ਅਹਿਸਾਸ ਅਤੇ ਸੁਖ ਦੇ ਸੁਮੇਲ ਵਿੱਚੋਂ ਦੋ ਪ੍ਰਕਾਰ ਦੀ ਪ੍ਰਤਿਭਾ ਜਨਮ ਲੈਂਦੀ ਹੈ। ਭਾਵੁਕ ਵਿਅਕਤੀ ਰੁਮਾਂਟਿਕ ਹੋ ਜਾਂਦੇ ਹਨ ਅਤੇ ਬੌਧਿਕ ਵਿਅਕਤੀ ਸਨਕੀ ਜਾਂ ਸਿਨਿਕ (Cynic)। ਪ੍ਰੋ: ਸਾਹਿਬ ਰੁਮਾਂਟਿਕ ਹੋ ਨਿਬੜੇ ਅਤੇ ਰੁਮਾਂਸਵਾਦ ਦੇ ਪਿਤਾਮਾ, ਰੂਸੋ, ਵਾਂਗ ਸਭਿਅਤਾ ਵੱਲ ਪਿੱਠ ਕਰ ਕੇ, ਅਸੱਭਿਅ ਜੰਗਲੀ ਜੀਵਨ ਦੀਆਂ 'ਬੇਜੁੰਮੇਵਾਰੀਆਂ' ਦੇ ਸੁਪਨੇ ਵੇਖਣ ਦੀ ਸਲਾਹ ਦੇਣ ਲੱਗ ਪਏ। ਸੱਤਾ-ਹੀਣ ਮਿਰਜ਼ਾ ਜੀ ਨੂੰ ਜੇ ਸੁਖ ਪ੍ਰਾਪਤ ਹੋ ਗਏ ਹੁੰਦੇ ਤਾਂ ਉਨ੍ਹਾਂ ਨੇ, ਸੂਖਮ-ਬੁੱਧੀ ਵਿਅਕਤੀ ਹੋਣ ਕਰਕੇ, ਸਨਕੀ (ਵੈਰਾਗਵਾਨ ਚਿੰਤਕ) ਹੋ ਨਿਬੜਨਾ ਸੀ। ਹੁਣ ਉਹ ਸਾਧਾਰਣ, ਉਦਾਸ ਅਤੇ ਨਿਰਾਸ਼ ਵਿਅਕਤੀ ਹਨ।
ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕੋਲ ਮਿਰਜ਼ਾ ਗਾਲਿਬ ਵਾਲੀ ਬੌਧਿਕ ਸੂਖਮਤਾ ਨਹੀਂ ਸੀ, ਨਾ ਹੀ ਉਨ੍ਹਾਂ ਕੋਲ ਪ੍ਰੋ: ਪੂਰਨ ਸਿੰਘ ਵਾਲੀ ਭਾਵ-ਤੀਖਣਤਾ ਸੀ। ਅੰਗਰੇਜ਼ਾਂ ਦਾ ਸਾਥ-ਸਹਾਰਾ ਪ੍ਰਾਪਤ ਹੋਣ ਕਰਕੇ ਕੁਝ ਕਰ ਸਕਣ ਦਾ ਵਿਸ਼ਵਾਸ ਉਨ੍ਹਾਂ ਵਿੱਚ ਹੈ ਸੀ। ਇਸ ਆਸਰੇ ਅਤੇ ਵਿਸ਼ਵਾਸ ਦੀ ਸਤਿਕਾਰਯੋਗ ਸਰਵਪ੍ਰਿਅ ਅਤੇ ਸਰਵਪਰਵਾਨ ਅਭਿਵਿਅੰਜਨਾ ਲਈ ਅਧਿਆਤਮਵਾਦ ਨਾਲੋਂ ਚੰਗੇਰਾ ਮਾਧਿਅਮ ਨਹੀਂ ਸੀ ਮਿਲ ਸਕਦਾ। ਉਹ ਨਾ ਸਿਨਿਕ ਸਨ ਨਾ ਰੁਮਾਂਟਿਕ; ਉਹ ਦੋਹਾਂ ਦੇ ਵਿੱਚ ਵਿਚਾਲੇ ਵਿਚਰਨ ਵਾਲੇ ਅਧਿਆਤਮਵਾਦੀ ਸਨ।
ਪਾਤਰ ਜੀ ਸਾਡੇ ਸਮਕਾਲੀ ਕਵੀ ਹਨ। ਸਾਡੇ ਸਮੇਂ ਦਾ ਪੰਜਾਬੀ/ਭਾਰਤੀ ਸਮਾਜ ਉਤਸ਼ਾਹ, ਸੰਘਰਸ਼ ਅਤੇ ਆਦਰਸ਼-ਪ੍ਰਾਪਤੀ ਦੀ ਸਿਖਰ ਛੂਹ ਕੇ ਭ੍ਰਿਸ਼ਟਾਚਾਰ ਅਤੇ ਨੈਤਿਕ ਪਤਨ ਦੀਆਂ ਨੀਵਾਣਾਂ ਨਾਪ ਰਿਹਾ ਹੈ। ਇਸ ਦੇ ਨਾਲ ਨਾਲ ਵਿਗਿਆਨ ਅਤੇ ਟੈਕਨਾਲੋਜੀ ਦੇ ਸੰਸਾਰਕ ਜੀਵਨ ਵਿੱਚ ਸੁਖ-ਸੰਚਾਰ ਦੀਆਂ ਸੰਭਾਵਨਾਵਾਂ ਨੂੰ ਸੀਮਾ ਮੁਕਤ ਕਰ ਦਿੱਤਾ ਹੈ। ਇਨ੍ਹਾਂ ਸੰਭਾਵਨਾਵਾਂ ਦੀ ਸਾਕਾਰਤਾ ਜੀਵਨ ਦਾ ਆਦਰਸ਼ ਬਣ ਗਈ ਹੈ। ਇਸ ਆਦਰਸ਼ ਦੀ ਪ੍ਰਾਪਤੀ ਲਈ ਵਰਤੇ ਜਾਣ ਵਾਲੇ ਸਾਧਨਾਂ ਦੇ ਯੋਗ-ਅਯੋਗ ਦਾ ਵਿਤਤ੍ਰਕ ਮਿਟਦਾ ਜਾ ਰਿਹਾ ਹੈ ਜਾਂ ਮਿਟ ਚੁੱਕਾ ਹੈ। ਅਯੋਗ ਸਾਧਨਾਂ ਦੇ ਸਹਾਰੇ ਪ੍ਰਾਪਤ ਕੀਤੀ ਹੋਈ ਸਫਲਤਾ ਵਿਅਕਤੀ ਵਿਚਲੇ ਸਵੈ-ਸਤਿਕਾਰ ਅਤੇ ਸਦਭਾਵਨਾ ਉੱਤੇ ਸੱਟ ਮਾਰਦੀ ਹੈ। ਸਵੈ-ਸਤਿਕਾਰ ਅਤੇ ਸਦਭਾਵਨਾ ਹੀਣ ਵਿਅਕਤੀਆਂ ਦਾ ਸਮਾਜ, ਸੁਰੱਖਿਆ ਦੇ ਭਰੋਸੇ ਵਾਲਾ ਸਮਾਜ ਨਹੀਂ ਹੋ ਸਕਦਾ। ਸੁਰੱਖਿਆ ਜੀਵਨ ਦੀ ਮੁੱਢਲੀ ਲੋੜ ਹੈ ਅਤੇ ਸੁੰਦਰਤਾ ਅੰਤਲੀ। ਜਿਸ ਸਮਾਜ ਵਿੱਚ ਮੁੱਢਲੀ ਲੋੜ ਦੀ ਅਣਹੋਂਦ ਹੋਵੇ, ਉੱਥੇ ਅੰਤਲੀ ਲੋੜ ਬਾਰੇ ਸੋਚਿਆ ਜਾਣਾ ਵੀ ਓਪਰੀ ਗੱਲ ਬਣ ਜਾਂਦੀ ਹੈ।
ਬਹੁਤ ਵੱਡੀਆਂ ਵੱਡੀਆਂ ਵਿਅਕਤੀਗਤ ਪਦਾਰਥਕ ਪ੍ਰਾਪਤੀਆਂ ਹਨ ਭਾਰਤੀ ਸਮਾਜਕ ਜੀਵਨ ਵਿੱਚ; ਪਰ ਅਨੈਤਿਕਤਾ ਦਾ ਬਹੁਤ ਵੱਡਾ ਸੰਤਾਪ ਭੋਗ ਰਿਹਾ ਹੈ ਅਜੋਕਾ ਭਾਰਤੀ ਸਮਾਜਕ ਜੀਵਨ। ਪਦਾਰਥਕ ਪ੍ਰਾਪਤੀ ਦੀਆਂ ਝਾਂਜਰਾਂ ਜੀਵਨ ਦੇ ਪੈਰੀਂ ਬੱਝੀਆਂ ਹੋਈਆਂ ਹਨ; ਨੈਤਿਕ ਪਤਨ ਦੀ ਸ਼ਰਮਸਾਰੀ ਨੱਚਣ ਦਾ ਚਾਅ ਨਹੀਂ ਉਪਜਣ ਦਿੰਦੀ। ਦੇਸ਼ ਦੇ ਕਾਨੂੰਨ ਵਿੱਚ ਸਮਰੱਥਾ ਨਹੀਂ ਕਿ ਉਹ ਲੋਕਾਂ ਨੂੰ ਨੈਤਿਕ ਮੁੱਲਾਂ ਦਾ ਸਤਿਕਾਰ ਅਪਣਾਉਣ ਨੂੰ ਕਹਿ ਸਕੇ। ਨੈਤਿਕ ਮੁੱਲ ਪਹਿਲਾਂ ਉਪਜਦੇ ਹਨ ਅਤੇ ਉਨ੍ਹਾਂ ਦੇ ਸਤਿਕਾਰ ਦੀ ਰਾਖੀ ਕਾਨੂੰਨ ਨੇ ਕਰਨੀ ਹੁੰਦੀ ਹੈ। ਜਿੱਥੇ ਨੈਤਿਕ ਮੁੱਲਾਂ ਦੀ ਕੋਈ ਥਾਂ ਨਾ ਹੋਵੇ, ਉੱਥੇ ਕਾਨੂੰਨ ਇੱਕ ਖਿਲਾਉਣਾ ਬਣ ਜਾਂਦਾ ਹੈ ਅਤੇ ਧਰਮ ਉਸ ਤੋਂ ਵੀ ਪਹਿਲਾਂ, ਕਿਉਂਜੁ ਇਹ ਹੈ ਹੀ ਦੋਗਲੇਪਣ ਦੀ ਉਪਜ: ਨਿਰਾਧਾਰ ਡਰਾਂ ਅਤੇ ਲਾਰਿਆਂ ਦੇ ਆਧਾਰ ਉੱਤੇ ਉਸਰਿਆ ਹੋਇਆ ਭਰਮ: ਸਮਾਜਕ ਬੇਇਨਸਾਫ਼ੀਆਂ ਦੇ ਸਹਾਰੇ ਕਾਇਮ ਅਤੇ ਸਮਾਜਕ ਬੇਇਨਸਾਫ਼ੀਆਂ ਦੀ ਕਾਇਮੀ ਦਾ ਕਾਰਨ।