Back ArrowLogo
Info
Profile

ਫ੍ਰਾਇਡ ਆਪਣੀ ਸੋਚ ਵਿੱਚ ਕਾਂਟ ਨਾਲੋਂ ਇੱਕ ਕਦਮ ਅਗੇਰੇ ਹੈ। ਦੁਨੀਆ ਵਿੱਚ ਇੱਕ ਸ਼ਕਤੀਸ਼ਾਲੀ ਸਰਕਾਰ ਬਣਾ ਕੇ ਅਸੀਂ ਉਨ੍ਹਾਂ ਪਰਿਸਥਿਤੀਆਂ ਵਿੱਚ ਸੁਧਾਰ ਨਹੀਂ ਲਿਆ ਸਕਦੇ, ਜਿਹੜੀਆਂ ਵਿਅਕਤੀਆਂ ਅਤੇ ਕੌਮਾਂ ਵਿੱਚ ਈਰਖਾ ਪੈਦਾ ਕਰਦੀਆਂ ਹਨ।

ਅਮਨ ਦਾ ਖ਼ਿਆਲ ਧਰਮਾਂ ਵਿੱਚ ਵੀ ਵਿਸ਼ੇਸ਼ ਥਾਂ ਮੱਲੀ ਬੈਠਾ ਹੈ। ਹਿੰਦੂ ਧਰਮ ਵਿੱਚ ਸ਼ਾਂਤੀ ਸ਼ਬਦ ਦੀ ਏਨੀ ਗੂੰਜ ਹੈ ਕਿ ਓਮ ਦੇ ਅਨਹਦ ਨਾਦ ਨੂੰ ਇਸ ਤੋਂ ਵੱਖਰੇ ਕਿਸੇ ਅਰਥ ਵਿੱਚ ਉਲਥਾਇਆ ਨਹੀਂ ਜਾ ਸਕਦਾ। ਇਸਨਾਮ ਦਾ ਅਰਥ ਹੀ ਅਤਾਅਤ ਪਸੰਦੀ ਜਾਂ ਹਲੀਮੀ ਹੈ। ਈਸਾਈਅਤ ਵੀ ਅੰਦਰਲੇ ਦੰਦ ਦਾ ਅੰਤ ਕਰ ਕੇ ਮਨ ਦੀ ਸ਼ਾਂਤੀ ਦੀ ਸਲਾਹ ਦਿੰਦੀ ਹੈ; ਅਤੇ ਹੋਰ ਸਾਰੇ ਨਿੱਕੇ ਵੱਡੇ ਧਰਮ ਵੀ।ਮਨੁੱਖ ਦੀ ਪਹਿਲੀ ਪ੍ਰਾਥਮਿਕਤਾ ਦੁਨਿਆਵੀ ਜੀਵਨ ਹੈ, ਧਰਮ ਇਸ ਨੂੰ ਨਕਾਰ ਕੇ ਪਰਲੋਕ ਨੂੰ ਮੁੱਖ ਰੱਖਣ ਦੀ ਜ਼ਿਦ ਕਰਦਾ ਹੈ। ਇਸ ਰੁਚੀ ਅਤੇ ਕੋਸ਼ਿਸ਼ ਕਾਰਨ ਧਰਮ ਮਨੁੱਖ ਨੂੰ ਦੰਗਲੇਪਣ ਲਈ ਮਜਬੂਰ ਕਰਦਾ ਆਇਆ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਕੁਰਬਾਨੀਆਂ, ਸ਼ਹੀਦੀਆਂ, ਜਹਾਦਾਂ, ਧਰਮ ਯੁੱਧਾਂ ਅਤੇ ਮਹਾਂਭਾਰਤਾਂ ਦੇ ਸੱਚ ਸਾਹਮਣੇ ਸ਼ਾਂਤੀ ਇੱਕ ਸ਼ਰਮਿੰਦਾ ਜਿਹਾ ਝੂਠ ਬਣ ਕੇ ਰਹਿ ਗਿਆ ਹੈ।

ਹੁਣ ਤਕ ਮਨੁੱਖੀ ਵਿਚਾਰ, ਵਿਸ਼ਵਾਸ ਅਤੇ ਆਦਰਸ਼ ਮਨੁੱਖੀ ਸਮਾਜਾਂ ਦੀਆਂ ਰਵਾਇਤਾਂ, ਪਰੰਪਰਾਵਾਂ ਅਤੇ ਸੰਸਕ੍ਰਿਤੀਆਂ, ਕੌਮੀ ਸਿਆਸਤਾਂ ਦੇ ਸਿਧਾਂਤਕ ਅਤੇ ਵਿਵਹਾਰਕ (ਅਮਲੀ—Practical) ਰੂਪ ਵੱਖ ਵੱਖ ਹੋਣ ਦੇ ਨਾਲ ਨਾਲ ਹਰ ਇੱਕ ਕੌਮ ਲਈ ਸਿਰਵ ਸਤਿਕਾਰਯੋਗ ਹੀ ਨਹੀਂ, ਸਗੋਂ ਪਾਵਨ ਅਤੇ ਪੂਜ ਵੀ ਬਣ ਚੁੱਕੇ ਹਨ। ਸੰਸਾਰ ਦੀ ਸਾਂਝੀ ਸਰਕਾਰ ਦਾ ਖ਼ਿਆਲ ਕਾਂਟ ਦੇ ਸਮਿਆਂ ਨਾਲੋਂ ਵੱਧ ਮਹੱਤਵਪੂਰਣ ਵੀ ਹੋ ਗਿਆ ਹੈ ਅਤੇ ਵੱਧ ਅਵਿਵਹਾਰਕ ਜਾਂ ਗ਼ੈਰ-ਅਮਲੀ ਵੀ।

