ਇਨ੍ਹਾਂ ਦੇ ਸੰਜੋਗ ਵਿੱਚੋਂ ਉਪਜੇ ਹੋਏ ਵਿਗਿਆਨਕ ਅਨੁਮਾਨਾਂ ਬਿਨਾਂ ਸੰਭਵ ਨਹੀਂ। ਇਸ ਲਈ ਸੱਭਿਅ ਮਨੁੱਖ ਦਾ ਭੂਤ, ਵਰਤਮਾਨ ਅਤੇ ਭਵਿੱਖ ਸੋਚ ਨਾਲ ਓਤ ਪੋਤ ਹੈ।
ਸੋਚ ਲਈ ਸਮੇਂ ਦੀਆਂ ਵੰਡਾਂ-ਭੂਤ, ਭਵਿੱਖ ਅਤੇ ਵਰਤਮਾਨ-ਦੀ ਚੇਤਨਾ ਅਤੇ ਕਾਰਨ-ਕਾਰਜ ਦੇ ਨੇਮ ਦੀ ਸੋਝੀ ਜ਼ਰੂਰੀ ਸੀ। ਹੁਣ ਵਿਕਸਿਤ ਮਨੁੱਖੀ ਸੋਚ ਨੇ ਭੂਤ, ਭਵਿੱਖ ਅਤੇ ਵਰਤਮਾਨ ਵਿਚਲੀਆਂ ਲਕੀਰਾਂ ਨੂੰ ਮੇਟ ਕੇ ਸਮੇਂ ਨੂੰ ਇੱਕ ਇਕਾਈ ਦਾ ਰੂਪ ਦੇ ਦਿੱਤਾ ਹੈ। ਕਾਰਨ-ਕਾਰਜ ਦੇ ਨੇਮ ਨੇ ਜੀਵਨ ਦੀਆਂ ਘਟਨਾਵਾਂ ਨੂੰ ਜੀਵਨ ਵਿਚਲੀ ਪਰਕਿਰਿਆ ਦੀ ਉਪਜ ਸਿੱਧ ਕਰ ਕੇ ਮਨੁੱਖ ਨੂੰ ਮਨ-ਇੱਛੇ ਨਤੀਜੇ ਪੈਦਾ ਕਰਨ ਲਈ ਲੋੜੀਂਦੇ ਕਾਰਨ ਪੈਦਾ ਕਰਨ ਦੀ ਪ੍ਰੇਰਣਾ ਦੇ ਕੇ ਮਨ-ਇੱਛਿਤ ਭਵਿੱਖ ਉਪਜਾਉਣ ਦੇ ਯੋਗ ਹੋਣ ਦਾ ਅਹਿਸਾਸ ਕਰਵਾਇਆ ਹੈ। ਅਜੋਕਾ ਸੱਭਿਅ, ਮਿਆਣਾ ਅਤੇ ਵਿਗਿਆਨਵੇਤਾ ਮਨੁੱਖ ਆਪਣੇ ਵਰਤਮਾਨ ਵਿੱਚ ਆਪਣਾ ਭਵਿੱਖ ਪੈਦਾ ਕਰਨ ਯੋਗ ਹੁੰਦਾ ਜਾ ਰਿਹਾ ਹੈ। ਇਹ ਹਾਲਤ ਕੁਝ ਕੁ ਚਿੰਤਾਜਨਕ ਹੈ। ਹੁਣ ਤਕ ਹੋਈ ਵਿਚਾਰ ਨੂੰ ਸੰਖੇਪ ਵਿੱਚ ਦੁਹਰਾ ਕੇ ਇਸ ਲੇਖ ਨੂੰ ਸਮਾਪਤ ਕਰਨ ਦੀ ਆਗਿਆ ਚਾਹੁੰਦਾ ਹਾਂ।
ਅੰਨ ਉਗਾਉਣ ਦੀ ਕਲਾ ਜਾਂ ਖੇਤੀ-ਬਾੜੀ ਨਾਲ ਸੋਚ ਦੇ ਵਿਕਾਸ ਦੀ ਸੰਭਾਵਨਾ ਨੇ ਜਨਮ ਲਿਆ ਹੈ। ਅੰਨ ਉਗਾਉਣ ਦਾ ਯਤਨ ਭਵਿੱਖ ਬਾਰੇ ਸੋਚ (ਜਾਂ ਚਿੰਤਾ) ਨਾਲ ਸੰਬੰਧਤ ਹੁੰਦਾ ਹੈ। ਅੰਨ ਉਪਜਾਉਣ ਦੀ ਕਿਰਤ ਕਰਦਾ ਹੋਇਆ ਮਨੁੱਖ ਕਿਸੇ ਅੰਦਰਲੀ ਜਾਂ ਬਾਹਰਲੀ ਉਕਸਾਹਟ ਨਾਲ ਉਤੇਜਿਤ ਹੋਏ ਮਨੋਵੇਗ ਅਧੀਨ ਕੰਮ ਨਹੀਂ ਕਰਦਾ। ਉਹ ਉਸ ਸਮੇਂ ਉਵੇਂ ਹੀ ਭੁੱਖਾ ਨਹੀਂ ਹੁੰਦਾ, ਜਿਵੇਂ ਸ਼ਿਕਾਰ ਦਾ ਪਿੱਛਾ ਕਰਨ ਵਾਲਾ ਸ਼ਿਕਾਰੀ ਭੁੱਖਾ ਹੁੰਦਾ ਹੈ। ਉਹ ਵਰਤਮਾਨ ਵਿੱਚ ਉਤੇਜਿਤ ਹੋਏ ਮਨੋਵੇਗ ਤੋਂ ਨਹੀਂ, ਸਗੋਂ ਭਵਿੱਖ ਵਿਚਲੇ ਕਿਸੇ ਮਨੋਰਥ ਤੋਂ ਪ੍ਰੇਰਿਤ ਹੁੰਦਾ ਹੈ।
ਖੇਤੀ ਦੀ ਕਿਰਤ ਨੇ ਮਨੁੱਖ ਨੂੰ ਸਮੇਂ ਦੇ ਤਿੰਨ ਰੂਪਾਂ-ਭੂਤ, ਭਵਿੱਖ ਅਤੇ ਵਰਤਮਾਨ ਦੀ ਸੋਝੀ ਦਿੱਤੀ ਹੈ।
ਪਸ਼ੂ ਨੂੰ ਸਮੇਂ ਬਾਰੇ ਇਹ ਗਿਆਨ ਨਹੀਂ।
ਭੂਤ-ਭਵਿੱਖ ਅਤੇ ਵਰਤਮਾਨ ਦੀ ਸੋਚੀ ਵਿੱਚੋਂ ਕਾਰਨ ਅਤੇ ਕਾਰਜ ਦੇ ਸੰਬੰਧ ਜਾਂ ਨੇਮ ਦੀ ਚੇਤਨਾ ਉਤਪੰਨ ਹੋਈ ਹੈ।
ਕਾਲ ਦੀਆਂ ਤਿੰਨ ਵੰਡਾਂ ਅਤੇ ਕਾਰਨ-ਕਾਰਜ ਦੇ ਸੰਬੰਧ ਦੀ ਸੋਝੀ ਮਨੁੱਖੀ ਸੋਚ ਨੂੰ ਜਨਮ ਦੇਣ ਦੇ ਜ਼ਿੰਮੇਦਾਰ ਹਨ। ਸੋਚ ਨੇ 'ਮਨੋਰਥ' ਨੂੰ ਮਹੱਤਵ ਦਿੱਤਾ ਹੈ; 'ਅੰਤਲੇ ਮਨੋਰਥ' ਨੇ ਸੋਚ ਦੇ ਵਿਕਾਸ ਨੂੰ ਹਾਨੀ ਪੁਚਾਈ ਹੈ।
ਸੱਭਿਅ ਮਨੁੱਖ ਦੇ ਜੀਵਨ ਵਿੱਚ ਸੋਚ ਨੂੰ ਮਹੱਤਵਪੂਰਣ ਥਾਂ ਪ੍ਰਾਪਤ ਹੈ। ਜਿਵੇਂ ਮੱਧਕਾਲੀਨ ਅਲੌਕਿਕ ਮਨੋਰਥਾਂ ਨੇ ਜੀਵਨ ਅਤੇ ਸੋਚ ਦੇ ਵਿਕਾਸ ਦਾ ਰਾਹ ਰੋਕਣ ਦੀ ਕੁੱਲ ਕੀਤੀ ਸੀ, ਉਵੇਂ ਹੀ ਵਿਗਿਆਨ ਅਤੇ ਟੈਕਨੀਕ ਦੀ ਸਹਾਇਤਾ ਨਾਲ ਸ਼ਕਤੀਸ਼ਾਲੀ ਹੋ ਜਾਣ ਕਰਕੇ ਮਨੁੱਖ, ਸੋਚ ਦੇ ਵਿਕਾਸ ਅਤੇ ਜੀਵਨ ਦੇ ਸਤਿਕਾਰ ਦੀ ਹਾਨੀ ਕਰਨ ਦੀ ਭੁੱਲ ਕਰ ਸਕਦਾ ਹੈ। ਜਨੈਟਿਕ ਕੋਡ, ਕਲੋਨਿੰਗ ਅਤੇ ਏਜਿੰਗ ਆਦਿਕ ਉੱਤੇ ਕਾਬੂ ਪਾ ਲੈਣ ਨਾਲ ਮਨੁੱਖਤਾ ਦਾ ਸ਼ਕਤੀਸ਼ਾਲੀ ਭਾਗ 'ਸਰਵ-ਸ਼ਕਤੀਮਾਨ ਸ਼ੈਤਾਨ' ਬਣ ਸਕਦਾ ਹੈ। ਇਸ ਲਈ ਸੋਚ ਅਤੇ ਸਾਇੰਸ ਨੂੰ ਇੱਕ ਕਰਨ ਦੀ ਭੁੱਲ ਨਹੀਂ ਕਰਨੀ ਚਾਹੀਦੀ।