ਪਿੱਛੇ ਨੈਪੋਲੀਅਨ ਬੋਨਾਪਾਰਟ ਦੀ ਇੱਕ ਸੋਚ ਵੀ ਕੰਮ ਕਰਦੀ ਵੇਖੀ ਜਾ ਸਕਦੀ ਹੈ। ਉਸ ਨੇ ਕਾਨੂੰਨ ਬਣਾ ਦਿੱਤਾ ਸੀ ਕਿ ਪਿਤਾ ਦੀ ਜਾਇਦਾਦ ਸਾਰੇ ਬੱਚਿਆਂ ਵਿੱਚ ਸਾਂਵੀ ਵੰਡੀ ਜਾਣੀ ਚਾਹੀਦੀ ਹੈ। ਇੰਗਲੈਂਡ ਵਿੱਚ ਵੱਡਾ ਪੁੱਤਰ ਜ਼ਮੀਨ-ਜਾਇਦਾਦ ਦਾ ਮਾਲਕ ਮੰਨਿਆ ਜਾਂਦਾ ਹੈ। ਆਪਣੀ ਜਾਇਦਾਦ ਨੂੰ ਵੰਡੀਜਣ ਅਤੇ ਘਟਣ ਤੋਂ ਰੋਕਣ ਲਈ ਫ਼ਰਾਂਸ ਦੇ ਲੋਕਾਂ ਨੇ ਬਹੁਤੇ ਬੱਚੇ ਪੈਦਾ ਕਰਨੇ ਬੰਦ ਕਰ ਦਿੱਤੇ। ਛੇਤੀ ਹੀ ਸਾਇੰਸ ਨੇ ਇਸ ਕੰਮ ਵਿੱਚ ਉਨ੍ਹਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ । ਹੁਣ ਫਰਾਂਸ ਦੀ ਆਬਾਦੀ ਹਰ ਸਾਲ ਵਧਣ ਦੀ ਥਾਂ ਕੁਝ ਘਟਦੀ ਹੈ।
ਆਬਾਦੀ ਦਾ ਵਾਧਾ ਸੰਸਾਰ ਦੇ ਸੁਖ-ਸੌਂਦਰਯ ਦੇ ਰਸਤੇ ਦੀ ਬਹੁਤ ਵੱਡੀ ਰੁਕਾਵਟ ਹੈ। ਵਿੱਦਿਆ ਅਤੇ ਸਤਿਕਾਰਯੋਗ ਜੀਵਨ ਇਸ ਵਾਧੇ ਨੂੰ ਰੋਕਣ ਲਈ ਲੋੜੀਂਦੇ ਹਨ। ਦੁਨੀਆ ਦੇ ਉੱਨਤ ਦੇਸ਼ ਇਹ ਪਸੰਦ ਨਹੀਂ ਕਰਨਗੇ ਕਿ ਗ਼ਰੀਬ ਦੇਸ਼ ਆਪਣੀ ਵੱਸੋਂ ਵਧਾਈ ਜਾਣ ਅਤੇ ਉੱਨਤ ਦੇਸ਼ ਉਨ੍ਹਾਂ ਨੂੰ ਖਾਣ ਨੂੰ ਦੇਈ ਜਾਣ। ਇਸ ਦਾ ਇਲਾਜ ਇਹ ਹੈ ਕਿ ਉੱਨਤ ਦੋਸ਼ਾਂ ਦੀ ਸਿੱਖਿਆ ਅਤੇ ਸਹਾਇਤਾ ਨਾਲ ਅਜੇਹੀ ਜੀਵਨ-ਜੁਗਤੀ ਉਸਾਰ ਲਈ ਜਾਵੇ ਜਿਸ ਦੇ ਨਤੀਜੇ ਵਜੋਂ ਉੱਨਤ ਦੇਸ਼ਾਂ ਨੇ ਆਬਾਦੀ ਦੇ ਬੌ-ਕਾਬੂ ਵਾਧੇ ਦੀ ਚਿੰਤਾ ਤੋਂ ਪਿੱਛਾ ਛੁਡਾ ਲਿਆ ਹੈ। ਫਿਰ ਤੁਰ ਕੇ ਅਸੀਂ ਮੁੜ ਉਸੇ ਨੁਕਤੇ ਉੱਤੇ ਆ ਗਏ ਹਾਂ। ਉਹ ਹੈ ਸਹਾਇਤਾ, ਸਹਿਯੋਗ ਅਤੇ ਮਿੱਤਰਤਾ ਦਾ ਨੁਕਤਾ। ਮਨੁੱਖੀ ਮਾਨਸਿਕਤਾ ਵਿੱਚ ਸਦਭਾਵਨਾ ਦੇ ਵਿਕਾਸ ਬਿਨਾਂ ਸਹਾਇਤਾ, ਸਹਿਯੋਗ ਆਦਿਕ ਠੋਸੇ ਹੋਏ ਅਮਲ (ਕੰਮ) ਬਣ ਜਾਂਦੇ ਹਨ। ਸਦਭਾਵਨਾ ਦੇ ਵਿਕਾਸ ਲਈ ਸਹਾਨੁਭੂਤੀ ਅਤੇ ਸਹਾਨੁਭੂਤੀ (ਅਨੁਭਵ ਦੀ ਸਾਂਝ) ਲਈ ਆਪਸੀ ਮੇਲ-ਜੋਲ ਦੀ ਲੋੜ ਹੁੰਦੀ ਹੈ। ਸਦੀਆਂ ਦਾ ਆਪਸੀ ਮੇਲ-ਜੋਲ ਸਹਾਨੁਭੂਤੀ ਪੈਦਾ ਨਹੀਂ ਕਰ ਸਕਦਾ ਜੇ ਮਨੁੱਖਾਂ ਦੇ ਸੱਭਿਆਚਾਰ ਅਤੇ ਧਾਰਮਿਕ ਆਦਰਸ਼ ਉਨ੍ਹਾਂ ਵਿਚਕਾਰ ਦੀਵਾਰ ਬਣੇ ਰਹਿਣ। ਪੈਲਿਸਟੀਨੀਅਨ ਅਤੇ ਯਹੂਦੀ ਇਕੱਠੇ ਰਹਿੰਦੇ ਹਨ ਉਨ੍ਹਾਂ ਵਿੱਚ ਸਦਭਾਵਨਾ ਨਹੀਂ । ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਹਜ਼ਾਰ ਸਾਲ ਲੰਮੀ ਸਹਾਨੁਭੂਤੀ ਨੇ ਸਦਭਾਵਨਾ ਪੈਦਾ ਨਹੀਂ ਕੀਤੀ।
ਪਹਿਲਾਂ ਸਦਭਾਵਨਾ ਅਤੇ ਪਿੱਛੋਂ ਸਹਾਨੁਭੂਤੀ ਪੈਦਾ ਕਰਨ ਦੀ ਅਧਿਆਤਮਵਾਦੀ ਵਿਧੀ ਘੋੜੇ ਅੱਗੇ ਤਾਂਗਾ ਜੋੜਨ ਵਾਲੀ ਗੱਲ ਹੈ; ਇਹ ਸੰਬੰਧ ਅਯੋਗ ਅਤੇ ਅਣਹੋਣਾ ਹੈ। ਇਸ ਲਈ ਅਨੁਭਵ ਦੀ ਸਾਂਝ (ਸਹਾਨੁਭੂਤੀ) ਦੇ ਨਾਲ ਨਾਲ ਆਦਰਸ਼ਾਂ ਦੇ ਖੋਖਲੇਪਨ ਨੂੰ ਪਰਗਟ ਕਰਨ ਦਾ ਤਰੀਕਾ ਅਪਣਾ ਕੇ ਵੇਖਣਾ ਚਾਹੀਦਾ ਹੈ। ਵਲੈਤ ਵਿੱਚ ਵੱਸਦੇ ਵੱਖ-ਵੱਖ ਸੱਭਿਆਚਾਰਾਂ ਦੇ ਲੋਕਾਂ ਵਿੱਚ ਲੋੜ ਜੋਗੀ ਸਹਾਨੁਭੂਤੀ ਹੈ, ਪਰੰਤੂ ਸੱਭਿਆਚਾਰਕ ਪਛੜੇਵੇਂ (ਆਦਰਸ਼ਾਂ ਦੀ ਪਕੜ) ਨੇ ਉਨ੍ਹਾਂ ਵਿੱਚ ਸਦਭਾਵਨਾ ਦਾ ਵਿਕਾਸ ਨਹੀਂ ਹੋਣ ਦਿੱਤਾ।
ਮੈਂ ਕਹਿ ਰਿਹਾ ਸਾਂ ਕਿ ਗ਼ਰੀਬੀ ਅਤੇ ਆਬਾਦੀ ਇੱਕੋ ਸਮੱਸਿਆ ਦੇ ਦੋ ਰੂਪ ਹਨ। ਇਨ੍ਹਾਂ ਦੀ ਗੱਲ ਕਰਦਿਆਂ ਅਸੀਂ ਸੰਸਾਰ ਦੇ ਸਾਂਝੇ ਕੇਂਦਰੀ ਪ੍ਰਬੰਧ ਦੀ ਲੋੜ ਮਹਿਸੂਸ ਕੀਤੀ ਸੀ। ਸੇਵਰਿਨਿਟੀ (ਪ੍ਰਭੁਸੱਤਾ ਨੇ ਸਾਡਾ ਰਾਹ ਰੋਕ ਲਿਆ ਸੀ । ਹੁਣ ਜਦੋਂ ਅਸੀਂ ਆਤੰਕਵਾਦ ਦੀ ਗੱਲ ਕਰਾਂਗੇ ਤਾਂ ਅਸੀਂ ਆਪਣੇ ਆਪ ਨੂੰ ਆਤੰਕਵਾਦ ਦੇ ਵਿਰੋਧ ਵਿੱਚ ਨਹੀਂ, ਸਗੋਂ ਆਦਰਸ਼ਵਾਦ ਦੇ ਵਿਰੋਧ ਵਿੱਚ ਖਲੋਤੇ ਵੇਖਾਂਗੇ । ਮੈਨੂੰ ਆਦਰਸ਼ਵਾਦ ਅਤੇ ਆਤੰਕਵਾਦ ਵਿੱਚ ਪਿਤਾ-ਪੁੱਤਰ ਦਾ ਸੰਬੰਧ ਪ੍ਰਤੀਤ ਹੁੰਦਾ ਹੈ। ਭਾਵੁਕਤਾ ਆਤੰਕਵਾਦ ਦੀ ਮਾਂ ਹੈ। ਕਿਸੇ ਦੇ ਹੋਣ ਦੀ ਭਾਵਨਾ (sense of belonging) ਆਤੰਕਵਾਦ ਦਾ ਪੰਘੂੜਾ ਹੈ। ਆਤੰਕਵਾਦ ਰੂਪੀ ਪੁੱਤਰ ਜਦੋਂ ਆਪਣਾ ਫ਼ਰਜ਼ ਪੂਰਾ ਕਰ ਕੇ ਘਰ ਆ ਜਾਂਦਾ ਹੈ।