ਵਿਗਿਆਨਕ ਤਕਨੀਕ ਅਤੇ ਸੱਭਿਆਚਾਰਕ ਪਛੜੇਵਾਂ
ਪਦਾਰਥਕ ਪਰਿਸਥਿਤੀਆਂ ਮਨੁੱਖ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਮਨੁੱਖੀ ਮਾਨਸਿਕਤਾ ਪਦਾਰਥਕ ਪਰਿਸਥਿਤੀਆਂ ਨੂੰ ਵਿਕਸਾਉਂਦੀ ਹੈ। ਇਹ ਰਿਸ਼ਤਾ ਅਨਾਦੀ ਅਤੇ ਅਨੰਤ ਹੈ। ਜੀਵਨ ਲਈ ਲੋੜ ਦੀਆਂ ਵਸਤਾਂ ਦੇ ਵਸੀਲੇ, ਵਸੀਲਿਆਂ ਨੂੰ ਵਰਤਣ ਦੀ ਯੋਗਤਾ ਅਤੇ ਵਸੀਲਿਆਂ ਦੀ ਮਾਲਕੀ ਦੀ ਵਿਉਂਤ ਸਾਰੇ ਮਿਲ ਕੇ ਇੱਕ ਸੱਭਿਅਤਾ ਨੂੰ ਜਨਮ ਦਿੰਦੇ ਹਨ। ਸੱਭਿਅਤਾ ਜੀਵਨ ਵਿੱਚ ਕਈ ਪ੍ਰਕਾਰ ਦੇ ਸੁਹਜਾਂ, ਸਵਾਦਾਂ, ਸੁਪਨਿਆਂ, ਸੋਚਾਂ, ਵਿਸ਼ਵਾਸਾਂ, ਰਸਮਾਂ, ਰਿਵਾਜਾਂ, ਪਰੰਪਰਾਵਾਂ ਅਤੇ ਮਨ-ਪਰਚਾਵਿਆਂ ਨੂੰ ਜਨਮ ਦਿੰਦੀ ਹੈ। ਇਨ੍ਹਾਂ ਸਾਰਿਆਂ ਨੂੰ ਸੰਸਕ੍ਰਿਤੀ ਜਾਂ ਸੱਭਿਆਚਾਰ ਆਖਿਆ ਜਾਂਦਾ ਹੈ। ਪਰਵਾਸਾਂ, ਵਾਪਾਰਕ ਸੰਬੰਧਾਂ, ਸੈਨਿਕ ਹਮਲਿਆਂ, ਕੁਦਰਤ ਦੇ ਕੋਪਾਂ ਅਤੇ ਵਿਸ਼ੇਸ਼ ਵਿਅਕਤੀਆਂ ਦੀਆਂ ਸੋਚਾਂ ਕਾਰਨ ਸੱਭਿਅਤਾਵਾਂ ਵਿੱਚ ਤੋੜ-ਫੋੜ ਅਤੇ ਵਿਕਾਸ ਹੁੰਦਾ ਆਇਆ ਹੈ। ਸੱਭਿਅਤਾ ਵਿੱਚ ਹੋਣ ਵਾਲੀ ਹਰ ਤਬਦੀਲੀ ਸੱਭਿਆਚਾਰ ਵਿੱਚ ਲੋੜੀਂਦੀ ਤਬਦੀਲੀ ਦੀ ਮੰਗ ਕਰਦੀ ਹੈ। ਇਹ ਰਿਸ਼ਤਾ ਅਨਾਦੀ ਅਤੇ ਅਨੰਤ ਹੈ।
ਇਹ ਅਨਾਦੀ ਅਤੇ ਅਨੰਤ ਰਿਸ਼ਤਾ ਸਮਾਜਕ ਵਿਕਾਸ ਵਿੱਚ ਕਈ ਪ੍ਰਕਾਰ ਦੇ ਕੋਝਾਂ ਅਤੇ ਕਲੇਸ਼ਾਂ ਦਾ ਕਾਰਨ ਬਣਦਾ ਆਇਆ ਹੈ। ਕਈ ਵੇਰ ਸੱਭਿਅਤਾਵਾਂ ਏਨੀ ਤੇਜ਼ੀ ਨਾਲ ਬਦਲ ਜਾਂਦੀਆਂ ਰਹੀਆਂ ਹਨ ਜਾਂ ਨਵੇਂ ਪ੍ਰਭਾਵ ਏਨੀ ਪ੍ਰਬਲਤਾ ਨਾਲ ਹਾਵੀ ਹੋ ਜਾਂਦੇ ਰਹੇ ਹਨ ਕਿ ਸੱਭਿਆਚਾਰ ਉਨ੍ਹਾਂ ਨੂੰ ਪ੍ਰਵਾਨ ਕਰਨ ਇਨਕਾਰ ਕਰ ਦਿੰਦਾ ਰਿਹਾ ਹੈ। ਕਿਸੇ ਧੌਂਸ ਦੇ ਰੂਪ ਵਿੱਚ ਪਾਏ ਜਾਂ ਠੋਸੇ ਗਏ ਪ੍ਰਭਾਵ, ਲਾਭਦਾਇਕ ਹੁੰਦਿਆਂ ਹੋਇਆਂ ਵੀ, ਸੁਖਾਵੇਂ ਨਹੀਂ ਸਮਝੇ ਜਾਂਦੇ। ਅੰਗ੍ਰੇਜ਼ੀ ਰਾਜ ਸਮੇਂ ਭਾਰਤ ਉੱਤੇ ਪੈ ਰਹੇ ਪੱਛਮੀ ਪ੍ਰਭਾਵਾਂ ਨੂੰ ਪ੍ਰਵਾਨ ਕਰਨ ਦੀ ਗੱਲ ਦੇਸ਼-ਧਰੋਹ ਦੇ ਨੇੜੇ-ਤੇੜੇ ਦੀ ਗੱਲ ਸਮਝੀ ਜਾਂਦੀ ਸੀ ਕਿਉਂ ਜੁ ਭਾਰਤ ਦੇ ਲੋਕ ਅੰਗ੍ਰੇਜ਼ੀ ਰਾਜ ਵਿੱਚ ਭਾਰਤ ਦੀ ਗੁਲਾਮੀ ਵੇਖਦੇ ਸਨ। ਭਾਰਤ ਦੀ ਆਜ਼ਾਦੀ ਤੋਂ ਪਿੱਛੋਂ ਕੁਝ ਹੀ ਸਾਲਾਂ ਵਿੱਚ ਪੱਛਮੀ ਜੀਵਨ-ਜਾਚ ਲਈ ਉਪਜਣ ਵਾਲੀ ਇੱਛਾ ਹੁਣ ਅੱਧੀ ਸਦੀ ਦੇ ਵਿੱਚ-ਵਿੱਚ, ਇੱਕ ਝੱਲ ਦਾ ਰੂਪ ਧਾਰ ਗਈ ਹੈ। ਭਾਰਤੀ ਸਮਾਜ ਦਾ ਪ੍ਰਭਾਵਸ਼ਾਲੀ ਅਤੇ ਸਤਿਕਾਰਯੋਗ ਹਿੱਸਾ ਪੱਛਮੀ ਜੀਵਨ-ਜਾਚ ਨੂੰ ਅਪਣਾਉਣ ਵਿੱਚ ਉਚੇਚਾ ਗੌਰਵ ਸਮਝਣ ਲੱਗ ਪਿਆ ਹੈ।
ਸੱਭਿਆਚਾਰ ਇੱਕ ਪ੍ਰਕਾਰ ਦੀ ਲੋਕਾਦਤ (ਲੋਕ-ਆਦਤ-ਲੋਕਾਂ ਦੀ ਆਦਤ ਹੁੰਦੀ ਹੈ। ਆਦਤ, ਚੰਗੀ ਜਾਂ ਬੁਰੀ, ਦਾ ਤਿਆਰ ਔਖਾ ਹੁੰਦਾ ਹੈ ਕਿਉਂਜੁ ਆਦਤ ਜੀਵਨ ਨੂੰ ਸਰਲ ਬਣਾਉਂਦੀ ਹੈ। ਸੱਭਿਆਚਾਰ ਸਾਡੀ ਸੋਚ, ਸਾਡੀ ਬੋਲੀ ਅਤੇ ਸਾਡੇ ਕਰਮ ਦਾ ਰੂਪ ਧਾਰ ਕੇ ਸਾਡੀ ਹੋਂਦ ਦਾ ਹਿੱਸਾ ਬਣ ਗਿਆ ਹੋਣ ਕਰਕੇ ਤਿਆਗਣਾ ਔਖਾ ਹੋ ਜਾਂਦਾ ਹੈ। ਹਰ ਸਮਾਜ ਵਿੱਚ ਕੁਝ ਕੁ ਲੋਕ ਅਣਗੌਲੇ ਹੁੰਦੇ ਹਨ। ਉਹ ਨਵੇਂ ਸੱਭਿਆਚਾਰ ਨੂੰ ਛੇਤੀ ਕਬੂਲਦੇ ਪਰਤੀਤ ਹੁੰਦੇ ਹਨ, ਕੇਵਲ ਪਰਤੀਤ। ਉਨ੍ਹਾਂ ਦਾ ਇਉਂ ਕਰਨਾ ਉਨ੍ਹਾਂ ਦੀ ਕਿਸੇ ਬੌਧਿਕ ਸ੍ਰੇਸ਼ਟਤਾ ਕਰਕੇ ਨਹੀਂ ਹੁੰਦਾ ਸਗੋਂ ਉਨ੍ਹਾਂ ਦੇ ਅਸੰਤੋਸ਼ ਅਤੇ ਉਨ੍ਹਾਂ ਦੀ ਸੱਭਿਆਚਾਰਕ ਊਣ ਕਰਕੇ ਹੁੰਦਾ