'ਆਦਰਸ਼ਵਾਦ' ਮੱਧਕਾਲ ਦਾ ਪ੍ਰਧਾਨ ਵਾਦ ਸੀ। 'ਏਕ ਤੰਤ' ਮੱਧਕਾਲ ਦਾ ਪ੍ਰਧਾਨ ਰਾਜ-ਪ੍ਰਬੰਧ ਸੀ। ਦੋਹਾਂ ਪ੍ਰਧਾਨਾਂ ਦੀ ਦੋਸਤੀ ਅਜੇ ਵੀ ਕਾਇਮ ਹੈ। ਜਿਥੇ ਜਿਥੇ ਕਿਸੇ ਰੂਪ ਵਿੱਚ (ਡਿਕਟੇਟਰਸ਼ਿਪ ਜਾਂ ਬਾਦਸ਼ਾਹਤ) ਏਕ ਤੰਤ੍ਰ ਮੌਜੂਦ ਹੈ, ਓਥੇ ਓਥੇ ਆਦਰਸ਼ਵਾਦ ਮੌਜੂਦ ਹੈ। ਜਿਥੇ ਆਦਰਸ਼ਵਾਦ ਮੌਜੂਦ ਹੈ ਉਥੇ ਆਤੰਕਵਾਦ ਦਾ ਉਪਜਣਾ ਜ਼ਰੂਰੀ ਹੈ। ਪਰੰਤੂ ਆਤੰਕਵਾਦ ਦੀ ਪੈਦਾਇਸ਼ ਲਈ ਏਕ ਤੋਤ੍ਰ ਓਨਾ ਜ਼ਰੂਰੀ ਨਹੀਂ, ਜਿੰਨਾ ਆਦਰਸ਼ਵਾਦ ਅਤੇ ਭਾਵੁਕਤਾ। ਆਤੰਕਵਾਦ ਦੀ ਪਰਵਰਿਸ਼ ਲਈ'ਕਿਸੇ ਦੇ ਹੋਣ ਦੀ ਭਾਵਨਾ ਵੀ ਜ਼ਰੂਰੀ ਹੈ। ਇਹ ਪੰਘੂੜਾ ਮਾਤਾ-ਪਿਤਾ ਦੀ ਹੋਂਦ ਨਾਲੋਂ ਘੱਟ ਜ਼ਰੂਰੀ ਨਹੀਂ। ਕਿਸੇ ਦੇ ਹੋਣ ਦੀ ਭਾਵਨਾ ਮਨੁੱਖ ਦੇ ਬੌਧਿਕ ਵਿਕਾਸ ਨੂੰ ਰੋਕਦੀ ਹੈ; ਉਸ ਨੂੰ ਆਪਣੀ ਥਾਂ ਇੱਕ ਵੱਖਰਾ ਜ਼ਿੰਮੇਦਾਰ ਵਿਅਕਤੀ ਨਹੀਂ ਬਣਨ ਦਿੰਦੀ। ਇਸ ਭਾਵਨਾ ਦੀ ਵਿਰੋਧੀ ਭਾਵਨਾ ਹੈ ਮਾਲਕੀ ਦੀ ਭਾਵਨਾ (sense of possession)। ਕਿਸੇ ਦੇ ਹੋਣ ਦੀ ਭਾਵਨਾ ਬਚਪਨੀ ਹੈ ਅਤੇ ਮਾਲਕੀ ਦੀ ਭਾਵਨਾ ਮਾਪਿਆਂ ਦੀ ਹੈ। ਜਿਨ੍ਹਾਂ ਮਾਪਿਆਂ ਵਿੱਚ ਇਹ ਭਾਵਨਾ ਪ੍ਰਬਲ ਹੋਵੇ ਉਹ ਆਪਣੇ ਬੱਚਿਆਂ ਨੂੰ ਵਿਅਕਤੀ ਬਣਿਆ ਨਹੀਂ ਵੇਖਣਾ ਚਾਹੁੰਦੇ। ਬੱਚਿਆਂ ਨੇ ਵਿਕਸਣਾ ਹੀ ਹੁੰਦਾ ਹੈ; ਮਾਪੇ ਦੁਖੀ ਹੁੰਦੇ ਹਨ। ਸ਼ੈਕਸਪੀਅਰ ਦੇ ਕਿੰਗਲੀਅਰ ਵਿੱਚ ਮਾਲਕੀ ਦੀ ਭਾਵਨਾ ਦੀ ਪ੍ਰਬਲਤਾ ਵਿੱਚੋਂ ਉਪਜੀ ਹੋਈ ਮਾਯੂਸੀ ਦਾ ਸੁਹਣਾ ਵਿਸਥਾਰ ਹੈ।
ਕਿਸੇ ਦੇ ਹੋਣ ਦੀ ਭਾਵਨਾ ਮਨੁੱਖ ਨੂੰ ਆਪਣੇ ਲਈ ਆਪ ਸੋਚਣ-ਯੋਗ ਨਹੀਂ ਹੋਣ ਦਿੰਦੀ। ਉਹ ਬੱਚਾ ਬਣਿਆ ਰਹਿੰਦਾ ਹੈ।ਬਚਪਨ ਲਈ ਇਹ ਭਾਵਨਾ ਅੱਤ ਲੋੜੀਂਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਆਰੰਭ ਤੋਂ ਹੀ ਬੱਚੇ ਨੂੰ ਆਤਮ ਨਿਰਭਰਤਾ ਲਈ ਉਤਸ਼ਾਹਤ ਕਰਦੇ ਰਹਿਣ। ਇਸ ਸੰਬੰਧ ਵਿੱਚ ਬਹੁਤੀ ਚਿੰਤਾ ਦੀ ਵੀ ਲੋੜ ਨਹੀਂ। ਬਹੁਤੀ ਚਿੰਤਾ ਹਾਨੀਕਾਰਕ ਹੋ ਸਕਦੀ ਹੈ। ਸਾਧਾਰਣ ਤੌਰ ਉੱਤੇ ਸਾਰੇ ਬੱਚੇ ਵੱਡੇ ਹੋਣ ਅਤੇ ਵਿਅਕਤੀ ਬਣਨ ਦੀ ਪਰਵਿਰਤੀ ਰੱਖਦੇ ਹਨ। ਮੱਧਕਾਲ ਵਿੱਚ ਇਸ ਪਰਵਿਰਤੀ ਨੂੰ, ਜਾਣੇ-ਅਣਜਾਣੇ ਦਬਾਉਣ ਦੀ ਕੋਸ਼ਿਸ਼ ਜਾਂ ਗ਼ਲਤੀ ਕੀਤੀ ਗਈ ਹੈ। ਮਨੁੱਖ ਨੂੰ ਪਦਾਰਥ ਅਤੇ ਮਨ, ਜਾਂ ਜੜ ਅਤੇ ਚੇਤਨ, ਜਾਂ ਖ਼ਾਕੀ ਅਤੇ ਨੂਰੀ, ਜਾਂ ਸਰੀਰ ਅਤੇ ਆਤਮਾ ਦੇ ਸੰਜੋਗ ਦੀ ਉਪਜ ਮੰਨਿਆ ਜਾਂਦਾ ਸੀ। ਨਾ ਸਰੀਰ ਉਸ ਦਾ ਆਪਣਾ ਸੀ, ਨਾ ਆਤਮਾ ਉਸ ਦੀ ਆਪਣੀ ਸੀ। ਬਾਈਬਲ ਦਾ ਆਦੇਸ਼ ਹੈ, ਬਾਦਸ਼ਾਹ ਦਾ ਹੱਕ਼ ਬਾਦਸ਼ਾਹ ਨੂੰ ਦਿਓ ਅਤੇ ਰੱਬ ਦੀ ਵਸਤ ਰੱਬ ਦੇ ਹਵਾਲੇ ਕਰੋ। ਸਿਆਣਪ ਇਹ ਮੰਨਣ ਵਿੱਚ ਸੀ ਕਿ ਮੇਰੇ ਵਿੱਚ ਮੇਰਾ ਕੁਝ ਨਹੀਂ। ਇਉਂ ਸਮਝਣ ਵਾਲਾ ਮਨੁੱਖ ਪਾਪ-ਪੁੰਨ ਦੀ ਸੀਮਾ ਪਾਰ ਕਰ ਗਿਆ ਦੱਸਿਆ ਜਾਂਦਾ ਸੀ। ਜਿੰਨਾ ਚਿਰ ਕੋਈ ਇਹ ਸਮਝੇ ਕਿ ਮੈਂ ਆਪਣੇ ਕੰਮ ਦਾ ਕਰਤਾ ਹਾਂ ਓਨਾ ਚਿਰ ਉਸ ਨੂੰ ਚੁਰਾਸੀ ਦੇ ਚੱਕਰ ਵਿੱਚ ਪਏ ਰਹਿਣ ਦੀ ਸਜ਼ਾ ਸੀ। ਪ੍ਰਬੰਧ ਦਾ ਜਤਨ ਇਹ ਸੀ ਕਿ ਮਨੁੱਖ ਰੱਬ ਅਤੇ ਰਾਜਾ ਦੇ ਕੁੱਛੜ ਚੜ੍ਹਿਆ ਰਹਿਣ ਵਾਲਾ ਬੱਚਾ ਬਣਿਆ ਰਹੇ। ਮਾਪਿਆਂ ਨੂੰ ਹੋਰ ਕਈ ਕੰਮ ਹੁੰਦੇ ਹਨ। ਉਹ ਬੱਚਿਆਂ ਨੂੰ ਗੋਦੀ ਵਿੱਚ ਬਿਠਾਈ ਰੱਖਣ ਲਈ ਵਿਹਲੇ ਨਹੀਂ ਹੁੰਦੇ। ਉਹ ਪੰਘੂੜੇ ਦੀ ਸਹਾਇਤਾ ਲੈ ਲੈਂਦੇ ਹਨ।
ਕਿਸੇ ਦਾ ਹੋਣ ਦੀ ਭਾਵਨਾ ਵਾਲਾ ਜਜ਼ਬਾਤੀ ਮਨੁੱਖ, ਆਦਰਸ਼ ਦੀ ਸੇਵਾ ਲਈ ਕੁਰੁਕਸ਼ੇਤਰ ਵਿੱਚ ਭਰਾਵਾਂ ਦਾ ਵਧ (ਹੱਤਿਆ) ਵੀ ਕਰ ਸਕਦਾ ਹੈ, ਕਸ਼ਮੀਰ ਵਿੱਚ ਗਰੀਬਾਂ ਦੇ ਘਰਾਂ ਨੂੰ ਕਬਰਿਸਤਾਨ ਵੀ ਬਣਾ ਸਕਦਾ ਹੈ ਅਤੇ ਪੰਜਾਬ ਵਿੱਚ ਕਿਸੇ ਬੋਲੀ ਨੂੰ ਨਾ ਅਪਣਾਉਣ ਦੇ ਅਪਰਾਧ ਵਿੱਚ ਫਾਂਸੀਆਂ-ਗੋਲੀਆਂ ਦੀ ਸਜ਼ਾ ਵੀ ਸੁਣਾ ਸਕਦਾ ਹੈ।