ਸਮਾਜੀ ਅਤੇ ਧਾਰਮਕ ਪਰਿਸਥਿਤੀਆਂ ਦੇ ਹੱਥ ਵਿੱਚ ਹੈ, ਜਿਨ੍ਹਾਂ ਨੂੰ ਸਮਾਜਾਂ ਦੀ 'ਆਰਥਕਤਾ' ਜਨਮ ਦਿੰਦੀ ਹੈ। ਰੂਹਾਨੀ ਚੇਤਨਾ ਦੀ ਥਾਂ ਆਰਥਕਤਾ ਨੂੰ ਕੇਂਦਰ ਵਿੱਚ ਰੱਖ ਕੇ ਮਾਰਕਸ ਨੇ ਸਾਂਝੀਵਾਲਤਾ ਨੂੰ ਮਨੁੱਖ ਦੀ ਅਟੱਲ ਅਨੀਵਾਰੀ ਅਤੇ ਅ-ਬਦਲ ਹੋਣੀ ਸਿੱਧ ਕੀਤਾ।
ਦੋਵੇਂ ਸਿਧਾਂਤ ਰੱਥੋਂ ਆਏ ਹੋਏ ਨਹੀਂ ਦੱਸੇ ਗਏ। ਹੀਗਲ ਨੇ ਧਰਤੀ ਉੱਤੇ ਵਿਚਰਦੀ ਹੋਈ ਕਿਸੇ ਸਪਿਰਿਟ ਨੂੰ ਅਤੇ ਮਾਰਕਸ ਨੇ ਅਰਥ-ਵਿਵਸਥਾ ਨੂੰ ਆਪੋ-ਆਪਣੇ ਸਿਧਾਂਤ ਦੀ ਰੂਪ-ਰੇਖਾ ਉਲੀਕਦੀ ਆਖਿਆ ਹੈ। ਪਰੰਤੂ ਪਰਮ-ਸੱਤਤਾ, ਅਟੱਲਤਾ ਅਤੇ ਸਦੀਵਤਾ ਦਾ ਦਾਅਵਾ ਦੋਵੇਂ ਕਰਦੇ ਹਨ। ਹੀਗਲ ਦੇ ਸਿਧਾਂਤ ਵਿੱਚੋਂ ਜਰਮਨ ਰਾਸ਼ਟਰਵਾਦ ਦਾ ਜਨਮ ਹੋਇਆ। ਸ਼ੁਕਰ ਹੈ ਹੀਗਲ ਦਾ ਸਿਧਾਂਤ ਸੱਚਾ ਹੋਣ ਦੇ ਨਾਲ ਨਾਲ ਸਦੀਵੀ ਸਾਬਤ ਨਹੀਂ ਹੋਇਆ। ਮਾਰਕਸ ਦੇ ਸਿਧਾਂਤ ਸਦਕਾ ਦੁਨੀਆ ਦੇ ਦਲਾ ਵਿੱਚ ਵੰਡੀ ਰਹੀ ਹੈ। ਉਸ ਦਾ ਸਿਧਾਂਤ ਲਗਪਗ ਇੱਕ ਸਦੀ ਤਕ ਸੱਚਾ ਅਤੇ ਸਦੀਵੀ ਪ੍ਰਤੀਤ ਹੁੰਦਾ ਰਿਹਾ ਹੈ। ਆਰਥਕਤਾ ਨੇ ਉਸ ਦੇ ਸਿਧਾਂਤ ਦੀ ਸਦੀਵਤਾ ਦਾ ਅੰਤ ਕਰ ਕੇ ਇਸ ਸੱਚ ਦੀ ਪ੍ਰੋੜਤਾ ਕੀਤੀ ਹੈ ਕਿ ਮਨੁੱਖੀ ਸਮਾਜਾਂ ਦੇ ਵਿਕਾਸ ਦੀ ਵਾਗਡੋਰ ਸਦਾ ਬਦਲਦੀ ਵਿਕਸਦੀ 'ਆਰਥਕਤਾ' ਦੇ ਹੱਥ ਹੈ। ਹੁਣ ਆਰਥਕਤਾ ਵਿਸ਼ਵੀਕਰਨ ਦਾ ਤਜਰਬਾ ਕਰਨ ਜਾ ਰਹੀ ਹੈ। ਜੋ ਸਫਲ ਹੋਈ ਤਾਂ ਮਾਰਕਸ ਦੇ ਸਿਧਾਂਤ ਦੀ ਸੱਚਾਈ ਲਈ ਇੱਕ ਹੋਰ ਸਬੂਤ ਪੈਦਾ ਹੋ ਜਾਵੇਗਾ। ਸਾਪੇਖ ਸ੍ਰਿਸ਼ਟੀ ਵਿੱਚ ਸਾਪੇਖਤਾ ਹੀ ਸਦੀਵੀ ਹੈ; ਸਦੀਵਤਾ ਇੱਕ ਭਰਮ ਹੈ ਕਿਉਂਕਿ ਇਸ ਵਿੱਚ ਸਾਪੇਖਤਾ ਨਹੀਂ। ਨਿਰਪੇਖ ਸੱਚ ਵੀ ਇੱਕ ਭਰਮ ਹੈ।
