ਉੱਤੇ ਇਹ ਕਿਹੜੇ ਕਿਹੜੇ ਰੂਪਾਂ ਵਿੱਚ ਸਾਕਾਰ ਹੁੰਦਾ ਹੈ, ਇਹ ਗੱਲ ਲੋਕਾਂ ਦੇ ਮਾਨਸਿਕ ਵਿਕਾਸ ਉੱਤੇ ਨਿਰਭਰ ਕਰੋਗੀ। ਇਸ ਸੁਪਨੇ ਦੀ ਸਾਕਾਰਤਾ ਵੱਲ ਪੁੱਟਿਆ ਜਾਣ ਵਾਲਾ ਪਹਿਲਾ ਕਦਮ ਨਿਸ਼ਸਤਰੀਕਰਣ ਹੈ। ਪਹਿਲੇ ਕਦਮ ਉੱਤੇ ਹੀ ਵੱਡੀਆਂ ਵੱਡੀਆਂ ਔਕੜਾਂ ਸਾਹਮਣੇ ਆ ਰਹੀਆਂ ਹਨ। ਤਕਨੀਕ ਆਪਣੀਆਂ ਭੁੱਲਾਂ ਆਪ ਨਹੀਂ ਸੁਧਾਰ ਸਕਦੀ। ਇਹ ਕੰਮ ਸੋਚ ਦਾ ਹੈ। ਸ਼ਕਤੀ ਨਾਲ ਆਪਣੇ ਮਸਲੇ ਸੁਲਝਾਉਂਦਾ ਆਉਣ ਵਾਲਾ ਮਨੁੱਖ ਇਸ ਕੰਮ ਲਈ ਵੀ ਸ਼ਕਤੀ ਦੀ ਵਰਤੋਂ ਕਰੇਗਾ ਜੇ ਸ਼ਕਤੀ ਦੀ ਵਰਤੋਂ ਨੇ ਇੱਕ ਚੰਗੀ ਮਿਸਾਲ ਪੇਸ਼ ਕਰ ਦਿੱਤੀ ਤਾਂ ਹੋ ਸਕਦਾ ਹੈ, ਬਾਕੀ ਥਾਵਾਂ ਦੇ ਲੋਕ ਇਸ ਦੁਖਦਾਈ ਤਰੀਕੇ ਦੀ ਵਰਤੋਂ ਤਕ ਨੌਬਤ ਆਉਣ ਤੋਂ ਪਹਿਲਾਂ ਹੀ ਸਿਆਣਪ ਦਾ ਸੁਖਦਾਈ ਰਸਤਾ ਅਪਣਾਅ ਕੇ ਨਿਸ਼ਸਤਰ ਹੋਣਾ ਆਰੰਭ ਕਰ ਦੇਣ।
ਇਹ ਸਭ ਕੁਝ ਸੰਸਾਰ ਦੀ ਕੇਂਦਰੀ ਸੰਸਥਾ ਦੁਆਰਾ ਕੀਤਾ ਜਾਣ ਵਾਲਾ ਕੰਮ ਹੈ। ਪਰ, ਇਸ ਦਾ ਇਹ ਭਾਵ ਨਹੀਂ ਕਿ ਦੁਨੀਆ ਦੇ ਬਾਕੀ ਲੋਕਾਂ ਦਾ ਇਸ ਵਿੱਚ ਕੋਈ ਯੋਗਦਾਨ ਨਹੀਂ। ਸੱਭਿਆਚਾਰਕ ਪਛੜੇਵਾਂ ਹਰ ਯੁਗ ਵਿੱਚ ਵਿਕਾਸ ਦਾ ਰਾਹ ਰੋਕਦਾ ਆਇਆ ਹੈ। ਅੱਜ ਜਦੋਂ ਤਕਨੀਕ ਨੇ ਤਬਦੀਲੀ ਦੀ ਰਫ਼ਤਾਰ ਬਹੁਤ ਤੇਜ਼ ਕਰ ਦਿੱਤੀ ਹੈ, ਸੱਭਿਆਚਾਰਕ ਪਛੜੇਵੇਂ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਹੈ। ਇਸ ਸਮੱਸਿਆ ਦਾ ਹੱਲ ਸੰਸਾਰ ਦੇ ਬੁੱਧੀਜੀਵੀਆਂ ਕੋਲ ਹੈ; ਕਲਾ-ਪ੍ਰੇਮੀਆਂ ਅਤੇ ਸਾਹਿਤਕਾਰਾਂ ਕੋਲ ਹੈ। ਲੋੜ ਇਸ ਗੱਲ ਦੀ ਹੈ ਕਿ ਆਧੁਨਿਕ ਬੁੱਧੀਜੀਵੀ ਆਪਣੀ ਕਲਪਨਾ ਦੇ ਸਹਾਰੇ ਸੰਸਾਰ ਦੇ ਭਵਿੱਖ ਵਿੱਚ ਨਿੱਕੀ ਜਹੀ ਝਾਤੀ ਪਾ ਕੇ ਆਪਣੀ ਸੋਚ ਦੇ ਸਹਾਰੇ, ਸੰਸਾਰ ਦੇ ਜਨ-ਸਾਧਾਰਣ ਨੂੰ ਮਾਨਸਿਕ ਤੌਰ ਉੱਤੇ ਉਸ ਜੀਵਨ ਲਈ ਤਿਆਰ ਕਰਨ, ਜੋ ਮਾਨਵ ਜਾਤੀ ਦਾ ਸੁੰਦਰ, ਸੰਭਾਵੀ ਭਵਿੱਖ ਹੋਣ ਦਾ ਭਰੋਸਾ ਦਿਵਾ ਰਿਹਾ ਹੈ। ਇੱਛਾ ਕਰਮ ਦੀ ਜਣਨੀ ਹੈ। ਸਾਇੰਸ ਦੇ ਸੰਸਾਰ ਦੀ ਇੱਛਾ ਕਰਨੀ ਅਤੇ ਲੋਕਾਂ ਵਿੱਚ ਇਹ ਇੱਛਾ ਜਗਾਉਣੀ ਸੰਸਾਰ ਦੇ ਸਿਆਣੇ ਲੋਕਾਂ ਦਾ ਫ਼ਰਜ਼ ਹੈ।