ਕੁਦਰਤ ਨੇ ਮਨੁੱਖ ਕੋਲੋਂ ਹਿੰਸਾ ਹੱਤਿਆ ਦੇ ਸਾਧਨ ਖੋਹ ਕੇ ਇਸ ਨੂੰ ਬੌਧਿਕਤਾ ਅਤੇ ਸਹਿਯੋਗ ਦੇ ਜੀਵਨ ਦੀ ਸੋਝੀ ਦਿੱਤੀ ਸੀ । ਪਰੰਤੂ ਜਿਸ ਚੋਗਿਰਦੇ ਵਿੱਚ ਮਨੁੱਖ ਦਾ ਮੁਢਲਾ ਵਸੇਬਾ ਸੀ, ਉਹ ਚੋਗਿਰਦਾ ਹਿੰਸਾ-ਹੱਤਿਆ ਦੀ ਪ੍ਰੇਰਣਾ ਨਾਲ ਭਰਪੂਰ ਸੀ। ਵੈਰਭਾਵੀ ਜਾਂ ਅਮਿੱਤਰ ਚੌਗਿਰਦੇ ਵਿੱਚ ਵੱਸਣ ਵਾਲੇ ਮਨੁੱਖ ਨੇ ਆਪਣੀ ਬੌਧਿਕਤਾ ਨੂੰ ਸ਼ਸਤਰੀਕਰਣ ਦੇ ਮਨੋਰਥ ਲਈ ਵਰਤਿਆ ਅਤੇ ਉੱਤਰਜੀਵਤਾ ਦੇ ਮਨੋਰਥ ਵਿੱਚ ਸਫਲ ਹੋਇਆ। ਇਸ ਸਫਲਤਾ ਵਿੱਚੋਂ ਮਨੁੱਖ ਦਾ ਇਹ ਵਿਸ਼ਵਾਸ ਉਪਜਿਆ ਹੈ ਕਿ ਸਹਾਇਤਾ ਸਹਿਯੋਗ ਨਾਲੋਂ ਹਿੰਸਾ-ਹੱਤਿਆ ਦੀ ਯੋਗਤਾ ਸੁਰੱਖਿਆ ਲਈ ਕਿਸੇ ਤਰ੍ਹਾਂ ਵੀ ਘੱਟ ਲੋੜੀਂਦੀ ਨਹੀਂ; ਕੁਝ ਇੱਕ ਹਾਲਤਾਂ ਵਿੱਚ ਵੱਧ ਲੋੜੀਂਦੀ ਵੀ ਹੋ ਸਕਦੀ ਹੈ। ਸੱਭਿਅਤਾ ਦੇ ਵਿਕਾਸ ਨਾਲ ਮਨੁੱਖ ਦੇ ਭਾਵਾਂ, ਵਿਚਾਰਾਂ ਅਤੇ ਵਿਸ਼ਵਾਸਾਂ ਵਿੱਚ ਸ਼ੁੱਧਤਾ ਅਤੇ ਸ਼ਿਸ਼ਟਤਾ (Refinement) ਜ਼ਰੂਰ ਆਈ ਹੈ; ਪਰ, ਮਨੁੱਖ ਦਾ ਇਹ ਵਿਸ਼ਵਾਸ ਨਹੀਂ ਬਦਲਿਆ ਕਿ ਜੀਵਨ ਦੀ ਸਲਾਮਤੀ ਲਈ ਹਿੰਸਾ-ਹੱਤਿਆ ਦੀ ਲੋੜ ਹੈ। ਜਿਸ ਕਿਸੇ ਧਰਮ ਨੇ ਇਸ ਵਿਸ਼ਵਾਸ ਨੂੰ ਬਦਲਣ ਦੀ ਸਲਾਹ ਦਿੱਤੀ ਹੈ, ਉਸ ਉੱਤੇ ਨਿਪੁੰਨਸਿਕਤਾ ਦਾ ਲੇਬਲ ਲਾਉਣ ਤਕ ਜਾਂਦੀ ਰਹੀ ਹੈ, ਜੀਵਨ ਦੀ ਵਾਸਤਵਿਕਤਾ।
ਹਿੰਸਾ-ਹੱਤਿਆ ਦੀ ਯੋਗਤਾ ਦੀ ਸਭ ਤੋਂ ਵੱਡੀ ਅਭਿਵਿਅਕਤੀ ਜੰਗ ਹੈ। ਸਾਡੇ ਸੱਭਿਅ ਸੰਸਾਰ ਵਿੱਚ ਜਾਣੇ-ਪਛਾਣੇ ਹੋਏ ਦੋ ਵਿਚਾਰਵਾਨ ਅਜੇਹੇ ਹਨ, ਜਿਹੜੇ ਜੰਗ ਬਾਰੇ ਦੋ ਟੁੱਕ ਫੈਸਲਾ ਸੁਣਾ ਕੇ ਗਏ ਹਨ। ਹੀਗਲ ਜੰਗ ਨੂੰ ਸਰਵੋਤਮ ਮਨੁੱਖੀ ਉੱਦਮ ਕਹਿੰਦਾ ਸੀ ਅਤੇ ਵਾਇਡ ਜੰਗ ਨੂੰ ਨਿਰੋਲ ਪਸ਼ੂਪੁਣਾ ਆਖਦਾ ਸੀ। ਬਹੁਤੇ ਵਿਚਾਰਵਾਨ ਜੰਗ ਵਿੱਚ ਹਾਨੀਆਂ ਦੇ ਨਾਲ ਨਾਲ ਕੁਝ ਲਾਭ ਵੀ ਲੱਭਦੇ ਆਏ ਹਨ। ਇਹ ਵੀ ਆਖਿਆ ਜਾ ਸਕਦਾ ਹੈ ਕਿ ਜੰਗ ਵਿੱਚ ਜੀਵਨ ਲਈ ਕਿਸੇ ਪ੍ਰਕਾਰ ਦੀ ਨਾਭਦਾਇਕਤਾ ਵੇਖਣ ਵਾਲੇ ਵਿਦਵਾਨ ਅਸਲ ਵਿੱਚ ਇਸ ਦੀ ਅਟੱਲਤਾ ਦੇ ਵਿਸ਼ਵਾਸੀ ਸਨ। ਉਹ ਇਸ ਅਟਾਲਣਯੋਗ ਮੁਸੀਬਤ ਨੂੰ ਬਰਦਾਸ਼ਤ ਕਰਨ ਦੀ ਮਜਬੂਰੀ ਅਤੇ ਸ਼ਰਮਿੰਦਗੀ ਨੂੰ ਕੁਝ ਸੁਖਾਵੀਂ ਬਣਾਉਣ ਦਾ ਜਤਨ ਕਰਦੇ ਸਨ; ਆਪਣੇ ਆਪ ਨੂੰ ਧੋਖਾ ਦਿੰਦੇ ਸਨ, ਇਹ ਕਹਿ ਕੇ ਕਿ ਇਸ ਪਸ਼ੂਪੁਣੇ ਵਿੱਚ ਕਿਧਰੇ ਨਾ ਕਿਧਰੇ ਕੋਈ ਦੈਵਤਾ (Godliness) ਵੀ ਸਮਾਈ ਹੋਈ ਹੈ। ਹੋਮਰ ਤੋਂ ਲੈ ਕੇ ਟਾਲਸਟਾਏ ਤਕ ਇਸ ਰੁਚੀ ਦਾ ਪ੍ਰਗਟਾਵਾ ਵੇਖਿਆ ਜਾ ਸਕਦਾ ਹੈ। ਦੋ ਅੰਗਰੇਜ਼ ਵਿਚਾਰਵਾਨ, ਲਾਕ ਅਤੇ ਹਾਬਜ਼, ਅਮਨ ਦੀ ਹਾਮੀ ਭਰਦੇ ਹਨ। ਇਨ੍ਹਾਂ ਦੋਹਾਂ ਦੇ ਵਿਚਾਰਾਂ ਨੂੰ ਸਿਧਾਂਤਕ ਲਗਾਤਾਰਤਾ ਵਿੱਚ ਬੰਨ੍ਹਣ ਅਤੇ ਜੀਵਨ ਦੀ ਸੰਭਵਤਾ ਦਾ ਰੂਪ ਦੇਣ ਦਾ ਕੰਮ ਇਮੈਨੁਅਲ ਕਾਂਟ ਨੇ ਕੀਤਾ ਹੈ। ਕਾਂਟ ਜਾਨ ਲਾਕ ਦੀ ਇਸ ਗੱਲ ਨਾਲ ਸਹਿਮਤ ਸੀ ਕਿ ਜਿੰਨਾ ਚਿਰ ਸੰਸਾਰ ਵਿੱਚ ਇੱਕ ਕੇਂਦਰੀ ਸੱਤਾ ਸਥਾਪਤ ਨਹੀਂ ਹੁੰਦੀ, ਓਨਾ ਚਿਰ ਦੇਸ਼ਾਂ ਦੇ ਹਾਕਮਾਂ ਲਈ ਇਸ ਦੁਨੀਆ ਵਿੱਚ ਉਹ ਜੰਗਲੀ ਅਵਸਥਾ ਬਣੀ ਰਹੇਗੀ, ਜਿੱਥੇ ਹਰ ਕੋਈ ਹਰ ਕਿਸੇ ਨੂੰ ਜਦੋਂ ਚਾਹੇ ਨਾਸ਼ ਕਰ ਸਕਦਾ ਹੈ। ਕਾਂਟ ਨੇ ਵਿਸ਼ਵ ਸਰਕਾਰ ਦਾ ਸਿਧਾਂਤ ਪੇਸ਼ ਕੀਤਾ ਸੀ।
ਫ਼ਾਇਡ ਦਾ ਇਹ ਖ਼ਿਆਲ ਸੀ ਕਿ 'ਜਿੰਨਾ ਚਿਰ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਜੀਵਨ-ਪੱਧਰ ਅਤੇ ਸਮਾਜਕ ਪਰਿਸਥਿਤੀਆਂ ਭਿੰਨ ਭਿੰਨ ਹਨ। ਅਤੇ ਆਪੋ ਵਿੱਚ ਘਿਰਣਾ ਦੀ ਰੁਚੀ ਪ੍ਰਬਲ ਹੈ, ਓਨਾ ਚਿਰ ਜੰਗਾਂ ਹੁੰਦੀਆਂ ਰਹਿਣਗੀਆਂ।"
_____________