੁਥਾਜ ਨਹੀਂ ਸੀ ਜਾਂ ਸਾਇੰਸ ਦੇ ਆਵਿਸ਼ਕਾਰਾਂ ਉੱਤੇ ਨਿਰਭਰ ਨਹੀਂ ਸੀ ਕਰਦੀ। ਉਹ ਕੁਦਰਤੀ ਜਾਂ ਇਲਾਹੀ ਜਾਂ ਬੈਤਾਨੀ ਦਾਤ ਸੀ। ਤਕਨੀਕੀ ਉੱਨਤੀ ਇਸ (ਕੁਦਰਤੀ ਜਾਂ ਇਲਾਹੀ ਜਾਂ ਸ਼ੈਤਾਨੀ) ਦਾਤ ਦੇ ਪਿੱਛੇ ਪਿੱਛੇ ਤੁਰੀ ਹੈ। ਤਕਨੀਕ ਦਾ ਸ਼ੁਤਰ ਬਾ-ਮੁਹਾਰ (ਨਕੋਲ ਵਾਲਾ ਊਠ) ਓਸੇ ਪਾਸੇ ਗਿਆ ਹੈ, ਜਿਸ ਪਾਸੋ ਵੱਲ ਇਸ ਦੀ ਨਕੇਲ ਖਿੱਚੀ ਗਈ ਹੈ।
ਹੁਣ ਜਿਹਾਦੀ ਜ਼ਹਿਨੀਅਤ (ਯੁੱਧ-ਮਾਨਸਿਕਤਾ) ਨੂੰ ਪਰੇ ਕਰੋ। ਤੁਸੀਂ ਵੇਖੋਗੇ ਕਿ ਮਨੁੱਖ ਦੇ ਨੇਜ਼ੇ, ਬਰਛੇ, ਤੀਰ, ਤਲਵਾਰ, ਗਦਾ, ਗੁਰਜ ਅਤੇ ਸੁਦਰਸ਼ਨ ਬੇ-ਲੋੜੇ ਹੋ ਗਏ ਹਨ। ਅਸਾਂ ਇਨ੍ਹਾਂ ਨੂੰ ਨੁਮਾਇਸ਼-ਘਰਾਂ ਵਿੱਚ ਰੱਖ ਲਿਆ ਹੈ। ਇਨ੍ਹਾਂ ਦੇ ਨਾਲ ਹੀ ਸਾਰੇ ਐਟਮੀ ਹਥਿਆਰ ਵੀ ਅਜਾਇਬ ਘਰਾਂ ਵਿੱਚ ਰੱਖ ਲਏ ਗਏ ਹਨ। ਅਸੀਂ ਇਨ੍ਹਾਂ ਨੂੰ ਵੇਖਣ ਜਾਂਦੇ ਹਾਂ। ਇਨ੍ਹਾਂ ਨਾਲ ਸਾਡਾ ਰਿਸ਼ਤਾ ਹੀ ਬਦਲ ਗਿਆ ਹੈ। ਇਹ ਭਿਆਨਕ ਹੋਣ ਦੀ ਥਾਂ ਮਨੋਰੰਜਕ ਹੋ ਗਏ ਹਨ। ਅਸੀਂ ਇਨ੍ਹਾਂ ਦਾ ਨਿਰਮਾਣ ਕਰਨ ਵਾਲਿਆਂ ਬਾਰੇ ਜਾਣਕਾਰੀ ਹਾਸਲ ਕਰ ਕੇ ਉਨ੍ਹਾਂ ਉੱਤੇ ਤਰਸ ਕਰਦੇ ਹਾਂ। ਉਨ੍ਹਾਂ ਦੀ ਨੀਵੀਂ ਅਤੇ ਗ਼ਲਤ ਮਾਨਸਿਕਤਾ ਸਾਡੇ ਮਨ ਵਿੱਚ ਹੈਰਾਨੀ ਅਤੇ ਦਯਾ ਦੇ ਭਾਵ ਪੈਦਾ ਕਰਦੀ ਹੈ। ਜਿਨ੍ਹਾਂ ਖੰਡੇ, ਖੜਗ ਅਤੇ ਸੁਦਰਸ਼ਨ-ਧਾਰੀਆਂ ਨੂੰ ਅਸੀਂ ਪੂਜਦੇ ਸਾਂ, ਹੁਣ ਉਹ ਬੇ-ਲੋੜੇ, ਓਪਰੇ, ਅਨੋਖੇ ਅਤੇ ਅਣਜਾਣ ਜਹੇ ਲੱਗਦੇ ਹਨ। ਅਸੀਂ ਉਸ ਤਕਨੀਕ ਦੀ ਆਲੋਚਨਾ ਕਰਦੇ ਹਾਂ, ਜਿਸ ਨੇ ਯੂਰੇਨੀਅਮ ਅਤੇ ਪਲੂਟੋਨੀਅਮ ਵਿੱਚ ਚੇਨ ਰੀਐਕਸ਼ਨ ਪੈਦਾ ਕਰ ਕੇ ਐਟਮੀ ਅਤੇ ਹਾਈਡ੍ਰੋਜਨੀ ਧਮਾਕਿਆਂ ਦੀ ਕਾਢ ਕੱਢੀ ਸੀ; ਪਰ ਅਸੀਂ ਇਹ ਜਾਣਨ ਤੋਂ ਅਸਮਰੱਥ ਹਾਂ ਕਿ ਉਨ੍ਹਾਂ ਨੇ ਇਹ ਸਭ ਕੁਝ ਕਿਉਂ ਕੀਤਾ। ਸਾਡਾ ਜੀ ਕਰਦਾ ਹੈ, ਅਸੀਂ ਕਿਸੇ ਸੁਹਣੀ, ਸਿਆਣੀ ਅਤੇ ਸੁਰੱਖਿਅਤ ਤਕਨੀਕ ਰਾਹੀਂ ਇਸ ਸਾਰੇ ਨਿੱਕ ਸੁੱਕ ਨੂੰ ਆਤਸ਼ਬਾਜ਼ੀ ਵਰਗੇ ਕਿਸੇ ਤਮਾਸ਼ੇ ਜਾਂ ਜੀਵਨ ਦੀ ਕਿਸੇ ਹੋਰ ਸਹੂਲਤ ਲਈ ਵਰਤ ਸਕੀਏ।
ਯੁੱਧ-ਮਾਨਸਿਕਤਾ ਦੇ ਅੰਤ ਲਈ ਉਨ੍ਹਾਂ ਕਈ ਮਾਨਤਾਵਾਂ ਅਤੇ ਧਾਰਨਾਵਾਂ ਤੋਂ ਪਿੱਛਾ ਛੁਡਾਉਣ ਦੀ ਲੋੜ ਹੈ, ਜਿਹੜੀਆਂ ਮੋਹਣੀ ਰੂਪ ਧਾਰ ਕੇ ਮਨੁੱਖੀ ਮਨ ਨੂੰ ਮੱਲੀ ਬੈਠੀਆਂ ਹਨ। ਇਸ ਕੰਮ ਲਈ ਜ਼ਰੂਰੀ ਹੈ ਕਿ ਉਨ੍ਹਾਂ ਧਾਰਨਾਵਾਂ ਨੂੰ ਸਤਿਕਾਰਿਆ ਜਾਵੇ, ਜਿਨ੍ਹਾਂ ਸਦਕਾ ਮਨੁੱਖੀ ਮਨ ਵਿੱਚੋਂ ਯੁੱਧ-ਪ੍ਰੀਅਤਾ ਘਟੇ।