ਤਾਂ ਹੁਣ ਧਰਤੀ ਦੇ ਕਿਸੇ ਹਿੱਸੇ ਉੱਤੇ ਵੀ ਨਹੀਂ ਕੀਤਾ ਜਾਂਦਾ। ਹਾਂ, ਭਾਰਤ ਵਰਗੇ ਦੇਸ਼ਾਂ ਵਿੱਚ ਇਸ ਨੂੰ ਅਧਿਆਤਮਵਾਦ ਨਾਲੋਂ ਜ਼ਰਾ ਕੁ ਨੀਵਾਂ ਦਰਜਾ ਦਿੱਤਾ ਜਾਂਦਾ ਹੈ। ਇਹ ਸਾਡੀ ਸੋਚ ਨੂੰ ਲੱਗਾ ਹੋਇਆ ਪੁਰਾਣਾ ਰੋਗ ਹੈ, ਅਸੀਂ ਸੰਸਾਰਕ ਪ੍ਰਾਪਤੀਆਂ ਲਈ ਹਰ ਪ੍ਰਕਾਰ ਦੀ ਨੈਤਿਕਤਾ ਨੂੰ ਤਿਲਾਂਜਲੀ ਦੇਣ ਲਈ ਤਿਆਰ ਰਹਿੰਦੇ ਹੋਏ ਮੂੰਹੋਂ ਆਖੀ ਜਾਂਦੇ ਹਾਂ, "ਇਹ ਐਵੇਂ ਪਰਛਾਵਿਆਂ ਪਿੱਛੇ ਭੱਜਣ ਵਾਲੀ ਗੱਲ ਹੈ।' ਆਪਣੇ ਰੱਬ ਅਤੇ ਗੁਰੂ-ਪੀਰ ਤੋਂ ਸੱਚੇ ਹੋਣ ਲਈ ਪਰਮਾਰਥ ਦਾ ਗਲ ਪਿਆ ਢੋਲ ਵਜਾਉਂਦੇ ਹੋਏ ਅਸੀਂ ਇਸ ਕੰਮ ਨੂੰ ਜੀਵਨ ਦਾ ਇੱਕੋ ਇੱਕ ਮਨੋਰਥ ਵੀ ਆਖਦੇ ਹਾਂ। ਆਪਣੇ ਧਰਮ ਗ੍ਰੰਥਾਂ ਵਿੱਚ ਲਿਖੀਆਂ ਗੱਲਾਂ ਦੇ ਉਲਟੇ ਸਿੱਧੇ ਅਰਥ ਕਰ ਕੇ ਅਸੀਂ ਇਹ ਕਹਿਣ ਦਾ ਜਤਨ ਕਰਦੇ ਹਾਂ ਕਿ ਸਾਡਾ ਧਰਮ ਵਿਗਿਆਨਕ ਹੈ, ਇਸ ਲਈ ਸ੍ਰੇਸ਼ਟ ਹੈ। ਭਾਵ ਇਹ ਕਿ ਅਸੀਂ ਵਿਗਿਆਨ ਨੂੰ ਧਰਮ ਦੀ ਸ੍ਰੇਸ਼ਟਤਾ ਦਾ ਆਧਾਰ ਮੰਨਦੇ ਹਾਂ ਅਤੇ ਇਉਂ ਮੰਨਦੇ ਹੋਏ ਧਰਮ ਨੂੰ ਵਿਗਿਆਨ ਨਾਲੋਂ ਵਧੀਆ ਆਖਦੇ ਹਾਂ। ਸਾਡੀ ਸੋਚ ਵਿੱਚ ਜ਼ਰੂਰ ਕੋਈ ਘਾਟ ਹੈ। ਵਿਗਿਆਨ ਅਤੇ ਸਨਅਤ ਦੇ ਦਿੱਤੇ ਹੋਏ ਸੁਖ ਮਾਣਦੇ ਹੋਏ ਅਸੀਂ ਵਿਗਿਆਨ ਦੇ ਵਿਰੁੱਧ, ਅਧਿਆਤਮਵਾਦ ਦੇ ਹੱਕ ਵਿੱਚ ਗਵਾਹੀ ਦਿੰਦੇ ਹਾਂ; ਖਾਂਦੇ ਹਾਂ ਰਾਮ ਜੀ ਦੇ ਮੰਦਿਰੋਂ ਅਤੇ ਪਹਿਰਾ ਦਿੰਦੇ ਹਾਂ ਭੌਂਦੂ ਸ਼ਾਹ ਦੇ ਤਕੀਏ।