ਸਾਇੰਸ ਅਤੇ ਅਸਹਿਜ
ਸਹਿਜ ਅਤੇ ਸਾਇੰਸ ਦੇ ਸੰਬੰਧ ਦੀ ਗੱਲ ਕਰਦਿਆਂ ਮੈਂ ਕਿਹਾ ਸੀ ਕਿ ਸਾਇੰਸ ਅਤੇ ਟੈਕਨਾਲੋਜੀ ਮਿਲ ਕੇ ਮਨੁੱਖ ਦੇ ਸਮਾਜਕ ਜੀਵਨ ਨੂੰ ਏਨਾ ਸੁਰੱਖਿਅਤ, ਏਨਾ ਸੁਖਾਵਾਂ, ਏਨਾ ਸਤਿਕਾਰਯੋਗ ਅਤੇ ਏਨਾ ਸੁਹਣਾ ਬਣਾ ਸਕਦੇ ਹਨ ਕਿ ਮਨੁੱਖ ਆਪਣੀਆਂ ਉਸਾਰੂ ਪਰਵਿਰਤੀਆਂ ਦੀ ਤ੍ਰਿਪਤੀ, ਆਪਣੇ ਸਹਿਯੋਗੀ ਭਾਵਾਂ ਦੀ ਅਭਿਵਿਅੰਜਨਾ, ਆਪਣੀ ਸਾਤਵਿਕ ਸੋਚ ਦੀ ਅਗਵਾਈ ਅਤੇ ਆਪਣੀ ਜਨਮਜਾਤ (ਧੁਰਾਂ ਦੀ-ਜਮਾਂਦਰੂ-innate) ਸਮਾਜਕਤਾ ਦੀ ਸਿੱਧੀ ਦੇ ਸਰਲ, ਸੁਭਾਵਕ ਅਤੇ ਸੰਸਾਰਕ ਸਹਿਜ ਵਿੱਚ ਸਥਿਤ ਹੋ ਸਕਦਾ ਹੈ। ਉਸ ਲੇਖ ਵਿੱਚ ਮੈਂ ਇਹ ਵੀ ਲਿਖਿਆ ਸੀ ਕਿ 'ਸਾਇੰਸ ਦੀ ਦੁਰਵਰਤੋਂ ਜਿਨ੍ਹਾਂ ਕੁਰੂਪਤਾਵਾਂ ਅਤੇ ਕਲੇਸ਼ਾਂ ਨੂੰ ਜਨਮ ਦਿੰਦੀ ਹੈ, ਉਨ੍ਹਾਂ ਦਾ ਜ਼ਿਕਰ ਵੱਖਰੇ ਲੇਖ ਵਿੱਚ ਕਰਾਂਗਾ।' ਇਸ ਲੇਖ ਵਿੱਚ ਉਹ ਜ਼ਿਕਰ ਕਰਨ ਦਾ ਯਤਨ ਕਰ ਰਿਹਾ ਹਾਂ।
ਮੈਂ ਇਹ ਗੱਲ ਇੱਕ ਤੋਂ ਵੱਧ ਵੇਰ ਲਿਖ ਚੁੱਕਾ ਹਾਂ ਕਿ ਸਾਇੰਸ ਨੇ ਥੋਕ ਤਬਾਹੀ ਦੇ ਹਥਿਆਰ ਬਣਾ ਕੇ ਮਨੁੱਖ ਨੂੰ ਏਨੀ ਵੱਡੀ ਸ਼ੈਤਾਨੀ ਤਾਕਤ ਦਾ ਮਾਲਕ ਬਣਾ ਦਿੱਤਾ ਹੈ ਕਿ ਉਹ ਚਾਹਵੇ ਤਾਂ ਕੁਝ ਹੀ ਘੰਟਿਆਂ ਵਿੱਚ ਸਾਰੀ ਧਰਤੀ ਨੂੰ, ਘੁੱਗ ਵਸਦੀ ਧਰਤੀ ਨੂੰ, ਬੰਜਰ ਬਣਾ ਸਕਦਾ ਹੈ। ਇਸ ਦੇ ਨਾਲ ਨਾਲ ਇਹ ਵੀ ਸੱਚ ਹੈ ਕਿ ਐਟਮੀ ਹਥਿਆਰਾਂ ਦੀ ਬੇਓੜਕੀ ਤਾਕਤ ਨੇ ਮਨੁੱਖ ਨੂੰ ਜੰਗ ਬਾਰੇ ਮੁੜ ਸੋਚਣ ਦੀ ਸਲਾਹ ਦਿੱਤੀ ਹੈ। ਜੰਗੀ ਤਬਾਹੀ ਦੇ ਅਨੁਭਵੀ ਦੇਸ਼ਾਂ ਦੇ ਸਿਆਣੇ ਅਤੇ ਸਾਧਾਰਣ ਲੋਕ ਹੁਣ ਹੀਗਲ ਦੀ ਇਸ ਗੱਲ ਨਾਲ ਸਹਿਮਤ ਨਹੀਂ ਕਿ 'ਜੰਗ ਸਰਵਸ੍ਰੇਸ਼ਟ ਮਨੁੱਖੀ ਕਿਰਿਆ ਹੈ।' ਨਾ ਹੀ ਉਹ ਇਹ ਮੰਨਦੇ ਹਨ ਕਿ ਧਰਤੀ ਤੋਂ ਪਰੇ ਬੈਠੀ ਕੋਈ ਰੂਹਾਨੀ ਅਤੇ ਅਲੋਕਿਕ ਸ਼ਕਤੀ ਕਿਸੇ ਹਿਟਲਰ ਨੂੰ ਯਮ-ਰੂਪ ਬਣਾ ਕੇ ਆਪਣੇ ਗੁਆਂਢੀ ਦੇਸ਼ਾਂ ਉੱਤੇ ਚੜ੍ਹਾਈ ਕਰਨ ਦੀ ਆਗਿਆ ਦਿੰਦੀ ਹੈ। ਉਹ ਮਨੁੱਖ ਵਿਚਲੀ ਪਾਸ਼ਵਿਕਤਾ ਨੂੰ ਇਸ ਪਾਗਲਪਨ ਲਈ ਜ਼ਿੰਮੇਦਾਰ ਮੰਨਦੇ ਹਨ। ਉਹ ਜੰਗ ਨੂੰ ਕੇਵਲ ਜਿੱਤ- ਦਾਤਾ ਹੀ ਨਹੀਂ ਸਮਝਦੇ ਅਤੇ ਨਾ ਹੀ ਇਹ ਮੰਨਦੇ ਹਨ ਕਿ ਜੰਗ ਵਿੱਚ ਜਿੱਤ ਪ੍ਰਾਪਤ ਕਰਨ ਕਰਕੇ ਅਸੀਂ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣ ਗਏ ਹਾਂ; ਉਹ ਇਹ ਜਾਣਦੇ ਹਨ ਕਿ ਜੰਗ ਕਿਸੇ ਧਿਰ ਦੀ ਹਾਰ ਦਾ ਕਾਰਨ ਵੀ ਬਣਦੀ ਹੈ; ਅਤੇ ਤਬਾਹੀਆਂ, ਬੇ-ਹੁਰਮਤੀਆਂ, ਨਿਮੋਸ਼ੀਆਂ, ਨਫ਼ਰਤਾਂ, ਈਰਖਾਵਾਂ ਅਤੇ ਦੁਸ਼ਮਣੀਆਂ (ਜੋ ਜੰਗ ਦਾ ਜ਼ਰੂਰੀ ਨਤੀਜਾ ਹੁੰਦੀਆਂ ਹਨ) ਨੂੰ ਅਕਾਲ ਪੁਰਖ ਦੀ ਕ੍ਰਿਪਾ ਵੀ ਨਹੀਂ ਮੰਨਿਆ ਜਾ ਸਕਦਾ।
ਪੁਰਾਣੇ ਵਕਤਾਂ ਦੇ ਯੂਨਾਨੀ ਇਤਿਹਾਸਕਾਰ ਜੰਗਾਂ ਦੇ ਵਿਆਖਿਆਨ ਨੂੰ ਬਹੁਤ ਵਧਾਅ ਚੜ੍ਹਾਅ ਕੇ ਲਿਖਣ ਦੀ ਰੁਚੀ ਰੱਖਦੇ ਸਨ। ਹਰ ਇਤਿਹਾਸਕਾਰ ਆਪਣੇ ਸਮੇਂ ਦੀ ਅਤੇ ਆਪਣੇ ਦੁਆਰਾ ਬਿਆਨੀ ਜਾ ਰਹੀ ਜੰਗ ਨੂੰ ਪਿਛਲੀਆਂ ਸਾਰੀਆਂ ਜੰਗਾਂ ਨਾਲੋਂ ਬਹੁਤੀ ਤਬਾਹਕੁੰਨ ਅਤੇ ਭਿਆਨਕ ਦੱਸਣ ਵਿੱਚ ਉਚੇਚਾ ਮਾਣ ਕਰਦਾ ਸੀ। ਇਸ ਮਹਾਨ ਮਨੁੱਖੀ ਕਿਰਿਆ ਨੂੰ ਪੂਰੀ ਲਗਨ, ਸ਼ਰਧਾ ਅਤੇ ਨਿਪੁੰਨਤਾ ਨਾਲ ਬਿਆਨ ਕਰਨ ਦੇ ਧਰਮ ਨੂੰ ਨਿਭਾਉਂਦਾ ਹੋਇਆ