ਸਾਹਿਤ, ਸੋਚ ਅਤੇ ਸਾਇੰਸ
ਸਾਹਿਤ-ਸਮਾਲੋਚਨਾ ਬਾਰੇ ਮੈਨੂੰ ਬਹੁਤ ਪਤਾ ਨਹੀਂ; ਨਾ ਹੀ ਕਾਵਿ-ਕਲਪਨਾ ਦੀ ਉਚਿਆਈ ਅਤੇ ਸੰਵੇਦਨਸ਼ੀਲਤਾ ਦੀ ਡੂੰਘਾਈ ਤਕ ਮੇਰੀ ਪਹੁੰਚ ਹੈ। ਇਸ ਲੇਖ ਵਿੱਚ ਜਿਨ੍ਹਾਂ ਕਵੀਆਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਕਾਵਿ-ਕਲਾ ਬਾਰੇ ਕੁਝ ਵੀ ਕਹਿਣ ਦਾ ਮੇਰਾ ਮਨੋਰਥ ਨਹੀਂ; ਮੇਰੀ ਔਕਾਤ ਨਹੀਂ। ਉਨ੍ਹਾਂ ਕਵੀਆਂ ਦੀਆਂ ਪੰਕਤੀਆਂ ਨੂੰ ਮੈਂ, ਮਨੁੱਖੀ ਸੋਚ-ਵਿਕਾਸ ਦੇ ਇੱਕ ਦੌਰ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਪੰਕਤੀਆਂ ਦੇ ਰੂਪ ਵਿੱਚ ਵਰਤ ਰਿਹਾ ਹਾਂ। ਮੇਰਾ ਮਨੋਰਥ ਆਪਣੀ ਗੱਲ ਨੂੰ ਸਰਲ ਅਤੇ ਸਪੱਸ਼ਟ ਕਰਨ ਤੋਂ ਹੈ।
ਸੁਰਜੀਤ 'ਪਾਤਰ' ਜੀ ਦਾ ਇੱਕ ਸ਼ਿਅਰ ਹੈ:
ਖੂਬ ਨੇ ਇਹ ਝਾਂਜਰਾਂ ਛਣਕਣ ਲਈ,
ਪਰ ਕੋਈ ਚਾਅ ਵੀ ਤਾਂ ਦੇ ਨੱਚਣ ਲਈ।
ਹਰ ਕਿਸੇ ਨੂੰ ਆਪਣੀ ਸੂਝ ਅਤੇ ਲੋੜ ਅਨੁਸਾਰ ਕਿਸੇ ਵੀ ਸ਼ਿਅਰ ਦੇ ਅਰਥ ਕਰਨ ਦੀ ਖੁੱਲ੍ਹ ਹੈ। ਮੈਂ ਇਸ ਸ਼ਿਅਰ ਦੇ ਅਰਥ ਹੇਠ ਲਿਖੇ ਅਨੁਸਾਰ ਕਰਦਾ ਹਾਂ :
"ਆਧੁਨਿਕ ਪਦਾਰਥਕ ਉੱਨਤੀ ਨੇ ਮਨੁੱਖ ਦੇ ਸਰੀਰਕ ਸੁਖਾਂ ਲਈ ਅਨੇਕ ਸਾਧਨ ਪੈਦਾ ਕਰ ਦਿੱਤੇ ਹਨ ਅਤੇ ਹੋਰ ਵੀ ਕਰਦੀ ਜਾ ਰਹੀ ਹੈ। ਇਸ ਉੱਨਤੀ ਨੇ ਮਨੁੱਖ ਦੇ ਮੱਧਕਾਲੀਨ ਅਧਿਆਤਮਕ ਆਦਰਸ਼ਾਂ ਨੂੰ ਆਧਾਰਹੀਣ ਕਰ ਦਿੱਤਾ ਹੈ; ਪਰੰਤੂ ਉਨ੍ਹਾਂ ਦੀ ਥਾਂ ਲੈਣ ਲਈ ਸਤਿਕਾਰਯੋਗ ਸਮਾਜਕ ਆਦਰਸ਼ਾਂ ਦੀ ਸਿਰਜਨਾ ਇਹ ਨਹੀਂ ਕਰ ਸਕੀ। ਆਦਰਸ਼ਹੀਣ ਜੀਵਨ ਨੂੰ ਮਿਲੇ ਹੋਏ ਸਰੀਰਕ ਸੁਖ ਅਤੇ ਸੁਹਜ ਉਵੇਂ ਹੀ ਹਨ, ਜਿਵੇਂ ਕਿਸੇ ਚਾਅ ਅਤੇ ਉਤਸ਼ਾਹਹੀਣ ਮੁਟਿਆਰ ਦੇ ਪੈਰੀ ਝਾਂਜਰਾਂ ਬੰਨ੍ਹ ਦਿੱਤੀਆਂ ਗਈਆਂ ਹੋਣ ਅਤੇ ਉਹ ਇਨ੍ਹਾਂ ਨੂੰ ਆਪਣੇ ਪੈਰਾਂ ਨਾਲ ਬੱਝਾ ਹੋਇਆ ਭਾਰ ਮਹਿਸੂਸ ਕਰ ਰਹੀ ਹੋਵੇ। ਝਾਂਜਰਾਂ ਵਿੱਚੋਂ ਸੰਗੀਤ ਦੀ ਉਤਪਤੀ ਲਈ ਮੁਟਿਆਰ ਦੇ ਪੈਰਾਂ ਵਿੱਚ ਨਾਚ ਦੀ ਹਰਕਤ ਜ਼ਰੂਰੀ ਹੈ ਅਤੇ ਪੈਰਾਂ ਵਿੱਚ ਨ੍ਰਿਤ-ਉਤਪੱਤੀ ਲਈ ਮੁਟਿਆਰ ਦੇ ਮਨ ਵਿੱਚ ਚਾਵਾਂ ਦਾ ਹੋਣਾ ਆਵੱਸ਼ਿਅਕ ਹੈ।"
ਪਾਤਰ ਜੀ ਤੋਂ ਪੰਜ ਕੁ ਦਹਾਕੇ ਪਹਿਲਾਂ ਇਸੇ ਪ੍ਰਕਾਰ ਦੇ ਭਾਵਾਂ ਨੂੰ ਪਰਗਟ ਕਰਦੀ ਹੋਈ ਕਵਿਤਾ ਪ੍ਰੋ: ਮੋਹਨ ਸਿੰਘ ਜੀ ਨੇ ਸਾਵੇ ਪੱਤਰ ਨਾਮੀ ਪੁਸਤਕ ਵਿੱਚ ਲਿਖੀ ਸੀ । ਉਨ੍ਹਾਂ ਦੀ ਕਵਿਤਾ ਦਾ ਸਿਰਲੇਖ ਹੈ 'ਮੈਂ ਨਹੀਂ ਰਹਿਣਾ ਤੇਰੇ ਗਿਰਾਂ'। ਪ੍ਰੋ: ਸਾਹਿਬ ਇਸ ਕਵਿਤਾ ਵਿੱਚ ਮਾਨਵ ਜਾਤੀ ਦੀ ਸੱਭਿਅ-ਸਮਾਜਕ ਉੱਨਤੀ ਨੂੰ ਸੰਬੋਧਤ ਹਨ। ਉਨ੍ਹਾਂ ਨੇ ਇਸ ਉੱਨਤੀ ਨੂੰ ਆਪਣੀ ਕਵਿਤਾ ਵਿੱਚ ਇੱਕ ਸੁੰਦਰ, ਸੁਸੱਜਿਤ ਅਤੇ ਸਮਿੱਧ ਮੁਟਿਆਰ ਦਾ ਰੂਪਕ ਦਿੱਤਾ ਹੈ ਅਤੇ ਕਹਿੰਦੇ ਹਨ, "ਤੇਰੀ ਇਸ ਸਫਲਤਾ ਪਿੱਛੇ ਮਨੁੱਖੀ ਪੀੜਾ ਦਾ ਲੰਮਾ ਇਤਿਹਾਸ ਲੁਕਿਆ ਹੋਇਆ ਹੈ।