ਇਲਹਾਮ, ਦਾਰਸ਼ਨਿਕਤਾ ਅਤੇ ਕਲਪਨਾ ਦੇ ਸਹਾਰੇ ਸਦੀਵੀ ਅਤੇ ਸੱਚੇ ਸਿੱਧ ਕੀਤੇ ਗਏ ਸਿਧਾਂਤਾਂ ਵਿੱਚੋਂ ਮਨੁੱਖਤਾ ਲਈ ਕਿੰਨੀ ਕੁ ਪੀੜ ਪੈਦਾ ਹੋਈ ਹੈ, ਇਸ ਦਾ ਵਿਸਥਾਰ ਨਾ ਹੀ ਏਥੇ ਸੰਭਵ ਹੈ ਅਤੇ ਨਾ ਹੀ ਮੇਰਾ ਮਨੋਰਥ ਹੈ। ਜਹਾਦਾਂ, ਕੁਸੇਡਾਂ ਅਤੇ ਧਰਮ-ਯੁੱਧਾਂ ਦਾ ਪੀੜਾਂ ਭਰਿਆ 'ਇਤਿਹਾਸ' ਅਤੇ 'ਆਤੰਕਵਾਦੀ' ਪਾਸ਼ਵਿਕਤਾ ਦੀ ਦਿੱਤੀ ਹੋਈ ਪੀੜ ਭੋਗਦਾ 'ਵਰਤਮਾਨ' ਸਾਨੂੰ ਸਭ ਕੁਝ ਦੱਸ ਰਿਹਾ ਹੈ। ਭਵਿੱਖ ਵਿੱਚ ਇਨ੍ਹਾਂ ਪੀੜਾਂ ਤੋਂ ਨਿਜਾਤ ਪਾਉਣ ਲਈ ਜ਼ਰੂਰੀ ਹੈ ਕਿ ਮਨੁੱਖੀ ਮਾਨਸਿਕਤਾ ਸਿਧਾਂਤਾਂ ਦੀ ਸਦੀਵਤਾ ਅਤੇ ਪਰਮ ਸੱਤਤਾ ਵਿੱਚ ਵਿਸ਼ਵਾਸ ਕਰਨਾ ਛੱਡ ਕੇ ਇਨ੍ਹਾਂ ਦੀ ਸਮਾਜਿਕ ਉਪਯੋਗਤਾ ਨੂੰ ਇਨ੍ਹਾਂ ਦੀ ਸੱਡਤਾ ਅਤੇ ਇਨ੍ਹਾਂ ਦੇ ਸਤਿਕਾਰ ਦਾ ਆਧਾਰ ਮੰਨੇ। ਅਜਿਹਾ ਹੋਣ ਲਈ ਮਾਨਵ ਦੇ ਬੌਧਿਕ ਵਿਕਾਸ ਦੀ ਲੋੜ ਹੈ। ਇਲਹਾਮੀ ਦਬਦਬੇ ਇਸ ਵਿਕਾਸ ਦਾ ਰਾਹ ਰੋਕੀ ਬੈਠੇ ਹਨ। ਆਮ ਆਦਮੀ ਅਜੇ ਤਕ ਪਲੇਟੋ ਅਤੇ ਅਰਸਤੂ ਦੀ ਦੱਸੀ ਹੋਈ ਬ੍ਰਹਮੰਡੀ ਰੂਪ-ਰੇਖਾ ਨੂੰ ਹੀ ਠੀਕ ਮੰਨਦਾ ਹੈ। ਨਿਊਟਨ ਦੀ ਮਕੈਨੀਕਲ ਯੂਨੀਵਰਸ ਵੀ ਅਜੇ ਬਹੁਤਿਆਂ ਦੀ ਸਮਝ ਤੋਂ ਪਰੇ ਹੈ। ਮੈਂ ਅਜੋਹੇ ਪੜ੍ਹੇ-ਲਿਖੇ ਵਿਦਵਾਨਾਂ ਨੂੰ ਜਾਣਦਾ ਹਾਂ ਜਿਹੜੇ ਧਰਤੀ ਨੂੰ ਘੁੰਮਦੀ ਨਹੀਂ ਮੰਨਦੇ। ਉਨ੍ਹਾਂ ਦਾ ਇਤਰਾਜ਼ ਇਹ ਹੈ ਕਿ ਜੇ ਧਰਤੀ ਘੁੰਮਦੀ ਹੈ ਤਾਂ ਸਾਡੇ ਘਰ ਦਾ ਦਰਵਾਜ਼ਾ ਦੂਜੇ ਪਾਸੇ ਕਿਉਂ ਨਹੀਂ ਹੋ ਜਾਂਦਾ। ਉਹ ਇਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਦੂਜੇ ਪਾਸੇ ਕਰਨ ਲਈ ਸਾਰੀ ਧਰਤੀ ਨੂੰ ਘੁੰਮਣ ਜਾਂ ਘੁਮਾਉਣ ਦੀ ਲੋੜ ਨਹੀਂ, ਸਗੋਂ ਉਨ੍ਹਾਂ ਦੇ ਘਰ ਦੇ ਚਾਰ ਚੁਫੇਰੇ ਦੀ ਹਰ ਚੀਜ਼ ਨੂੰ ਰੋਕ ਕੇ ਕੇਵਲ ਉਨ੍ਹਾਂ ਦੇ ਘਰ ਨੂੰ, ਲਾਟੂ ਵਾਂਗ, ਘੁਮਾਉਣ ਦੀ ਲੋੜ ਹੈ। ਜੇ ਬਾਕੀ ਸਭ ਕੁਝ ਵੀ ਘੁੰਮਦਾ ਰਹੇ ਤਾਂ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਸੜਕ ਵੱਲ ਖੁੱਲ੍ਹਣ ਦੀ ਥਾਂ ਉਨ੍ਹਾਂ ਦੇ ਘਰ ਦੇ ਪਿਛਵਾੜੇ ਵਾਲੇ ਬਾਗ ਜਾਂ ਵਿਹੜੇ ਵੱਲ ਕਦੀ ਨਹੀਂ