

ਰਾਮ ਭੰਡਾਰੀ ਤੇ ਠੇਕੇਦਾਰ ਰਾਮ ਸਿੰਘ ਦੇ ਭ੍ਰਿਸ਼ਟ ਮਨਸੂਬੇ ਆਖਰਕਾਰ ਦਮ ਤੋੜ ਜਾਂਦੇ ਹਨ। ਕੁੰਦਨ ਸਿੰਘ ਦੀ ਪ੍ਰੇਮਿਕਾ ਉਰਮਲਾ ਇੱਕ ਵੇਸਵਾ ਦੀ ਧੀ ਹੈ। ਉਹ ਕੁੰਦਨ ਸਿੰਘ ਨੂੰ ਭ੍ਰਿਸ਼ਟਾਚਾਰ ਨਾਲ ਸਮਝੌਤਾ ਕਰਨ ਲਈ ਵੀ ਪ੍ਰੇਰਦੀ ਹੈ। ਪਰ ਇਹ ਸਭ ਉਸ ਲਈ ਰੇਤ ਦੀਆਂ ਕੰਧਾਂ ਹੀ ਸਾਬਤ ਹੁੰਦਾ ਹੈ ਜਦ ਉਸ ਦਾ ਪ੍ਰੇਮੀ ਕੁੰਦਨ ਸਿੰਘ ਉਸ ਨਾਲੋਂ ਰਿਸ਼ਤਾ ਤੋੜ ਲੈਂਦਾ ਹੈ। ਪਰ ਉਪਰੋਕਤ ਮਸਲੇ ਨਾਟਕ ਦੇ ਥੀਮ ਦੀਆਂ ਇਕਾਈਆਂ ਮਾਤਰ ਹਨ। ਇਨ੍ਹਾਂ 'ਚ ਥੀਮ ਬਣਨ ਦੀ ਸਮਰੱਥਾ ਨਹੀਂ ਹੈ। "ਕੰਧਾਂ ਰੇਤ ਦੀਆਂ" ਨਾਟਕ ਦਾ ਮੁੱਖ ਥੀਮ ਭ੍ਰਿਸ਼ਟਾਚਾਰ ਨਾਲ ਸੰਬੰਧਤ ਹੈ। ਇਸ ਨਜ਼ਰੀਏ ਤੋਂ ਬਨਾਉਟੀ ਕੁਨੀਨ ਦੀ ਕਾਲੀ ਕਮਾਈ ਦੇ ਸਹਾਰੇ ਇੰਜੀਨੀਅਰ ਬਣਿਆ ਕੁੰਦਨ ਸਿੰਘ ਰਿਸ਼ਵਤਖੋਰੀ ਖ਼ਿਲਾਫ਼ ਇੱਕ ਮਜ਼ਬੂਤ ਧਿਰ ਬਣ ਕੇ ਉੱਭਰਦਾ ਹੈ। ਉਹ ਭ੍ਰਿਸ਼ਟਾਚਾਰ ਦੇ ਪੱਖ ਵਿੱਚ ਦਿੱਤੀਆਂ ਦਲੀਲਾਂ ਨੂੰ ਸਿਰੇ ਤੋਂ ਖਾਰਜ ਕਰਨ ਦਾ ਸਾਹਸ ਜੁਟਾ ਲੈਂਦਾ ਹੈ। ਇਸ ਲਈ ਨਾਇਕ ਰੇਤ ਦੀ ਕੰਧ ਵਾਂਗ ਕਮਜ਼ੋਰ ਨਹੀਂ ਬਲਕਿ ਇੱਕ ਚਟਾਨ ਦਾ ਪ੍ਰਤੀਕ ਹੈ। ਉਹ ਦਰਿਆ ਉੱਪਰ ਬਣਾਏ ਜਾਣ ਵਾਲੇ ਪੁਲ ਲਈ ਕਿਸੇ ਕੀਮਤ ਉੱਪਰ ਵੀ ਘਟੀਆ ਮਾਲ ਵਰਤਣ ਵਾਸਤੇ ਤਿਆਰ ਨਹੀਂ ਹੁੰਦਾ। ਉਸ ਦਾ ਸਰੋਕਾਰ ਲੋਕਾਂ ਦੀ ਭਲਾਈ ਨਾਲ ਹੈ। ਸਮਾਜ ਵਿਰੋਧੀ ਤੱਤਾਂ ਦੀ ਬੁਨਿਆਦ 'ਤੇ ਉੱਸਰਿਆ ਪਾਤਰ ਆਦਰਸ਼ਵਾਦੀ ਬਣ ਜਾਂਦਾ ਹੈ। ਇਸ ਲਈ ਸਿਰਲੇਖ ਵਿੱਚ ਅੰਤਰ-ਵਿਰੋਧ ਹਨ।
ਕਥਾਨਕ :
ਅੰਗ੍ਰੇਜ਼ੀ ਭਾਸ਼ਾ ਦੇ ਸ਼ਬਦ ਪਲਾਟ (Plot) ਨੂੰ ਪੰਜਾਬੀ ਵਿੱਚ 'ਕਥਾਨਕ' ਜਾਂ 'ਗੋਂਦ' ਆਖਿਆ ਜਾਂਦਾ ਹੈ। ਅਰਸਤੂ ਨੇ ਆਪਣੇ ਕਾਵਿ-ਸ਼ਾਸਤਰ ਵਿੱਚ ਪਲਾਟ ਨੂੰ ਤ੍ਰਾਸਦੀ ਦੀ ਆਤਮਾ ਮੰਨਿਆ ਹੈ। ਨਾਟਕਕਾਰ ਸੁਰਜੀਤ ਸਿੰਘ ਸੇਠੀ ਅਤੇ ਗੁਰਦਿਆਲ ਸਿੰਘ ਫੁੱਲ ਨੇ ਪਲਾਟ ਨੂੰ ਘਟਨਾਵਾਂ ਦੀ ਤਰਤੀਬ ਕਿਹਾ ਹੈ, ਜਿਸ ਰਾਹੀਂ ਵਿਸ਼ਾ ਪਾਤਰ ਦੇ ਕਰਮ ਪ੍ਰਤੀਕਰਮ ਵਿੱਚ ਰੰਗ ਕੇ ਦੱਸਿਆ ਜਾਂਦਾ ਹੈ। ਅਰਸਤੂ ਕਥਾਨਕ ਦੇ ਦੋ ਭਾਗਾਂ ਨੂੰ ਮਹੱਤਵ ਦਿੰਦਾ ਹੈ—ਉਲਝਾਉ ਤੇ ਸੁਲਝਾਉ। ਨਾਟਕਕਾਰ ਨਾਟਕ ਦੇ ਪਹਿਲੇ ਹਿੱਸੇ ਵਿੱਚ ਘਟਨਾਵਾਂ ਨੂੰ ਉਲਝਾਅ ਕੇ ਪੇਸ਼ ਕਰਦਾ ਹੈ। ਦੂਜੇ ਹਿੱਸੇ ਵਿੱਚ ਉਹ ਘਟਨਾਵਾਂ ਨੂੰ ਸੁਲਝਾਉਂਦਾ ਭਾਵ ਖੋਲ੍ਹ ਕੇ ਦਰਸਾਉਂਦਾ ਹੈ। ਇਸ ਤਰ੍ਹਾਂ ਕਥਾਨਕ ਨਾਟਕ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਗੁਰਚਰਨ ਸਿੰਘ ਜਸੂਜਾ ਆਪਣੇ ਨਾਟਕ "ਕੰਧਾਂ ਰੇਤ ਦੀਆਂ" ਵਿੱਚ ਕਥਾਨਕ ਦੇ ਸਾਰੇ ਗੁਣਾਂ ਦਾ ਵਿਸ਼ੇਸ਼ ਧਿਆਨ ਰੱਖਦਾ ਹੈ।
