ਲਾਗੂ ਨਹੀਂ ਹੁੰਦਾ। ਇਸ ਲਈ ਆਕਸਮਿਕਤਾ (chance) ਇੱਕ ਵਾਸਤਵਿਕਤਾ ਹੈ। ਹਾਈਜ਼ਨਬਰਗ ਦਾ ਮੈਟ੍ਰਿਕਸ ਮਕੈਨਿਕਸ (Matrix mechanics)ਦਾ ਸਿਧਾਂਤ ਇੱਕ ਪ੍ਰਕਾਰ ਦੀ ਗਣਿਤ ਪ੍ਰਣਾਲੀ ਹੈ ਜਿਹੜੀ ਕੁਐਂਟਮ ਮਕੈਨਿਕਸ ਨੂੰ ਪੂਰੀ ਤਰ੍ਹਾਂ ਬਿਆਨ ਕਰਦੀ ਹੈ। ਇਨ੍ਹਾਂ ਵਿਗਿਆਨਕਾਂ ਦੀਆਂ ਲੱਭਤਾਂ ਨੇ ਕਈ ਪ੍ਰਸ਼ਨ ਪੈਦਾ ਕਰ ਦਿੱਤੇ ਹਨ ਜਿਨ੍ਹਾਂ ਦੇ ਉੱਤਰ ਲੱਭਣ ਦਾ ਜਤਨ ਕੀਤਾ ਜਾ ਰਿਹਾ ਹੈ। ਉਹ ਪ੍ਰਸ਼ਨ ਕੁਝ ਇਸ ਪ੍ਰਕਾਰ ਹਨ:
1. ਜੇ ਇਲੈਕਟ੍ਰੋਨਜ਼ ਦੀ ਦੁਨੀਆ ਵਿੱਚ ਅਜੀਬ ਅਤੇ ਅਣਕਿਆਸੇ ਵਰਤਾਰੇ ਵਾਪਰਦੇ ਹਨ ਤਾਂ ਸਾਧਾਰਣ ਦਿਸਦੇ ਜਗਤ ਵਿੱਚ ਇਉਂ ਕਿਉਂ ਨਹੀਂ ਹੁੰਦਾ?
2. ਕੁਐਂਟਮ ਦੀ ਦੁਨੀਆ ਅਤੇ ਸਾਡੇ ਜਾਣੇ-ਪਛਾਣੇ ਸੰਸਾਰ ਵਿੱਚ ਕੀ ਸੰਬੰਧ ਹੈ?
3. ਕੀ ਇਨ੍ਹਾਂ ਦੋਹਾਂ ਵਿਚਲਾ ਫਰਕ ਸਾਡੇ ਅਨੁਭਵ ਦੀ ਕਿਸੇ ਖਾਮੀ ਕਾਰਣ ਹੈ?
4 ਕੀ ਕੁਐਂਟਮ ਦੀ ਦੁਨੀਆ ਅਤੇ ਸਾਡੇ ਵਡੇਰੇ ਸੰਸਾਰ ਵਿੱਚ ਇੱਕੋ ਜਿਹੇ ਨੇਮ ਲਾਗੂ ਹੁੰਦੇ ਹਨ?
ਇਹ ਸਾਰਾ ਝਮੇਲਾ ਸਾਧਾਰਣ ਆਦਮੀ ਦੀ ਸਮਝੇ ਪੈਣ ਵਾਲਾ ਨਹੀਂ । ਸਾਧਾਰਣ ਮਨੁੱਖ ਦੀ ਮਾਨਸਿਕਤਾ ਨੂੰ ਇਨ੍ਹਾਂ ਬਾਰੀਕੀਆਂ ਦੇ ਸਮਝਣ ਯੋਗ ਹੋਣ ਲਈ ਅਜੇ ਹੋਰ ਵਿਕਸਣਾ ਪਵੇਗਾ। ਇਸ ਵਿਕਾਸ ਲਈ ਜ਼ਰੂਰੀ ਹੈ ਕਿ ਮਨੁੱਖ ਉਚੇਚੇ ਯਤਨ ਨਾਲ ਵਿਸ਼ਵਾਸ (Belief) ਦੇ ਖੇਤਰ ਵਿੱਚੋਂ ਨਿਕਲ ਕੇ ਵਿਚਾਰ ਦੇ ਮੰਡਲ ਵਿੱਚ ਪਰਵੇਸ਼ ਕਰੇ। ਵਿਚਾਰ-ਮੰਡਲ ਜਾਂ ਗਿਆਨ ਖੰਡ ਦੀ ਆਪਣੀ ਹੀ ਅਦਭੁਤਤਾ ਹੈ। ਵਿਗਿਆਨ ਸਾਨੂੰ ਇਸ ਅਦਭੁਤ ਸੁੰਦਰਤਾ ਦੇ ਅਨੁਭਵ ਵੱਲ ਪ੍ਰੇਰਿਤ ਕਰ ਰਿਹਾ ਹੈ। ਕਿਸੇ ਰਹਿੱਸਵਾਦੀ ਅਧਿਆਤਮਕ ਅਨੁਭਵ ਵੱਲ ਨਹੀਂ, ਸਾਡੀ ਆਪਣੀ ਦੁਨੀਆ ਦੇ ਸਾਧਾਰਣ, ਲੋਕਿਕ, ਚੇਤਨ ਅਤੇ ਅਨੰਦਮਈ ਅਨੁਭਵ ਵੱਲ। ਵਿਗਿਆਨ ਇਹ ਸਭ ਕੁਝ ਇਸ ਲਈ ਨਹੀਂ ਕਰ ਰਿਹਾ ਕਿ ਕਿਸੇ ਵਿਗਿਆਨੀ ਨੇ ਆਉਣ ਵਾਲੇ ਹਜ਼ਾਰ ਦੋ ਹਜ਼ਾਰ ਸਾਲਾਂ ਲਈ ਸਾਨੂੰ ਆਪਣੇ ਉੱਤੇ ਸ਼ਰਧਾ ਰੱਖਣ ਲਈ ਜਾਂ ਈਮਾਨ ਲਿਆਉਣ ਲਈ ਪ੍ਰੇਰਨਾ ਹੈ ਜਾਂ ਕਿਸੇ ਸਿਆਸੀ ਨਿਜ਼ਾਮ ਦਾ ਪਿਤਾਮਾ ਹੋਣ ਦਾ ਮਾਣ ਪ੍ਰਾਪਤ ਕਰਨਾ ਹੈ। ਸਾਇੰਸ ਦਾ ਸੰਸਾਰ ਛੇਤੀ ਛੇਤੀ ਬਦਲ ਰਿਹਾ ਹੈ। ਇਸ ਤਬਦੀਲੀ ਅਤੇ ਵਿਕਾਸ ਨੂੰ ਆਪਣੇ ਜੀਵਨ ਦੀ ਸੁੰਦਰਤਾ ਵਧਾਉਣ ਦੀ ਕਾਰੇ ਲਾਉਣ ਦੀ ਜ਼ਿੰਮੇਦਾਰੀ ਮਨੁੱਖ ਦੀ ਆਪਣੀ ਹੈ। ਇਸ ਜ਼ਿੰਮੇਦਾਰੀ ਨੂੰ ਨਿਭਾਉਣ ਦੇ ਯੋਗ ਹੋਣ ਲਈ ਮਨੁੱਖ ਨੂੰ ਸਾਇੰਸ ਦੇ ਸੰਸਾਰ ਨੂੰ ਸਮਝਣ ਦੀ ਲੋੜ ਹੈ। ਸਿਧਾਂਤਾਂ ਦੀ ਇਲਹਾਮੀ ਸੱਚਾਈ ਅਤੇ ਇਤਿਹਾਸਕ ਸਦੀਵਤਾ ਦੀ ਵਿਸ਼ਵਾਸੀ ਮਾਨਸਿਕਤਾ ਸਾਇੰਸ ਦੇ ਸੰਸਾਰ ਨੂੰ ਸਮਝਣ ਵਿੱਚ ਬਹੁਤ ਪਿੱਛੇ ਰਹਿ ਸਕਦੀ ਹੈ।