

ਪਿਤਾ ਬਚਨ ਸਿੰਘ ਨੂੰ ਮੋਹਰਾ ਬਣਾਉਂਦਾ ਹੈ। ਭੰਡਾਰੀ ਤੇ ਰਾਮ ਸਿੰਘ ਬੇਈਮਾਨੀ ਪਿੱਛੇ ਕਾਰਨਾਂ ਦਾ ਖੁਲਾਸਾ ਕਰਦੇ ਹਨ। ਭੰਡਾਰੀ ਦੱਸਦਾ ਹੈ, "ਇੱਕ ਵਾਰੀ ਅਸੀਂ ਮਿਲਟਰੀ ਸਪਲਾਈ ਦਾ ਠੇਕਾ ਲਿਆ। ਅੰਦਰਖਾਤੇ ਅਫ਼ਸਰ ਨਾਲ ਪੱਤੀ ਰੱਖ ਲਈ। ਲਉ ਜੀ ਅਸੀਂ ਹਜ਼ਾਰ ਅੰਡਾ ਸਪਲਾਈ ਕਰੀਏ ਤੇ ਉਹ ਤਿੰਨ ਹਜ਼ਾਰ ਦੀ ਰਸੀਦ ਦੇ ਦੇਵੇ। ਜੇ ਅਸੀਂ ਚਾਲੀ ਮਣ ਗੰਢੇ ਦੇ ਆਈਏ ਤਾਂ ਉਹ ਸੌ ਮਣ ਦੀ ਵਸੂਲੀ ਪਾ ਦੇਵੇ। ਅਸਾਂ ਕਿਹਾ ਠੀਕ ਐ, ਸਾਨੂੰ ਕੀ ਇਤਰਾਜ਼ ਐ। ਆਹੋ ਜੀ, ਏਸੇ ਤਰ੍ਹਾਂ ਮਿਲ ਮਿਲਾ ਕੇ ਈ ਕੰਮ ਚਲਦੇ ਨੇ।" ਇੱਥੇ ਨਾਟਕਕਾਰ ਆਪਣੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਪੂਰੇ ਭ੍ਰਿਸ਼ਟ ਸਿਸਟਮ ਦਾ ਪਰਦਾ ਫ਼ਾਸ਼ ਕਰਦਾ ਹੈ। ਰਾਮ ਸਿੰਘ ਘਟੀਆ ਮਾਲ ਲਈ ਮਜਬੂਰੀ ਪ੍ਰਗਟਾਉਂਦਾ ਹੋਇਆ ਕਬੂਲ ਕਰਦਾ ਹੈ, "ਗੌਰਮਿੰਟ ਮੈਟੀਰੀਅਲ ਖਰੀਦਣ ਲਈ ਟੈਂਡਰ ਮੰਗਦੀ ਹੈ। ਫੇਰ ਟੈਂਡਰ ਪਾਸ ਕਰਨ ਵੇਲੇ ਅਫ਼ਸਰ, ਕਲਰਕ, ਸਭ ਪੈਸੇ ਮੰਗਦੇ ਨੇ। ਉਨ੍ਹਾਂ ਦਾ ਮੂੰਹ ਮਿੱਠਾ ਕਰਾਣਾ ਪੈਂਦਾ ਏ। ਜੇ ਟੈਂਡਰ ਘੱਟ ਰੇਟ ਦਾ ਨਾ ਭਰੀਏ ਤਾਂ ਉਂਜ ਠੇਕਾ ਈ ਨਹੀਂ ਮਿਲਦਾ, ਕੰਪੀਟੀਸ਼ਨ ਜੁ ਹੋਇਆ। ਹੁਣ ਤੁਸੀਂਓ ਦੱਸੋ, ਕੰਪੀਟੀਸ਼ਨ ਵੀ ਲੜੀਏ, ਵੱਢੀਆਂ ਵੀ ਤਾਰੀਏ, ਫੇਰ ਵਧੀਆ ਮਾਲ ਕਿੱਥੋਂ ਸਪਲਾਈ ਕਰੀਏ ? ਅਸਾਂ ਤਾਂ ਆਪੇ ਵਿੱਚ ਮਿੱਟੀ ਮਿਲਾਉਣੀ ਹੋਈ। ਆਖਰ ਆਪਣੀ ਵੀ ਤੇ ਪੇਟ ਪੂਜਾ ਕਰਨੀ ਹੁੰਦੀ ਏ।" ਇਨ੍ਹਾਂ ਦਲੀਲਾਂ ਨਾਲ ਇਹ ਭ੍ਰਿਸ਼ਟਾਚਾਰ ਅਤੇ ਬੇਈਮਾਨੀ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ।
ਕੁੰਦਨ ਸਿੰਘ, ਭੰਡਾਰੀ ਦੀ ਸਿਫ਼ਾਰਸ਼ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ। ਭੰਡਾਰੀ ਉਸ ਦੇ ਨੇਕ ਖਿਆਲਾਂ ਦੀ ਖਿੱਲੀ ਉਡਾਉਂਦਾ ਹੈ। ਉਹ ਉਸ ਨੂੰ ਉਸ ਦੇ ਪਿਤਾ ਨਾਲ ਮਿਲ ਕੇ ਬਨਾਉਟੀ ਕੁਨੀਨ ਬਣਾਉਣ ਦਾ ਭੇਤ ਦੱਸ ਦਿੰਦਾ ਹੈ। ਉਸ ਦੀ ਮਾਂ ਵੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਕੁੰਦਨ ਸਿੰਘ ਇਨਸਾਨੀਅਤ ਨਾਲ ਹੋ ਰਹੇ ਧੋਖੇ ਉੱਪਰ ਦੁੱਖ ਪ੍ਰਗਟਾਉਂਦਾ ਹੈ। ਉਹ ਲੋਕਾਂ ਦੀ ਭਲਾਈ ਖ਼ਾਤਰ ਦਰਿਆ ਦੇ ਪੁਲ ਦੀ ਉਸਾਰੀ 'ਚ ਘਟੀਆ ਮਾਲ ਵਰਤਣ ਨੂੰ ਪਾਪ ਸਮਝਦਾ ਹੈ। ਉਹ ਆਪਣੇ ਘਰ ਨੂੰ ਨਫ਼ਰਤ ਕਰਨ ਲੱਗਦਾ ਹੈ। ਆਖਿਰਕਾਰ ਉਹ ਘਰ ਛੱਡ ਕੇ ਚਲਾ ਜਾਂਦਾ ਹੈ। ਆਦਰਸ਼ਵਾਦੀ ਕੁੰਦਨ ਸਿੰਘ ਪਰਸਥਿਤੀਆਂ ਨਾਲ ਟੱਕਰ ਲੈਂਦਾ ਹੈ। ਉਹ ਆਪਣੇ ਆਦਰਸ਼ ਉੱਪਰ ਅਡੋਲ ਰਹਿੰਦਾ ਹੈ। ਉਹ ਭ੍ਰਿਸ਼ਟ ਤੇ ਬੇਈਮਾਨ ਪਾਤਰਾਂ ਮੂਹਰੇ ਚੱਟਾਨ ਵਾਂਗ ਖੜ੍ਹਾ ਹੋ ਜਾਂਦਾ ਹੈ। ਆਪਣੀ ਚਰਮ ਸੀਮਾਂ 'ਤੇ ਪਹੁੰਚ ਕੇ ਨਾਟਕ "ਕੰਧਾਂ ਰੇਤ ਦੀਆਂ" ਭ੍ਰਿਸ਼ਟਾਚਾਰ ਖਿਲਾਫ਼ ਇੱਕ ਮਜ਼ਬੂਤ ਸੰਦੇਸ਼ ਛੱਡ ਜਾਂਦਾ ਹੈ।