ਪਲਾਟ ਦੀ ਏਕਤਾ ਦੇ ਗੁਣ ਅਨੁਸਾਰ ਜਸੂਜਾ ਨਾਟਕ 'ਚ ਸਮੇਂ ਤੇ ਸਥਾਨ ਦੀ ਏਕਤਾ ਨੂੰ ਬੰਨ੍ਹ ਕੇ ਰੱਖਦਾ ਹੈ। ਉਹ ਨਾਟਕ ਦੇ ਆਦਿ, ਮੱਧ ਤੇ ਅੰਤ ਨੂੰ ਸੁਚਾਰੂ ਢੰਗ ਨਾਲ ਚਿਤਰਦਾ ਹੈ। ਭ੍ਰਿਸ਼ਟਾਚਾਰ ਦਾ ਮਾਮਲਾ ਜੋ ਪਹਿਲੇ ਭਾਗ ਵਿੱਚ ਸ਼ੁਰੂ ਹੁੰਦਾ ਹੈ, ਮੱਧ ਵਿੱਚ ਜਾ ਕੇ ਕੁਝ ਹੋਰ ਘਟਨਾਵਾਂ ਨਾਲ ਜੁੜਨ ਮਗਰੋਂ ਅੰਤ ਵਿੱਚ ਭ੍ਰਿਸ਼ਟਾਚਾਰੀ ਉੱਪਰ ਨੇਕੀ ਦੀ ਜਿੱਤ ਨਾਲ ਸਮਾਪਤ ਹੁੰਦਾ ਹੈ। ਇਸ ਨਾਲ ਨਾਟਕ ਦੀ ਪੂਰਨਤਾ ਸਪਸ਼ਟ ਹੁੰਦੀ ਹੈ। ਯਥਾਰਥਕ ਘਟਨਾਵਾਂ ਪਾਠਕਾਂ ਜਾਂ ਦਰਸ਼ਕਾਂ ਨੂੰ ਵਧੇਰੇ ਆਕਰਸ਼ਿਤ ਕਰਦੀਆਂ ਹਨ। ਜਸੂਜਾ ਨੇ ਇਸ ਨਾਟਕ ਵਿੱਚ ਅਸੰਭਵ ਵਿਸ਼ੇ ਜਾਂ ਘਟਨਾਵਾਂ ਨੂੰ ਪੇਸ਼ ਨਹੀਂ ਕੀਤਾ। ਯਥਾਰਥਕਤਾ ਦਾ ਲੱਛਣ ਇਸ ਨਾਟਕ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਜਸੂਜਾ ਇਸ ਨਾਟਕ ਦੇ ਕਥਾਨਕ ਦੀ ਸਿਰਜਨਾ ਕਰਦਿਆਂ ਬਨਾਵਟੀਪਨ ਨੂੰ ਆਉਣ ਦਿੰਦਾ ਹੈ। ਘਟਨਾਵਾਂ ਦਾ ਸਹਿਜ ਵਿਕਾਸ ਕਰਦਾ ਹੈ। ਘਟਨਾਵਾਂ 'ਚੋਂ ਘਟਨਾਵਾਂ ਆਪਣੇ ਆਪ ਜਨਮ ਲੈਂਦੀਆਂ ਹਨ। ਇਨ੍ਹਾਂ ਦਾ ਪਾਠਕ/ਦਰਸ਼ਕ ਉੱਪਰ ਅਸਰਦਾਰ ਪ੍ਰਭਾਵ ਪੈਂਦਾ ਹੈ। ਉਸ ਨੂੰ ਭ੍ਰਿਸ਼ਟਾਚਾਰ ਦਾ ਮੁੱਦਾ ਅਨੋਖਾ ਨਹੀਂ ਜਾਪਦਾ। ਉਹ ਇਸ ਨੂੰ ਸਹਿਜ ਵਰਤਾਰੇ ਦੇ ਰੂਪ ਵਿੱਚ ਹੀ ਗ੍ਰਹਿਣ ਕਰਦਾ ਹੈ। ਸਹਿਜ ਵਿਕਾਸ ਦਾ ਇਹ ਗੁਣ ਇਸ ਨਾਟਕ ਨੂੰ ਹੋਰ ਅਰਥ-ਭਰਪੂਰ ਬਣਾ ਦਿੰਦਾ ਹੈ। ਇਸ ਨਾਟਕ ਦੀ ਗੋਂਦ ਸਰਬ ਸਧਾਰਨ, ਸਰਬ ਸਾਂਝੀ ਹੋਣ ਕਾਰਨ ਦੇਸ਼ ਕਾਲ ਦੀਆਂ ਬੰਦਸ਼ਾਂ ਤੋਂ ਮੁਕਤ ਹੈ।