ਮਨੁੱਖ ਸਦਾ ਤੋਂ ਇਹ ਮੰਨਦਾ ਆਇਆ ਹੈ ਕਿ ਆਸ਼ੋ ਦੀ ਬੁੱਧਤਾ ਹਰ ਯੋਗ-ਅਯੋਗ ਵਸੀਲੇ ਨੂੰ ਵਰਤਣ ਦੀ ਖੁੱਲ੍ਹ ਦਿੰਦੀ ਹੈ। ਭਾਵ ਇਹ ਹੈ ਕਿ ਕਿਸੇ ਚੰਗੇ ਮਨੋਰਥ ਦੀ ਪ੍ਰਾਪਤੀ ਲਈ ਬੁਰਾ ਜਾਂ ਗਲਤ ਤਰੀਕਾ ਅਪਣਾਉਣਾ ਮਾੜੀ ਗੱਲ ਨਹੀਂ। ਆਸ਼ੇ ਅਤੇ ਵਸੀਲੇ ਦੇ ਇਸ ਸੰਬੰਧ ਨੂੰ ਕਦੇ ਨਿੰਦਿਆ ਨਹੀਂ ਗਿਆ। ਪਾਂਡਵਾਂ ਦੀ ਜਿੱਤ ਭਗਵਾਨ ਕ੍ਰਿਸ਼ਨ ਦਾ ਮਨੋਰਥ ਸੀ ਜਿਸ ਦੀ ਪ੍ਰਾਪਤੀ ਲਈ ਉਨ੍ਹਾਂ ਨੇ ਹਰ ਚੰਗੇ ਮਾੜੇ ਵਸੀਲੇ ਦੀ ਵਰਤੋਂ ਕੀਤੀ। ਉਨ੍ਹਾਂ ਦਾ ਖ਼ਿਆਲ ਸੀ ਕਿ ਪਾਂਡਵਾਂ ਦੀ ਜਿੱਤ ਅਤੇ ਹਸਤਨਾਪੁਰ ਦੀ ਸੁਰੱਖਿਆ 'ਦੇ' ਵੱਖ ਵੱਖ ਤਰੀਕਿਆਂ ਨਾਲ ਆਖੀ ਹੋਈ 'ਇੱਕ' ਗੱਲ ਹੈ। ਪਾਂਡਵਾਂ ਦੀ ਜਿੱਤ ਹੋਈ ਪਰੰਤੂ ਹਸਤਨਾਪੁਰ ਸੁਰੱਖਿਅਤ ਨਾ ਰਿਹਾ। ਯੁੱਧ ਵਿੱਚ ਹੋਈ ਬਰਬਾਦੀ ਨੂੰ ਵਧਾ ਚੜ੍ਹਾ ਕੇ ਦੱਸਣ ਵਾਲੇ ਲੋਕ ਸ਼ਾਇਦ ਇਹ ਸਮਝਦੇ ਹਨ ਕਿ ਅਜੇਹੀ ਬਰਬਾਦੀ ਅਸਲ ਵਿੱਚ ਬਰਬਾਦੀ ਨਹੀਂ ਆਖੀ ਜਾਣੀ ਚਾਹੀਦੀ। ਇਹ ਤਾਂ ਯੁੱਧ-ਦੇਵ ਅਤੇ ਦੇਸ਼-ਭਗਤੀ ਦੀ ਦੇਵੀ ਨੂੰ ਅਰਪਣ ਕੀਤਾ ਹੋਇਆ ਨਜ਼ਰਾਨਾ ਜਾਂ ਸ਼ੁਕਰਾਨਾ ਹੈ; ਹਾਰੇ ਹੋਏ ਧੜੇ ਵੱਲੋਂ ਨਜ਼ਰਾਨਾ ਅਤੇ ਜਿੱਤੇ ਹੋਏ ਧੜੇ ਵੱਲੋਂ ਸ਼ੁਕਰਾਨਾ। ਮਨੁੱਖ ਵਿੱਚ ਅਜੇਹੇ ਸ਼ੁਕਰਾਨੇ ਦੀ ਭਾਵਨਾ ਏਨੀ ਪ੍ਰਬਲ ਰਹੀ ਹੈ ਕਿ ਚੌਧਵੀਂ ਅਤੇ ਪੰਦਰਵੀਂ ਸਦੀ ਵਿੱਚ ਟੈਨੇਕਟਿਟਲਨ (ਅਜੋਕਾ ਮੈਕਸੀਕੋ ਸ਼ਹਿਰ) ਦੇ ਹਾਕਮ ਕਬੀਲੇ, ਏਜ਼ਟੈਕ, ਦੇ ਲੋਕ ਹਾਰੇ ਹੋਏ ਦੁਸ਼ਮਨ ਦੇ ਸੈਨਿਕਾਂ ਨੂੰ ਆਪਣੇ ਦੇਵਤਿਆਂ ਦੀ ਖੁਸ਼ੀ ਲਈ ਕੁਰਬਾਨ ਕਰਦੇ ਹੁੰਦੇ ਸਨ। ਉਨ੍ਹਾਂ ਦੇ ਇਤਿਹਾਸ ਵਿੱਚ ਲਿਖਿਆ ਹੈ ਕਿ ਇੱਕ ਵੇਰ ਉਨ੍ਹਾਂ ਨੇ ਅੱਸੀ ਹਜ਼ਾਰ ਆਦਮੀਆਂ ਦੀ ਬਲੀ ਦੇ ਕੇ ਦੇਵਤਿਆਂ ਦੀ ਪ੍ਰਸੰਨਤਾ ਪ੍ਰਾਪਤ ਕੀਤੀ। ਇਸ ਵਿੱਚ ਕੁਝ ਅੱਤਕਥਨੀ ਵੀ ਹੋ ਸਕਦੀ ਹੈ; ਪਰ ਅੱਤਕਥਨੀ ਦੀ ਹੋਂਦ ਹੀ ਤਾਂ ਇਹ ਪ੍ਰਗਟ ਕਰਦੀ ਹੈ ਕਿ ਇਸ ਕੰਮ ਨੂੰ ਕਿੰਨਾ ਜ਼ਰੂਰੀ ਅਤੇ ਪ੍ਰਕਿਸ਼ਨਾਪੂਰਣ ਸਮਝਿਆ ਜਾਂਦਾ ਸੀ । ਅਤੇ ਇਹ ਗੱਲ ਮਹਾਂਭਾਰਤ ਜਿੰਨੀ ਪੁਰਾਣੀ ਨਹੀਂ। ਏਜ਼ਟੈਕ ਐਂਪਾਇਰ 1521 ਈ: ਵਿੱਚ ਸਪੇਨ ਦੇ ਜਰਨੈਲ, ਕਾਰਟੇਜ਼ ਦੁਆਰਾ ਖ਼ਤਮ ਕੀਤੀ ਗਈ ਸੀ।
ਬੰਗਲਾ ਦੇਸ਼ ਦੀ ਸਥਾਪਤੀ ਸਮੇਂ ਨੱਥੇ ਹਜ਼ਾਰ ਸੈਨਿਕਾਂ ਨੇ ਹਥਿਆਰ ਸੁੱਟੇ ਸਨ। ਜੇ ਉਦੋਂ ਭਾਰਤੀ ਦੇਵਤੇ ਅਜੇਹੇ ਸ਼ੁਕਰਾਨੇ ਦੇ ਚਾਹਵਾਨ ਹੁੰਦੇ ਤਾਂ ਏਜ਼ਟੈਕ ਕਬੀਲੇ ਦਾ ਰਿਕਾਰਡ ਟੁੱਟ ਜਾਣਾ ਸੀ ਅਤੇ ਦੂਜੀ ਧਿਰ ਦੀਆਂ ਇਲਾਹੀ ਖ਼ੁਸ਼ੀ ਦੀਆਂ ਉਮੀਦਾਂ ਨਵੇਂ ਰਿਕਾਰਡ ਨਾਲ ਵਾਬਸਤਾ ਹੋ ਜਾਣੀਆਂ ਸਨ। ਹਿਟਲਰ ਇਹ ਸਾਬਤ ਕਰ ਚੁੱਕਾ ਹੈ ਕਿ ਵਿਗਿਆਨਿਕ ਤਕਨੀਕ ਦੀ ਵਰਤੋਂ ਨਾਲ ਨਵੇਂ ਰਿਕਾਰਡ ਕਾਇਮ ਕਰਨੇ ਸੌਖੇ ਹੋ ਗਏ ਹਨ।
ਜਦੋਂ ਤਕਨੀਕ ਨੇ ਅਜੇ ਅਜੋਕੀਆ ਸਿਖਰਾਂ ਨਹੀਂ ਸਨ ਛੂਹੀਆਂ, ਉਦੋਂ ਮਨੁੱਖ ਆਪਣੀਆਂ ਲੜਾਈਆਂ ਨੂੰ ਧਰਮ ਅਤੇ ਅਧਰਮ, ਨੇਕੀ ਅਤੇ ਬਦੀ, ਹੱਕ ਅਤੇ ਕੁਫ਼ਰ, ਆਸਤਿਕਤਾ ਅਤੇ ਨਾਸਤਿਕਤਾ ਦੀ ਲੜਾਈ ਦੱਸ ਕੇ ਆਪਣੀ ਪਸੰਦ ਦੇ ਧੜੇ ਨੂੰ ਉਹ ਸਾਰੇ ਵਸੀਲੇ ਵਰਤਣ ਦੀ ਖੁੱਲ੍ਹ ਦਿੰਦਾ ਸੀ ਜਿਹੜੇ ਵਿਰੋਧੀ ਧੜੇ ਦੁਆਰਾ ਵਰਤੇ ਜਾਣੇ ਘੋਰ ਪਾਪ ਦੱਸੇ ਜਾਂਦੇ ਸਨ। ਕਈਆਂ ਹਾਲਤਾਂ ਵਿੱਚ ਉਨ੍ਹਾਂ ਪਾਪ-ਰੂਪ ਵਸੀਲਿਆਂ ਨੂੰ ਵਰਤਣਾ ਫ਼ਰਜ਼ ਦਾ ਦਰਜਾ ਪ੍ਰਾਪਤ ਕਰ ਜਾਂਦਾ ਸੀ; ਹੁਣ ਵੀ ਕਰਦਾ ਹੈ। ਮੰਨਣ ਨੂੰ ਭਾਵੇਂ ਇਹੋ ਮੰਨਿਆ ਜਾਂਦਾ ਸੀ ਕਿ ਸੱਚ, ਧਰਮ, ਨਿਆਂ ਜਾ ਨੇਕੀ ਦੀ ਜਿੱਤ ਹੋਈ ਹੈ ਪਰੰਤੂ ਅਸਲੀਅਤ ਇਹ ਹੈ ਕਿ ਜਿੱਤ ਸਦਾ ਹੀ ਤਕਨੀਕ ਦੀ ਹੁੰਦੀ ਸੀ। ਸਰਵੋਤਮ ਸੰਦ ਵਿਸ਼ਨੂੰ ਕੋਲ ਹੀ ਦੱਸਿਆ ਜਾਂਦਾ ਸੀ ਅਤੇ ਉਹ ਧਰਮ ਦੇ ਧੜੇ ਵੱਲ ਹੁੰਦਾ ਸੀ।
ਅਜੋਕੀ ਹਾਲਤ ਹੋਰ ਹੈ। ਇੱਕ ਤਾਂ ਤਕਨੀਕ ਬਹੁਤ ਹੀ ਵਿਰਾਟ ਰੂਪ ਧਾਰਨ ਕਰ ਚੁੱਕੀ ਹੈ। ਅੱਜ ਅਮਰੀਕਾ ਅਤੇ ਪੱਛਮੀ ਯੂਰਪ