ਸੰਸਾਰ ਦੀ ਸਾਂਝੀ ਸਰਕਾਰ ਦੇ ਖਿਆਲ ਨੂੰ ਮਨੋਰਥ ਦੀ ਥਾਂ ਸਾਧਨ ਸਮਝ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ। ਵਿਚਾਰਵਾਨ ਸੰਸਾਰ ਅਮਨ ਨੂੰ ਮਨੋਰਥ ਮੰਨਦੇ ਆਏ ਹਨ। ਅੱਜ ਜਦੋਂ ਮਨੁੱਖੀ ਮਨ ਵਿੱਚ ਸੰਸਕ੍ਰਿਤੀਆਂ ਅਤੇ ਰਾਸ਼ਟਰੀ ਆਦਰਸ਼ਾਂ ਦਾ ਮੋਹ ਪ੍ਰਬਲ ਹੋ ਚੁੱਕਾ ਹੈ। ਸੰਸਾਰ ਅਮਨ ਦੀ ਗੱਲ ਹੋਰ ਵੀ ਜ਼ਰੂਰੀ ਹੋ ਗਈ ਹੈ। ਟੈਕਨਾਲੋਜੀ ਇਸ ਸਮੇਂ ਗ਼ੈਰ- ਜ਼ਿੰਮੇਦਾਰ ਅਤੇ ਅਪਰਾਧੀ ਪ੍ਰਕਾਰ ਦੇ ਲੋਕਾਂ ਦੀ ਪਹੁੰਚ ਵਿੱਚ ਹੋ ਗਈ ਹੈ। ਧਰਮ ਦੀ ਆੜ ਵਿੱਚ ਆਤੰਕਵਾਦ ਇੱਕ ਹਊਆ ਬਣ ਗਿਆ ਹੈ। ਇਉਂ ਲੱਗਦਾ ਹੈ ਕਿ ਸੰਸਾਰ ਦੀ ਸਾਂਝੀ ਸਰਕਾਰ ਦੀ ਅਸੰਭਵਤਾ ਨੂੰ ਜੇ ਕਿਸੇ ਤਰ੍ਹਾਂ ਸੰਭਵਤਾ ਵਿੱਚ ਬਦਲ ਵੀ ਲਿਆ ਜਾਵੇ ਤਾਂ ਵੀ ਅਮਨ ਕਾਇਮ ਨਹੀਂ ਰੱਖਿਆ ਜਾ ਸਕਦਾ। ਇਸ ਸਮੇਂ ਅਮਨ ਦੀ ਇੱਕੋ ਇੱਕ ਆਸ ਹੈ—'ਨਿਸ਼ਸਤਰੀਕਰਣ'।

ਕੁਦਰਤ ਵਿੱਚ ਜੇ ਨਿਸ਼ਸਤਰੀਕਰਣ ਦੀ ਟੋਹ ਮਿਲਦੀ ਹੈ ਤਾਂ ਉਸ ਦਾ ਮਨੋਰਥ ਵਿਕਾਸ ਹੈ, ਜੋ ਉੱਤਰਜੀਵਤਾ ਰਾਹੀਂ ਸੰਭਵ ਹੋਇਆ ਹੈ। ਸੱਭਿਅ ਸਮਾਜਕ ਮਨੁੱਖ ਨਿਰੋਲ ਕੁਦਰਤੀ ਮਨੁੱਖ ਨਹੀਂ ਰਿਹਾ। ਕਦੇ ਇਹ ਕੁਦਰਤੀ ਨਾਲੋਂ ਬਹੁਤਾ ਧਾਰਮਕ ਅਤੇ ਸਿਆਸੀ ਸੀ: ਹੁਣ ਇਹ ਕੁਦਰਤੀ ਨਾਲੋਂ ਬਹੁਤਾ ਵਿਗਿਆਨਕ, ਆਰਥਕ ਅਤੇ ਵਾਪਾਰਕ ਬਣਦਾ ਜਾ ਰਿਹਾ ਹੈ। ਇਹ ਵਿਕਾਸ ਕਿਸੇ ਤਰ੍ਹਾਂ ਦੀ ਅਸੁਖਾਵਾਂ ਜਾਂ ਕਲੇਸ਼ਕਾਰੀ ਨਹੀਂ। ਪਰੰਤੂ ਵਿਗਿਆਨਕ ਤਕਨੀਕ ਮਨੁੱਖ ਵਿਚਲੀ ਪਾਸਵਿਕਤਾ ਨੂੰ ਸ਼ਹਿ ਦੇਣ ਵਿੱਚ ਵੀ ਓਨੀ ਹੀ ਸਫਲ ਹੈ, ਜਿੰਨੀ ਉਸ ਵਿਚਲੀ ਮਨੁੱਖਤਾ ਨੂੰ।

75 / 137
Previous
Next