ਪੱਛਮ ਅਤੇ ਪੂਰਬ ਵਿੱਚ ਅੱਤ ਨੇੜਲੇ ਸੰਬੰਧ ਪੈਦਾ ਹੋ ਰਹੇ ਹਨ। ਇਹ ਸਭ ਕੁਝ ਅਜੇਹਾ ਵਾਤਾਵਰਨ ਉਸਾਰ ਰਿਹਾ ਹੈ ਜਿਸ ਵਿੱਚ ਅਲੰਕਿਕ ਆਦਰਸ਼ਾਂ ਦਾ ਮਹੱਤਵ ਘੱਟ ਕੇ ਮਨੁੱਖੀ ਜੀਵਨ ਲਈ ਸੰਸਾਰਕ ਸੁਪਨੇ ਵੇਖਣੇ ਸੁਭਾਵਕ ਹੁੰਦੇ ਜਾਣ ਦੀ ਸੰਭਾਵਨਾ ਹੈ।
ਲੋੜ ਹੈ ਰਿਨੇਸਾਂਸ ਦੀ। ਕਲਾ ਅਤੇ ਸਾਹਿਤ ਨੇ ਆਪਣੇ ਧਰਮ ਨੂੰ ਅਜੇ ਨਹੀਂ ਪਛਾਣਿਆ। ਸਾਡਾ ਸਾਹਿਤ ਸਿਆਸੀ, ਸਮਾਜੀ ਅਤੇ ਧਾਰਮਿਕ ਭ੍ਰਿਸ਼ਟਾਚਾਰ ਦੀ ਆਲੋਚਨਾ ਕਰਦਾ ਹੋਇਆ ਇਹ ਭੁੱਲ ਜਾਂਦਾ ਹੈ ਕਿ ਨਿਰੀ ਆਲੋਚਨਾ ਨਾਲ ਉਸ ਦਾ ਫਰਜ਼ ਪੂਰਾ ਨਹੀਂ ਹੁੰਦਾ। ਆਲੋਚਨਾ ਬਹੁਤੀ ਸ੍ਰੇਸ਼ਟ ਚੀਜ਼ ਵੀ ਨਹੀਂ। ਇਹ ਵਿਰੋਧਾਂ ਅਤੇ ਸੰਘਰਸ਼ਾਂ ਦੀ ਰੁਚੀ ਨੂੰ ਉਭਾਰਦੀ ਹੈ। ਸਾਡੀ ਸਾਹਿਤਕ ਕਲਪਨਾ ਮਨੁੱਖੀ ਜੀਵਨ ਦੇ ਭਾਵੀ ਸੌਂਦਰਯ ਵਿੱਚ ਝਾਤੀ ਨਹੀਂ ਮਾਰ ਸਕੀ। ਇਉਂ ਲੱਗਦਾ ਹੈ ਕਿ ਸਾਡੇ ਕਲਾਕਾਰ ਅਤੇ ਸਾਹਿਤਕਾਰ ਆਪਣੇ ਸਾਂਸਕ੍ਰਿਤਿਕ ਅਤੀਤ ਨਾਲ ਜੁੜੇ-ਜਕੜੇ ਗਏ ਹਨ ਅਤੇ ਕਿਸੇ ਸੁੰਦਰ ਭਵਿੱਖ ਵਿੱਚ ਵਿਸ਼ਵਾਸ ਹੀ ਨਹੀਂ ਰੱਖਦੇ। ਸਾਡੀ ਕਵਿਤਾ ਛੰਦ-ਮੁਕਤ ਕਾਵਿ ਦਾ ਤਿਆਗ ਕਰ ਕੇ ਗਜ਼ਲ ਦੇ ਕਾਵਿ-ਰੂਪ ਨੂੰ ਅਪਣਾਉਣ ਵਿੱਚ ਆਧੁਨਿਕਤਾ ਮੰਨਦੀ ਹੈ ਅਤੇ ਸਾਡਾ ਗਲਪ ਸਾਹਿਤ ਕਾਮੁਕਤਾ ਅਤੇ ਅਸ਼ਲੀਲਤਾ ਵਿੱਚ ਉੱਤਰ-ਆਧੁਨਿਕਤਾ ਵੇਖਦਾ ਹੈ।
ਉਚੇਰੀ ਬੌਧਿਕਤਾ ਭਰਪੂਰ ਵਾਰਤਕ ਵੀ ਅਸੀਂ ਨਹੀਂ ਲਿਖ ਸਕੇ । ਸਾਡੇ ਵਿਦਵਾਨਾਂ ਦੀ ਸਾਰੀ ਬੌਧਿਕ ਸੱਤਾ ਅਬੌਧਿਕ ਸਾਹਿਤ ਦੀ ਅਕਾਦਮਕ ਆਲੋਚਨਾ ਕਰਨ ਵਿੱਚ ਮਰਚ ਹੋ ਰਹੀ ਹੈ। ਲੋੜ ਉਸ ਬੌਧਿਕਤਾ ਦੀ ਹੈ ਜੋ ਜੀਵਨ ਦੀ ਸੋਚ ਅਤੇ ਜੀਵਨ ਦੇ ਅਮਲ ਦੀ ਸੇਧ ਨੂੰ ਪਛਾਣ ਕੇ ਮਨੁੱਖੀ ਮਨ ਵਿੱਚ ਮੰਜ਼ਿਲ ਦੀ ਪ੍ਰਾਪਤੀ ਦਾ ਉਤਸ਼ਾਹ ਅਤੇ ਚਾਅ ਪੈਦਾ ਕਰ ਸਕੇ। ਜਿਸ ਰਿਨੇਸਾਂਸ ਦੀ ਅੱਜ ਲੋੜ ਹੈ, ਉਹ ਯੂਰਪੀ ਰਿਨੇਸਾਂਸ ਨਾਲੋਂ ਕੁਝ ਵੱਖਰੀ ਹੈ। ਯੂਰਪੀ ਰਿਨੇਸਾਂਸ ਮਾਨਵਵਾਦ ਤਕ ਸੀਮਿਤ ਸੀ। ਆਧੁਨਿਕ ਰਿਨੇਸਾਂਸ ਨੇ ਮਾਨਵਵਾਦ ਦੇ ਨਾਲ ਨਾਲ ਸਾਇੰਸ, ਸਨਅਤ ਅਤੇ ਆਧੁਨਿਕ ਤਕਨੀਕ ਦੇ ਸਹਾਰੇ ਸਮੁੱਚੀ ਮਨੁੱਖਤਾ ਲਈ ਖੁਸ਼, ਖੁਸ਼ਹਾਲ ਅਤੇ ਖੂਬਸੂਰਤ ਸੰਸਾਰਕ ਜੀਵਨ ਦੇ ਸੁਪਨਿਆਂ ਨੂੰ ਅਲੌਕਿਕ ਆਦਰਸ਼ਾਂ ਨਾਲੋਂ ਸ੍ਰੇਸ਼ਟ ਆਖਣ ਦੀ ਦਲੇਰੀ ਕਰਨ ਦਾ ਫ਼ਰਜ਼ ਨਿਭਾਉਣਾ ਹੈ।
ਜਦੋਂ ਵੀ ਕੋਈ ਬੌਧਿਕਤਾ ਆਪਣਾ ਇਹ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰੇਗੀ, ਉਦੋਂ ਉਸ ਦੇ ਸਾਹਮਣੇ ਸੰਸਕ੍ਰਿਤੀਆਂ, ਕੌਮੀ ਗੌਰਵਾਂ ਅਤੇ ਸਰਵਸੰਤਾਵਾਦਾਂ ਵਰਗੇ ਲੇਕਿਕ (ਦੁਨਿਆਵੀ ਜਾਂ ਸਮਾਜੀ) ਆਦਰਸ਼ ਵੀ ਆਉਣਗੇ। ਸ਼ੁੱਧ ਬੌਧਿਕਤਾ ਨੂੰ ਇਹ ਆਦਰਸ਼ ਵੀ ਧਰਤੀ ਉਤਲੇ ਮਨੁੱਖੀ ਜੀਵਨ ਦੀ ਖ਼ੁਸ਼ੀ, ਖੁਸ਼ਹਾਲੀ ਅਤੇ ਖੂਬਸੂਰਤੀ ਦੇ ਵਿਰੋਧੀ ਜਾਪਣਗੇ। ਉਹ ਬੌਧਿਕਤਾ ਸਾਰੀ ਦੁਨੀਆ ਦੀ ਸਾਂਝੀ ਸਰਕਾਰ ਬਾਰੇ ਸੋਚਣ ਲਈ ਮਜਬੂਰ ਹੋ ਜਾਵੇਗੀ। ਹੈ ? ਸਾਰੇ ਸੰਸਾਰ ਦੀ ਇੱਕ ਸਰਕਾਰ? ਇਹ ਕਿਹੋ ਜੇਹੀ ਰਿਨੇਸਾਂਸ ਹੋਈ ?
ਪਹਿਲਾਂ ਲਿਖ ਚੁੱਕਾ ਹਾਂ ਕਿ ਹੁਣ ਵਾਲੀ ਰਿਨੋਸਾਂਸ ਪੰਦਰਵੀਂ ਸੋਲ੍ਹਵੀਂ ਸਦੀ ਦੀ ਰਿਨੇਸਾਂਸ ਨਾਲੋਂ ਵੱਖਰੀ ਹੋਵੇਗੀ। ਉਹ ਰਿਨੇਸਾਂਸ ਅਤੀਤਮੁਖੀ ਸੀ । ਈਸਾਈ ਪਰਲੋਕਵਾਦ ਦੀ ਸੰਧਿਆ ਸਮੇਂ, ਪੁਰਾਤਨ ਯੂਨਾਨੀ ਸੋਚ ਵਿੱਚੋਂ ਮਾਨਵਵਾਦ ਦੇ ਚਾਨਣ ਦੀ ਸਹਾਇਤਾ ਨਾਲ ਮਨੁੱਖੀ ਦਿਸਹੱਦਿਆਂ ਨੂੰ ਉਸਾਗਤ ਕਰ ਕੇ ਉਸ ਰਿਨੇਸਾਂਸ ਨੇ ਆਪਣਾ ਫ਼ਰਜ਼ ਪੁਰਾ ਕੀਤਾ ਸੀ। ਸਾਇੰਸ ਅਤੇ ਤਕਨੀਕ ਦੇ ਭਾਵੀ ਜਗਤ ਵਿੱਚ ਛਾਤੀ ਪਾ ਕੇ ਉਸ ਦੀ ਨੁਹਾਰ ਉਲੀਕਣੀ ਅਤੇ ਨਵ-ਮਾਨਵ ਨੂੰ ਉਸ ਵਿੱਚ ਪਰਵੇਸ਼ ਕਰਨ ਦੀ ਪ੍ਰੇਰਣਾ ਦੇਣ ਦਾ ਕੰਮ ਕਰਨਾ ਹੈ ਅਜੋਕੀ ਨਵੀਂ ਭਵਿੱਖ-ਮੁਖੀ ਰਿਨੋਸਾਂਸ ਨੇ।