ਇਉਂ ਨਾਟਕਕਾਰ ਉਪਰੋਕਤ ਚਾਰ ਐਕਟਾਂ ਰਾਹੀਂ ਭ੍ਰਿਸ਼ਟਾਚਾਰ ਖਿਲਾਫ਼ ਬਹਿਸ ਛੇੜਦਾ ਹੈ। ਬੇਈਮਾਨੀ ਅਤੇ ਇਮਾਨਦਾਰੀ ਵਿਚਲੇ ਫ਼ਰਕ ਨੂੰ ਪਾਠਕਾਂ ਨਾਲ ਸਾਂਝਾ ਕਰਦਾ ਹੈ। ਕਟਾਖਸ਼ੀ ਜੁਗਤਾਂ ਦੀ ਮੱਦਦ ਨਾਲ ਇਸ ਸਮੱਸਿਆ ਬਾਰੇ ਪਾਤਰਾਂ ਦਰਮਿਆਨ ਤਰਕ-ਵਿਤਰਕ ਦਾ ਮਾਹੌਲ ਪੈਦਾ ਕਰਦਾ ਹੈ।
ਸਿਰਲੇਖ :
ਗੁਰਚਰਨ ਸਿੰਘ ਜਸੂਜਾ ਨੇ ਨਾਟਕ ਦਾ ਪ੍ਰਤੀਕਾਤਮਕ ਨਾਂ "ਕੰਧਾਂ ਰੇਤ ਦੀਆਂ" ਰੱਖਿਆ ਹੈ, ਜੋ ਨਾਂਹ-ਪੱਖੀ ਹੈ। ਕੰਧਾਂ ਬਹੁ-ਵਚਨੀ ਸ਼ਬਦ ਹੈ। ਨਾਟਕਕਾਰ ਨੇ ਇਹ ਜੁਗਤ ਸੁਚੇਤ ਪੱਧਰ 'ਤੇ ਵਰਤੀ ਹੈ। ਨਾਟਕ ਦੇ ਪਾਤਰ ਬਚਨ ਸਿੰਘ ਦੇ ਨਜ਼ਰੀਏ ਤੋਂ ਇਸ ਨਾਟਕ ਦਾ ਨਾਂ ਢੁਕਵਾਂ ਜਾਪਦਾ ਹੈ। ਉਹ ਆਪਣੇ ਪੁੱਤਰ ਕੁੰਦਨ ਸਿੰਘ ਨੂੰ ਵਲੈਤ ਵਿੱਚ ਪੜ੍ਹਾ ਕੇ ਵਧੇਰੇ ਪੈਸਾ ਕਮਾਉਣ ਦੇ ਮਕਸਦ ਨਾਲ ਇੰਜੀਨੀਅਰ ਬਣਾਉਂਦਾ ਹੈ। ਪਰ ਕੁੰਦਨ ਸਿੰਘ ਪਿਤਾ ਵਲੋਂ ਦਰਸਾਏ ਭ੍ਰਿਸ਼ਟਾਚਾਰ ਦੇ ਰਸਤੇ ਉੱਪਰ ਚੱਲਣ ਤੋਂ ਇਨਕਾਰ ਕਰ ਦਿੰਦਾ ਹੈ। ਇਸ ਨਾਲ ਬਚਨ ਸਿੰਘ ਦੁਆਰਾ ਉਸਾਰੀ ਰਾਤ ਦੀ ਕੰਧ ਢਹਿ ਢੇਰੀ ਹੋ ਜਾਂਦੀ ਹੈ। ਬਚਨ ਸਿੰਘ ਆਪਣੀ ਸਾਬਕਾ ਪ੍ਰੇਮਿਕਾ ਦੀਪਾਂ ਦੀ ਭਤੀਜੀ ਨਾਲ ਆਪਣੇ ਪੁੱਤਰ ਕੁੰਦਨ ਸਿੰਘ ਦਾ ਰਿਸ਼ਤਾ ਕਰਨ 'ਚ ਨਾਕਾਮ ਰਹਿੰਦਾ ਹੈ। ਇਸ ਪਿੱਛੇ ਮੁੱਖ ਕਾਰਨ ਉਸ ਦਾ ਬਨਾਉਟੀ ਕੁਨੀਨ ਦਾ ਗੈਰ-ਕਾਨੂੰਨੀ ਕਾਰੋਬਾਰ ਬਣਦਾ ਹੈ। ਇੱਥੇ ਉਹ ਰਿਸ਼ਤਿਆਂ ਦੇ ਜੋੜ-ਤੋੜ ਦੀ ਸਿਆਸਤ ਦੀ ਅਸਫ਼ਲ ਖੇਡ ਖੇਡਦਾ ਹੈ। ਉਸ ਵੱਲੋਂ ਬੁਣਿਆਂ ਇਹ ਸੁਪਨਾ ਵੀ ਰੇਤ ਦੀ ਕੰਧ ਵਾਂਗ ਚੂਰ ਚੂਰ ਹੋ ਜਾਂਦਾ ਹੈ। ਖਲ-ਪਾਤਰ ਨੇਕ