ਹੁਣ ਪਛੜੇ ਦੇਸ਼ਾਂ ਵਿਚਲੀ ਸਸਤੀ ਮਜ਼ਦੂਰੀ ਦੀ ਸੁਆਰਥੀ ਵਰਤੋਂ ਅਤੇ ਜੰਗੀ ਹਥਿਆਰਾਂ ਦੀ ਵਿਕਰੀ ਦਾ ਚਾਹਵਾਨ ਹੈ। ਇਸ ਵਰਗ ਦਾ ਇਹ ਰੋਗ ਸਾਇੰਸ ਅਤੇ ਸਨਅਤ ਦੇ ਸੰਜੋਗ ਤੋਂ ਪਹਿਲੋਂ ਦਾ ਹੈ। ਇਹ ਮਨੁੱਖਤਾ ਦੇ ਸੱਭਿਆਚਾਰਕ ਵਿਰਸੇ ਦਾ ਪਹਿਲਾ ਹਿੱਸਾ ਜਾਂ ਜੁਜ਼ ਹੈ, ਜਿਸ ਨੂੰ ਮੈਂ, ਕਿਸੇ ਲੇਖ ਵਿੱਚ ਪਾਗਲਪਨ (Madness) ਆਖਿਆ ਸੀ।
ਲੋੜ ਦੀਆਂ ਚੀਜ਼ਾਂ ਦੀ ਬਹੁਤੀ ਉਪਜ ਨੇ ਜਨ-ਕਲਿਆਣ ਰਾਜ (Welfare State) ਦੇ ਆਦਰਸ਼ ਨਾਲ ਮਿਲ ਕੇ ਜਨ-ਸਾਧਾਰਣ ਦੇ ਜੀਵਨ ਵਿੱਚੋਂ ਕਸ਼ਟ (Misery) ਨੂੰ ਘਟਾਇਆ ਹੈ। ਇਹ ਕਸ਼ਟ ਜਾਂ ਮਿਜ਼ਰੀ ਮਨੁੱਖਤਾ ਦੇ ਸੱਭਿਆਚਾਰਕ ਵਿਰਸੇ ਦਾ ਦੂਜਾ ਜੁਜ਼ ਹੈ। ਰੋਜ਼ੀ-ਰੁਜ਼ਗਾਰ ਦਾ ਭਰੋਸਾ ਜਾਂ ਸੁਰੱਖਿਆ ਪ੍ਰਾਪਤ ਹੋ ਜਾਣ ਉੱਤੇ ਜਨ-ਸਾਧਾਰਣ ਨੇ ਸੁਖ ਦੀ ਇੱਛਾ ਕੀਤੀ ਹੈ। ਮੈਂ ਸੁਖ ਦੀ ਇੱਛਾ ਨੂੰ ਤ੍ਰਿਸ਼ਨਾ ਨਹੀਂ ਮੰਨਦਾ। ਪੁਰਾਤਨ ਯੂਨਾਨ ਦੇ ਸਿਨਿਕਾ ਇਸ ਇੱਛਾ ਨੂੰ ਬੁਰਾਈ ਆਖਣ ਦਾ ਸਨਕੀਪਨ ਕਰਦੇ ਸਨ ਜਾਂ ਏਅਰ-ਕੰਡੀਸ਼ਡ ਭੋਰਿਆਂ ਵਿੱਚ ਤਪ ਕਰਨ ਵਾਲੇ ਅਤੇ ਸੰਗਮਰਮਰੀ ਡੇਰਿਆਂ ਦੇ ਮਾਲਕ ਅਜੋਕੇ ਭਾਰਤੀ ਅਧਿਆਤਮਵਾਦੀ ਮਹਾਂਪੁਰਸ਼ ਇਸ ਇੱਛਾ ਨੂੰ ਤ੍ਰਿਸ਼ਨਾ-ਰੋਗ ਆਖਣ ਦਾ ਪਾਖੰਡ ਕਰਦੇ ਹਨ। ਇਹ ਪਾਖੰਡ ਮਨੁੱਖਤਾ ਦੇ ਸੱਭਿਆਚਾਰਕ ਵਿਰਸੇ ਦਾ ਤੀਜਾ ਅੰਗ ਹੈ।
ਸੁਖ ਦੀ ਇੱਛਾ ਨੇ ਜੀਵਨ ਵਿੱਚ ਨਵੇਂ ਰੁਜ਼ਗਾਰਾਂ ਅਤੇ ਨਵੀਆਂ ਕਾਢਾਂ ਨੂੰ ਜਨਮ ਦਿੱਤਾ ਹੈ। ਇਸ ਇੱਛਾ ਦੀ ਪੂਰਤੀ ਤੋਂ ਪਿੱਛੋਂ ਜੀਵਨ ਨੇ ਨਾਨਾ ਪ੍ਰਕਾਰ ਦੇ ਸ਼ੌਕ ਅਪਣਾਏ ਹਨ। ਸ਼ੌਕਾਂ ਨੇ ਜੀਵਨ ਨੂੰ ਸੁੰਦਰਤਾ ਦਿੱਤੀ ਹੈ। ਸੁਰੱਖਿਆ, ਸੁਖ ਅਤੇ ਸ਼ੋਕ ਦੀ ਇੱਛਾ ਨੇ ਜੀਵਨ ਦੀਆਂ ਲੋੜਾਂ ਵਿੱਚ ਵਾਧਾ ਕੀਤਾ ਹੈ। ਮੱਧ ਕਾਲ ਦੇ ਜੀਵਨ ਨੂੰ ਜੀਣ ਦੀ ਚਿੰਤਾ ਸੀ; ਅਜੋਕੇ ਸਨਅਤੀ ਅਤੇ ਉੱਨਤ ਸਮਾਜਾਂ ਦੇ ਜੀਵਨ ਨੂੰ ਸੁਰੱਖਿਆ, ਸੁਖ ਅਤੇ ਸ਼ੌਕ ਦੀ ਲਗਨ ਹੈ। ਇਸ ਲਗਨ ਨਾਲ ਸੰਬੰਧਤ ਲੋੜਾਂ ਦੀ ਪੂਰਤੀ ਦਾ ਯਤਨ ਜੀਵਨ ਵਿੱਚ ਤ੍ਰਿਸ਼ਨਾ ਨਹੀਂ ਉਪਜਣ ਦਿੰਦਾ। ਜਿਥੇ ਲੋੜ-ਪੂਰਤੀ ਲਈ ਯਤਨਸ਼ੀਲਤਾ ਹੈ, ਓਥੇ ਤ੍ਰਿਸ਼ਨਾ ਲਈ ਥਾਂ ਨਹੀਂ ਹੁੰਦੀ।
ਉੱਨਤ ਪੱਛਮੀ ਸਮਾਜ ਵਿੱਚ ਚਾਰ ਦਹਾਕੇ ਜੀ ਕੇ ਮੈਂ ਵੇਖਿਆ ਹੈ ਕਿ ਏਥੋਂ ਦੇ ਜਨ- ਸਾਧਾਰਣ ਨੂੰ ਤ੍ਰਿਸ਼ਨਾ ਦਾ ਰੋਗ ਨਹੀਂ; ਵਰਗ-ਵਿਸ਼ੇਸ਼ ਨੂੰ ਇਹ ਰੋਗ ਦੁਨੀਆ ਦੇ ਹਰ ਹਿੱਸੇ ਵਿੱਚ ਹੈ। ਜਨ-ਸਾਧਾਰਣ ਦੇ ਸਾਊ, ਸੱਭਿਅ ਅਤੇ ਸਦਾਚਾਰਯੁਕਤ ਸੁਖਾਂ ਅਤੇ ਸੁਹਜਾਂ ਦੀ ਇੱਛਾ ਨੂੰ ਭਟਕਣ ਜਾਂ ਤ੍ਰਿਸ਼ਨਾ ਆਖਣ ਦਾ ਮਤਲਬ ਹੈ ਮਨੁੱਖਤਾ ਦੀ ਬਹੁ-ਗਿਣਤੀ ਨੂੰ ਪਸ਼ੂ-ਪੱਧਰ ਉੱਤੇ ਜੀਉਣ ਦੀ ਸਲਾਹ ਦੇਣਾ ਜਾਂ ਪਸ਼ੂ-ਪੱਧਰ ਉੱਤੇ ਜੀਉਣ ਲਈ ਮਜਬੂਰ ਕਰਨਾ । ਪੁਰਾਤਨ ਕਾਲ ਦੇ ਪ੍ਰਬੰਧ ਜਨ-ਸਾਧਾਰਣ ਦੇ ਵਡੇਰੇ ਭਾਗ ਨੂੰ ਦਾਸਾਂ, ਮੁਜ਼ਾਰਿਆਂ, ਕੰਮੀਆਂ ਅਤੇ ਅਛੂਤਾਂ ਦਾ ਜੀਵਨ ਜੀਉਣ ਲਈ ਮਜਬੂਰ ਕਰਦੇ ਸਨ, ਕਿਉਂਜੁ ਦਾਸਾਂ ਅਤੇ ਅਛੂਤਾਂ ਬਿਨਾਂ ਸੱਭਿਅ-ਸਮਾਜਕ ਜੀਵਨ ਸੰਭਵ ਨਹੀਂ ਸੀ। ਵਿਹਲ, ਵਿਲਾਸ, ਪ੍ਰਭੁਤਾ ਅਤੇ ਸੱਤਾ ਦਾ ਤ੍ਰਿਸ਼ਨਾਲੂ ਵਰਗ ਹੁਣ ਵੀ ਦਾਸਾਂ, ਮੁਜ਼ਾਰਿਆਂ ਅਤੇ ਕੰਮੀਆਂ ਦਾ ਲੋੜਵੰਦ ਹੈ। ਇਨ੍ਹਾਂ ਦੀਆਂ ਮਾਸੂਮ ਰੀਝਾਂ, ਇਨ੍ਹਾਂ ਦੇ ਨਿਰਦੇਸ਼ ਆਨੰਦਾਂ ਅਤੇ ਨਿਰ-ਵਿਕਾਰ ਸੁਹਜਾਂ ਨੂੰ ਤ੍ਰਿਸ਼ਨਾ ਅਤੇ ਭਟਕਣ ਕਹਿੰਦਿਆਂ ਹੋਇਆਂ ਇਨ੍ਹਾਂ ਦੀ ਤ੍ਰਿਸ਼ਨਜ ਕਮਾਈ ਦੇ ਹਿੱਸੇਦਾਰ
___________