ਉਸ ਨੇ ਅਜੇ ਸੱਭਿਆਚਾਰਾਂ ਦੀ ਉਸਾਰੀ ਨਹੀਂ ਸੀ ਕੀਤੀ। ਕਿਸਾਨਾ ਯੁਗ ਇਸ ਉਸਾਰੀ ਦਾ ਯੁਗ ਹੈ। ਇਸ ਯੁਗ ਵਿੱਚ ਸੱਭਿਆਚਾਰਾਂ ਨੂੰ ਅਧਿਆਤਮਕ ਆਧਾਰ ਅਤੇ ਦਾਰਸ਼ਨਿਕ ਪਾਸਾਰ ਪ੍ਰਦਾਨ ਕੀਤੇ ਗਏ ਹਨ। ਕਿਸਾਨੇ ਯੁਗ ਦੇ ਵਿਚਾਰਵਾਨਾਂ, ਵਿਦਵਾਨਾਂ ਅਤੇ ਅਧਿਆਤਮਕ ਆਗੂਆਂ ਦਾ ਇਹ ਖ਼ਿਆਲ ਸੀ ਕਿ ਕਿਸਾਨਾ ਯੁਗ ਆਪਣੇ ਆਪ ਵਿੱਚ ਪਰੀਪੂਰਣ ਅਤੇ ਅੰਤਲਾ ਯੁਗ ਹੈ। ਇਹ ਕਿਸੇ ਪ੍ਰਲੈ ਨਾਲ ਨਾਸ਼ ਤਾਂ ਹੋ ਸਕਦਾ ਹੈ, ਪਰੰਤੂ ਇਸ ਵਿੱਚ ਵਿਕਾਸ ਦੀ ਕੋਈ ਸੰਭਾਵਨਾ ਨਹੀਂ, ਜਾਂ ਕਿਸੇ ਬੁਨਿਆਦੀ ਤਬਦੀਲੀ ਦੀ ਕੋਈ ਲੋੜ ਨਹੀਂ। ਪੈਗ਼ੰਬਰਾਂ ਵਲੋਂ ਕਿਆਮਤ ਅਤੇ ਅੰਤਲੀ ਅਦਾਲਤ ਦੇ ਵਿਸਥਾਰ-ਕੇ ਦੀ ਭਿਆਨਕਤਾ ਅਤੇ ਸਦੀਵਤਾ ਦੇ ਮਨੋਰਥ ਨੂੰ ਮੁੱਖ ਰੱਖ ਕੇ ਕੀਤੇ ਗਏ ਸਨ। ਜੰਨਤ ਦੀ ਹਕ਼ੀਕ਼ਤ ਤੋਂ ਉਹ ਭਲੀ-ਭਾਂਤ ਜਾਣੂੰ ਸਨ। ਜੰਨਤ ਦੀ ਸਦੀਵਤਾ ਤੋਂ ਉਨ੍ਹਾਂ ਦਾ ਏਹੋ ਭਾਵ ਸੀ ਕਿ "ਸਾਡੇ ਦੱਸੇ ਰਾਹ ਉੱਤੇ ਤੁਰਦੇ ਰਹੇ; ਇਹ ਦੁਨੀਆ ਸਦਾ ਕਾਇਮ ਰਹੇਗੀ। ਜਿਥੇ ਰੱਬ ਦਾ ਰਾਜ ਹੈ, ਉਹ ਜੰਨਤ ਹੈ; ਜਿਥੇ ਨਿਆਂ ਹੈ ਓਥੇ ਰੱਬ ਦਾ ਰਾਜ ਹੈ, ਅਤੇ ਜਿਥੇ ਹਰ ਕੋਈ ਆਪਣੇ ਫ਼ਰਜ਼ ਨੂੰ, ਧਰਮ ਨੂੰ, ਪੂਰੀ ਈਮਾਨਦਾਰੀ ਅਤੇ ਯੋਗਤਾ ਨਾਲ ਨਿਭਾਉਂਦਾ ਹੋਇਆ ਰੱਬ ਦੀ ਰਜ਼ਾ ਵਿੱਚ ਰਾਜ਼ੀ ਹੈ, ਓਥੇ ਨਿਆਂ ਹੈ।"
ਇਨ੍ਹਾਂ ਵੇਦ ਵਿਆਸੀ ਅਤੇ ਇਫ਼ਲਾਤੂਨੀ ਸਿਧਾਂਤਾਂ ਦੇ ਸਹਾਰੇ ਕਿਸਾਨੇ ਯੁਗ ਦੇ ਰਾਜ-ਤੰਤਰਾਂ ਵਿੱਚ ਉਪਜੇ ਅਤੇ ਵਿਕਸੇ ਹੋਏ ਸਮਾਜਕ, ਧਾਰਮਕ, ਸੱਭਿਆਚਾਰਕ ਅਤੇ ਰਾਜਨੀਤਕ ਆਦਰਸ਼, ਲੰਮੇ ਅਭਿਆਸ ਦੀ ਵਜਹ ਨਾਲ, ਮਨੁੱਖੀ ਮਾਨਸਿਕਤਾ ਦਾ ਅੰਗ ਬਣ ਚੁੱਕੇ ਹਨ। ਇਨ੍ਹਾਂ ਵਿੱਚੋਂ ਕੁਝ ਇੱਕ ਨਿਸਚੇ ਹੀ ਸਤਿਕਾਰਯੋਗ ਹਨ, ਪਰੰਤੂ ਕੁਝ ਇੱਕ ਅਜੇਹੇ ਵੀ ਹਨ ਜੋ ਸਤਿਕਾਰਯੋਗ ਭਾਸਦੇ ਹੋਏ ਮਨੁੱਖ ਦੇ ਸਮਾਜਕ ਅਤੇ ਵਿਅਕਤੀਗਤ ਵਿਕਾਸ ਦੇ ਵਿਰੋਧੀ ਹਨ। ਮੈਂ ਆਪਣੀਆਂ ਲਿਖਤਾਂ ਵਿੱਚ ਦੇਸ਼-ਭਗਤੀ, ਮਾਤ-ਭਾਸ਼ਾ-ਭਗਤੀ, ਕੁਰਬਾਨੀ-ਸ਼ਹੀਦੀ, ਏਕਤਾ ਅਤੇ ਬਹਾਦਰੀ ਵਰਗੇ ਆਦਰਸ਼ਾਂ ਬਾਰੇ ਲਿਖਦਾ ਆਇਆ ਹਾਂ। ਇਨ੍ਹਾਂ ਆਦਰਸ਼ਾਂ ਸੰਬੰਧੀ ਆਪਣੇ ਵਿਚਾਰਾਂ ਨੂੰ ਦੁਹਰਾਉਣ ਵਿੱਚ ਮੈਂ ਕੋਈ ਬੁਰਾਈ ਨਹੀਂ ਸਮਝਦਾ,ਕਿਉਂ ਜੁ ਮੈਂ ਕਿਸੇ ਇਮਤਿਹਾਨੀ ਲੋੜ ਨੂੰ ਮੁੱਖ ਰੱਖ ਕੇ ਨਹੀਂ ਲਿਖਦਾ। ਮੇਰਾ ਮਨੋਰਥ ਹੈ ਇਨ੍ਹਾਂ ਆਦਰਸ਼ਾਂ ਦੀ ਨਿਰਪੱਖ ਆਲੋਚਨਾ ਕਰ ਕੇ, ਮਨੁੱਖਤਾ ਦੇ ਉਸ ਭਾਗ ਨੂੰ ਜਿਸ ਦਾ ਕਿਸੇ ਕਾਰਨ ਮੇਰੇ ਨਾਲ ਬੌਧਿਕ ਸੰਪਰਕ ਹੋ ਗਿਆ ਹੈ, ਸੁਤੰਤਰਤਾ ਨਾਲ ਸੋਚਣ ਦੀ ਸਲਾਹ ਅਤੇ ਪ੍ਰੇਰਨਾ ਦੇਣਾ ਤਾਂ ਜੁ ਉਹ ਹੋਰਨਾਂ ਦੇ ਨਾਲ ਨਾਲ ਮੇਰੀ ਸੋਚ ਦੀ ਸੰਕੀਰਣਤਾ ਅਤੇ ਸੋਧ-ਹੀਣਤਾ ਵੱਲ ਵੀ ਸੰਕੇਤ ਕਰ ਸਕਣ।
ਅਜੋਕੀ ਵਿਕਸਿਤ ਵਿਗਿਆਨਿਕ ਸੋਚ ਸਾਹਮਣੇ ਦੇਸ਼-ਭਗਤੀ ਇੱਕ ਨਿਰਥਾਰਕ ਜਿਹਾ ਸ਼ਬਦ-ਸਮਾਸ ਹੈ। ਅੱਜ ਜਦੋਂ ਵਲੈਤ ਦੀ 80 ਪ੍ਰਤੀਸ਼ਤ ਆਬਾਦੀ ਇਰਾਕ ਉੱਤੇ ਹਮਲਾ ਕਰਨ ਦਾ ਵਿਰੋਧ ਕਰਦੀ ਹੈ ਤਾਂ ਦੇਸ਼-ਭਗਤੀ ਅਤੇ ਵਫ਼ਾਦਾਰੀ ਦਾ ਵਾਸਤਾ ਪਾ ਕੇ ਉਸ ਨੂੰ ਆਪਣੀ ਰਾਏ ਬਦਲਣ ਲਈ ਆਖਣ ਦੇ ਯਤਨ ਨੂੰ ਘਟੀਆ ਕਿਸਮ ਦੀ ਸਿਆਸੀ ਕੋਸ਼ਿਸ਼ ਆਖਿਆ ਜਾਵੇਗਾ। ਇਸ ਦੇਸ਼ ਦਾ ਪ੍ਰਧਾਨ ਮੰਤਰੀ ਇਹ ਘਟੀਆਪਨ ਕਦੇ ਨਹੀਂ ਕਰੇਗਾ ਕਿਉਂਕਿ ਏਥੇ ਘਟੀਆ ਸਿਆਸਤਦਾਨਾਂ ਨੂੰ ਦੂਜੀ ਵੇਰ ਵੋਟ ਨਹੀਂ ਦਿੱਤੀ ਜਾਂਦੀ। ਉਹ ਦੇਸ਼ ਭਗਤੀ ਦੀ ਥਾਂ ਸੰਸਾਰ-ਵਿਆਪੀ ਸਾਦਾਮੀ ਖ਼ਤਰੇ ਦੀ ਗੱਲ ਕਰੇਗਾ।
ਆਧੁਨਿਕ ਵਿਕਸਿਤ ਸਮਾਜਾਂ ਵਿੱਚ ਕਿਸੇ ਰਾਜ-ਪ੍ਰਬੰਧ ਪ੍ਰਤੀ ਵਚਨ-ਬੱਧਤਾ ਨੂੰ ਵੀ ਬਹੁਤ ਸਤਿਕਾਰਿਆ ਨਹੀਂ ਜਾਵੇਗਾ। ਅਜੋਕੇ 'ਭੀਸ਼ਮ' ਨੂੰ ਕੁਝ ਵਧੇਰੇ ਸਿਆਣਪ ਤੋਂ ਕੰਮ ਲੈਣਾ ਪਵੇਗਾ।