ਸਿਧਾਂਤਵਾਦ ਅਤੇ ਸਾਇੰਸ
ਸਿਧਾਂਤਵਾਦ ਤੋਂ ਮੇਰਾ ਮਤਲਬ ਹੈ ਕਿਸੇ ਮੱਤ ਜਾਂ ਸਿਧਾਂਤ ਨੂੰ ਸਰਵਥਾ ਸੱਚ ਮੰਨਣ ਅਤੇ ਆਖਣ ਦੀ ਰੁਚੀ। ਇਹ ਰੁਚੀ ਪੁਰਾਤਨ ਕਾਲ ਵਿੱਚ ਉਪਜੀ ਸੀ ਅਤੇ ਮੱਧਕਾਲੀਨ ਅਧਿਆਤਮਕ ਅਤੇ ਪੰਡਤਾਊ ਵਿਤੰਡਾਵਾਦ ਨੇ ਇਸ ਨੂੰ ਇਲਹਾਮੀ ਖਾਦ-ਪਾਣੀ ਦੇ ਕੇ ਵਡ-ਆਕਾਰੀ ਬੌੜ੍ਹ ਬਣਾ ਦਿੱਤਾ ਸੀ। ਮਨੁੱਖੀ ਬੌਧਿਕਤਾ ਦੇ ਬੂਟੇ ਨੂੰ ਬੌਣਾ ਬਣਾਈ ਰੱਖਣ ਵਿੱਚ ਇਸ ਬੋੜ੍ਹ ਦੇ ਛਾਉਰੇ ਦਾ ਵੱਡਾ ਹੱਥ ਹੈ।
ਸਿਧਾਂਤ-ਸਿਰਜਣਾ ਦਾ ਕੰਮ ਯੂਨਾਨੀਆਂ ਤੋਂ ਆਰੰਭ ਹੋ ਕੇ ਭਾਰਤੀਆਂ, ਚੀਨੀਆਂ, ਯਹੂਦੀਆਂ ਅਤੇ ਈਸਾਈਆਂ ਰਾਹੀਂ ਪਰੀਪੂਰਣਤਾ ਨੂੰ ਪੁੱਜਾ ਹੈ। ਯੂਨਾਨੀ ਸਿਧਾਂਤਾਂ ਵਿੱਚ ਮੌਲਿਕਤਾ ਅਤੇ ਅਨੇਕਰੂਪਤਾ ਹੈ। ਇਨ੍ਹਾਂ ਵਿੱਚ ਪਰਲੋਕਵਾਦ ਗੌਣ ਹੈ ਅਤੇ ਸੰਸਾਰਕ ਜੀਵਨ (ਜਾਂ ਲੋਕਵਾਦ) ਪ੍ਰਧਾਨ। ਯਹੂਦੀ (ਅਤੇ ਇਸਨਾਮੀ) ਸਿਧਾਂਤਾਂ ਵਿੱਚ ਲਕੀਰ ਦੀ ਫ਼ਕੀਰੀ ਹੈ ਅਤੇ ਲੋਕ-ਪਰਲੋਕ ਦੀ ਅਭਿੰਨਤਾ ਹੈ। ਈਸਾਈ ਸਿਧਾਂਤਾਂ ਵਿੱਚ ਲੋਕ ਅਤੇ ਪਰਲੋਕ ਦੋ ਵੱਖਰੀਆਂ ਵਾਸਤਵਿਕਤਾਵਾਂ ਹਨ ਅਤੇ ਇੱਕੋ ਜਿਹੀਆਂ ਮਹੱਤਵਪੂਰਣ ਹਨ। ਭਾਰਤੀ ਸਿਧਾਂਤਾਂ ਵਿਚਲੀ ਭਿੰਨਤਾ ਓਪਰੀ ਜਾਂ ਸਤਹੀ ਹੈ। ਇਹ ਸਾਰੇ ਆਤਮਾ ਪਰਮਾਤਮਾ ਅਤੇ ਮੁਕਤੀ ਉੱਤੇ ਕੇਂਦਰਿਤ ਹਨ। ਇਨ੍ਹਾਂ ਵਿੱਚ ਦਰਸ਼ਨ ਅਤੇ ਮਨੋਵਿਗਿਆਨ ਦਾ ਮਿਸ਼ਰਣ ਹੈ ਜਦ ਕਿ ਈਸਾਈ ਸਿਧਾਂਤਾਂ ਦਾ ਮੂਲ ਆਧਾਰ ਦਰਸ਼ਨ ਹੈ। ਭਾਰਤੀ ਸਿਧਾਂਤਾਂ ਵਿੱਚ ਪਰਲੋਕ ਪ੍ਰਧਾਨ ਅਤੇ ਲੋਕ ਗਣ ਹੈ। ਪੁਰਾਤਨ ਚੀਨੀ ਸਿਧਾਂਤ ਵਿੱਚ ਨੈਤਿਕਤਾ ਨੂੰ ਪ੍ਰਧਾਨਤਾ ਪ੍ਰਾਪਤ ਹੈ। ਯੂਨਾਨੀ ਅਤੇ ਚੀਨੀ ਸਿਧਾਂਤਾਂ ਨੂੰ ਛੱਡ ਕੇ ਬਾਕੀ ਸਾਰੇ ਪੁਰਾਤਨ ਸਿਧਾਂਤਾਂ ਵਿੱਚ ਧਰਮ ਸ਼ਾਸਤਰ ਜਾਂ ਈਸ਼ਵਰ ਮੀਮਾਂਸਾ ਨੂੰ ਸ੍ਰੇਸ਼ਟ ਮੰਨਿਆ ਜਾਂਦਾ ਰਿਹਾ ਹੈ । ਸਾਰੇ ਧਰਮ-ਸ਼ਾਸਤਰਾਂ ਦੀ ਜੜ੍ਹ ਯੂਨਾਨੀ (ਵਿਸ਼ੇਸ਼ ਕਰਕੇ ਪਲੇਟੋ ਦੇ) ਦਰਸ਼ਨ ਵਿੱਚ ਹੈ।
ਪੁਰਾਤਨ ਸਿਧਾਂਤਾਂ ਵਿਚਲਾ ਅੰਤਰ ਵੱਖ-ਵੱਖ ਦੇਸ਼ਾਂ ਦੇ ਰਾਜਸੀ, ਸਮਾਜੀ ਅਤੇ ਭੂਗੋਲਕ ਵਾਤਾਵਰਣਾਂ ਵਿਚਲੀ ਭਿੰਨਤਾ ਦੀ ਉਪਜ ਹੈ। ਇਹ ਅੰਤਰ ਬਹੁਤਾ ਉੱਘੜਵਾਂ ਨਹੀਂ ਅਤੇ ਉਨ੍ਹਾਂ ਸਿਧਾਂਤਾਂ ਵਿੱਚ ਅਜੇਹੇ ਹਵਾਲੇ ਲੱਭੇ ਜਾ ਸਕਦੇ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਮੇਰੇ ਉਪਰੋਕਤ ਕਥਨ ਨੂੰ ਨਿਰਾਧਾਰ ਸਿੱਧ ਕੀਤਾ ਜਾ ਸਕਦਾ ਹੈ। ਮੈਂ ਵੀ ਇਨ੍ਹਾਂ ਸਿਧਾਂਤਾਂ ਵਿਚਲੇ ਅੰਤਰਾਂ ਦੀ ਥਾਂ ਇਨ੍ਹਾਂ ਵਿਚਲੀ ਏਕਤਾ ਜਾਂ ਸਾਂਝ ਦੀ ਗੱਲ ਕਰਨੀ ਚਾਹੁੰਦਾ ਹਾਂ। ਇਹ ਸਿਧਾਂਤ ਖੇਤੀ ਪ੍ਰਧਾਨ ਸਮਾਜਕ ਜੀਵਨ ਜੀ ਰਹੀ ਮਨੁੱਖਤਾ ਦੀ ਮਾਨਸਿਕਤਾ ਵਿੱਚੋਂ ਉਪਜੇ ਹੋਏ ਹਨ। ਇਹ ਮਨੁੱਖੀ ਮਾਨਸਿਕਤਾ ਦੇ ਵਿਕਾਸ ਦੀ ਉਸ ਅਵਸਥਾ ਦੀ ਉਪਜ ਹਨ, ਜਿਹੜੀ ਨਿੱਕੇ ਮੋਟੋ ਅੰਤਰਾਂ ਦੇ ਬਾਵਜੂਦ, ਮੂਲ ਰੂਪ ਵਿੱਚ ਇੱਕੋ ਜਿਹੀ ਸੀ। ਉਸ ਮਾਨਸਿਕਤਾ ਦੇ ਝੁਕਾਅ ਇਸ ਪ੍ਰਕਾਰ ਦੇ ਸਨ: