ਸੋਚ ਦੀ ਜਨਨੀ-ਕ੍ਰਿਸ਼ੀ
ਸੰਸਾਰ ਦੀਆਂ ਸਾਰੀਆਂ ਪੁਰਾਤਨ ਸੱਭਿਅਤਾਵਾਂ ਉਨ੍ਹਾਂ ਠੀਕਰਿਆਂ, ਬਿੱਬਰਿਆਂ ਅਤੇ ਬੇੜੇ ਬਰਤਨਾਂ ਦੀ ਮਾਲਕੀ ਦਾ ਮਾਣ ਕਰਦੀਆਂ ਹਨ, ਜਿਨ੍ਹਾਂ ਨੂੰ ਦੋ-ਢਾਈ ਜਾਂ ਤਿੰਨ-ਚਾਰ ਹਜ਼ਾਰ ਸਾਲ ਪਹਿਲਾਂ ਬਣਾਉਣ ਵਾਲੇ ਮਨੁੱਖਾਂ ਨੇ ਉਪਯੋਗਿਤਾ ਅਤੇ ਸੁਹਜ ਦੇ ਸੰਗਮ ਦਾ ਅਚੇਤ ਯਤਨ ਕੀਤਾ ਸੀ। ਮਨੁੱਖ ਦੇ ਉਨ੍ਹਾਂ ਮੁੱਢਲੇ ਕਲਾਕਾਰਾਂ ਦੀ ਕਲਾ ਜੀਵਨ ਲਈ ਸੀ। ਅਜੋਕਾ ਮਨੁੱਖ ਕਲਾ ਨੂੰ ਮਾਈਕਲ ਐਂਜਿਲੋ, ਲਿਉਨਾਰਡ ਅਤੇ ਪਿਕਾਸੋ ਆਦਿਕਾਂ ਦੀ ਦ੍ਰਿਸ਼ਟੀ ਤੋਂ ਵੇਖਦਾ ਹੋਣ ਕਰਕੇ ਕਿਸੇ ਘੁਮ੍ਹਾਰ ਨੂੰ ਕਲਾਕਾਰ ਕਹਿਣ ਦੀ ਗਲਤੀ ਨਹੀਂ ਕਰਦਾ। ਇਸੇ ਤਰ੍ਹਾਂ ਸੋਚ ਨੂੰ ਪਲੈਟੋ, ਅਰਸਤੂ, ਸ਼ੰਕਰਾਚਾਰੀਆ, ਬੁੱਧ, ਰਸਲ, ਡਿਊਈ ਅਤੇ ਮਾਰਕਸ ਆਦਿਕਾਂ ਦੀ ਦ੍ਰਿਸ਼ਟੀ ਤੋਂ ਵੇਖਣ ਲੱਗ ਪਏ ਹੋਣ ਕਰਕੇ, ਅੱਜ ਅਸੀਂ ਕਿਸੇ ਕਿਸਾਨ ਨੂੰ ਸੋਚਵਾਨ ਕਹਿਣ ਦੀ ਭੁੱਲ ਨਹੀਂ ਕਰਾਂਗੇ, ਹਾਲਾਂਕਿ ਸੋਚ, ਮੁੱਢਲੇ ਰੂਪ ਵਿੱਚ, ਕਿਸ਼ੀ ਅਤੇ ਕਿਸਾਨ ਨਾਲ ਸੰਬੰਧਤ ਪਰਕਿਰਿਆ ਹੈ ਅਤੇ ਇਸ ਦਾ ਵਿਕਾਸ ਵਾਪਾਰ ਰਾਹੀਂ ਹੋਇਆ ਹੈ।
ਜੀਵਨ ਵਿਚਲੀ ਚੇਤਨਾ ਦੇ ਅਨੇਕ ਰੂਪਾਂ ਨੂੰ ਤਿੰਨ ਪ੍ਰਧਾਨ ਵੰਡਾਂ ਵਿੱਚ ਵੰਡਿਆ ਜਾਂਦਾ ਹੈ। ਇਹ ਤਿੰਨ ਵੰਡਾਂ ਹਨ ਅਹਿਸਾਸ, ਇੱਛਾ ਅਤੇ ਸੋਚ। ਅਹਿਸਾਸ ਸਾਡੀ ਚੇਤਨਾ ਦੀ ਉਸ ਕਾਰਜਸ਼ੀਲਤਾ ਦਾ ਨਾਂ ਹੈ, ਜਿਸ ਰਾਹੀਂ ਸਾਡਾ ਮਨ ਆਪਣੀ 'ਉਤੇਜਨਾ ਜਾਂ ਅਨੁਭੂਤੀ' ਅਤੇ ਬਾਹਰਲੇ ਜਗਤ ਵਿੱਚੋਂ ਪ੍ਰਾਪਤ ਹੋਣ ਵਾਲੀ 'ਉਕਸਾਹਟ' ਵਿਚਲੇ ਸੰਬੰਧ ਬਾਰੇ ਫੈਸਲਾ ਕਰਦਾ ਹੈ। ਬਾਹਰਲੀ ਉਕਸਾਹਟ (stimulus) ਅਤੇ ਅੰਦਰਲੀ ਅਨੁਭੂਤੀ (sensation) ਵਿਚਲੇ ਸੰਬੰਧਾਂ ਦੀਆਂ ਦੋ ਪ੍ਰਧਾਨ ਵੰਡਾਂ ਹਨ-'ਰਾਗ' ਅਤੇ 'ਦੇਸ਼' (ਦਵੈਖ)। ਮਿੱਤਰ ਪਰਿਸਥਿਤੀਆਂ ਵਿੱਚੋਂ ਪ੍ਰਾਪਤ ਹੋਣ ਵਾਲੀ ਉਤੇਜਨਾ ਜਾਂ ਅਨੁਭੂਤੀ ਰਾਗ (ਪਿਆਰ) ਦਾ ਸੰਬੰਧ ਪੈਦਾ ਕਰਦੀ ਹੈ ਅਤੇ ਅਮਿੱਤਰ ਉਕਸਾਹਟ ਦੇ ਨਤੀਜੇ ਵਜੋਂ ਦਵੈਖ (ਘਿਰਣਾ) ਦਾ ਸੰਬੰਧ ਉਪਜਦਾ ਹੈ। ਉਕਸਾਹਟ, ਅਨੁਭੂਤੀ ਅਤੇ ਇਨ੍ਹਾਂ ਦੇ ਸੰਬੰਧ ਬਾਰੇ ਰਾਗ ਜਾਂ ਦਵੈਖ ਦਾ ਫੈਸਲਾ ਸਾਡੀ ਸੋਚ ਦਾ ਕੰਮ ਨਹੀਂ, ਇਹ ਅਹਿਸਾਸ (feeling) ਹੈ। ਇਹ ਸਾਡੀ ਚੇਤਨਾ ਦੀ ਉਹ ਕਿਰਿਆ ਹੈ, ਜੋ ਸਾਡੀ ਸੋਚ ਉੱਤੇ ਨਿਰਭਰ ਨਹੀਂ ਕਰਦੀ।
ਜਦੋਂ ਬਾਹਰਲੀ ਉਕਸਾਹਟ ਅਤੇ ਅੰਦਰਲੀ ਉਤੇਜਨਾ ਦੇ ਆਪਸੀ ਸੰਬੰਧ ਨੂੰ ਰਾਗ ਜਾਂ ਦਵੈਖ ਦਾ ਰੂਪ ਦੇ ਲਿਆ ਜਾਂਦਾ ਹੈ, ਉਦੋਂ ਜੀਵ ਵਿੱਚ ਚੇਤਨਾ ਦੇ ਇਸ ਫੈਸਲੇ ਅਨੁਸਾਰ 'ਕੰਮ' ਕਰਨ ਦੀ ਇੱਛਾ ਉਤਪੰਨ ਹੁੰਦੀ ਹੈ। ਇਹ ਕੰਮ ਰਾਗ ਜਾਂ ਦਵੈਖ (ਪਿਆਰ ਜਾਂ ਵਿਰੋਧ- ਅਪਣੱਤ ਜਾਂ ਓਪਰੋਪਨ-ਭਰੋਸੇ ਜਾਂ ਭੈ) ਦੀ ਉਪਜ ਹੁੰਦਾ ਹੈ; ਇਹ ਸੋਚ ਵਿੱਚੋਂ 'ਉਪਜਿਆ ਹੋਇਆ' ਜਾਂ 'ਸੋਚ ਕੇ ਕੀਤਾ' ਹੋਇਆ ਕੰਮ ਨਹੀਂ ਹੁੰਦਾ। ਹਰ ਤੱਤਕਾਲੀਨ ਪ੍ਰਤੀਕਿਰਿਆ (immediate reaction) ਮਨੋਵੇਗ (impulse) ਦੀ ਉਪਜ ਹੁੰਦੀ ਹੈ। ਤੱਤਕਾਲੀਨ ਲੋੜ ਦੀ ਤੱਤਕਾਲੀਨ ਪੂਰਤੀ ਦੇ ਸਾਰੇ ਯਤਨ ਮਨੋਵੇਗ ਦੀ ਉਪਜ ਹੁੰਦੇ ਹਨ। ਜੰਗਲੀ ਸ਼ਿਕਾਰੀ ਭੋਜਨ ਦੀ ਤਤਕਾਲੀਨ ਲੋੜ ਦੀ ਪੂਰਤੀ ਲਈ