

ਮਾਮੀ : ਐਉਂ ਕਰ ਕਿਸੇ ਦਿਨ ਕੁੰਦਨ ਸਿੰਘ ਨੂੰ ਨਾਲ ਲੈ ਕੇ ਮੇਰੇ ਘਰ ਆ ਜਾਣਾ। ਕੁੜੀ ਵੀ ਵਿਖਾ ਦਿਆਂਗੇ ਤੇ ਉਹ ਮੁੰਡੇ ਦੀ ਤਲੀ ਤੇ ਢਾਈ ਸੌ ਰੁਪਏ ਧਰ ਕੇ ਹਾਲ ਦੀ ਘੜੀ ਮੁੰਡਾ ਰੋਕ ਲੈਣਗੇ, ਬਾਕੀ ਰਸਮਾਂ ਫੇਰ ਹੁੰਦੀਆਂ ਰਹਿਣਗੀਆਂ।
ਬਚਨ ਸਿੰਘ : ਚਲੋ ਠੀਕ ਐ।
ਮਾਮੀ : ਹੱਛਾ, ਮੈਂ ਫੇਰ ਹੁਣ ਚਲਨੀ ਆਂ। ਕਾਫੀ ਦੇਰ ਹੋ ਗਈ ਏ।
ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਵਾਰਤਾਲਾਪ ਇਸ ਨਾਟਕ ਦੀ ਕੇਂਦਰੀ ਸ਼ਕਤੀ ਵਜੋਂ ਉੱਭਰਦੇ ਹਨ। ਇਹ ਕਥਾਨਕ ਪਾਤਰਾਂ ਅਤੇ ਘਟਨਾਵਾਂ ਨੂੰ ਆਪਸ 'ਚ ਜੋੜਦੇ ਹਨ। ਇਸ ਤੋਂ ਜਸੂਜਾ ਦੀ ਕਲਾਤਮਕ ਸ਼ਕਤੀ ਵੀ ਉਜਾਗਰ ਹੁੰਦੀ ਹੈ।
ਪਾਤਰ ਅਤੇ ਪਾਤਰ-ਉਸਾਰੀ :
ਪਿਆਰੇ ਵਿਦਿਆਰਥੀਓ ਇਸ ਅਧਿਆਇ ਵਿੱਚ ਅਸੀਂ "ਕੰਧਾਂ ਰੇਤ ਦੀਆਂ" ਨਾਟਕ ਦੀ ਪਾਤਰ-ਉਸਾਰੀ ਅਤੇ ਇਸ ਵਿੱਚ ਪੇਸ਼ ਪਾਤਰਾਂ ਦੀ ਭੂਮਿਕਾ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਪਾਤਰ-ਉਸਾਰੀ ਕਿਸ ਨੂੰ ਕਹਿੰਦੇ ਹਨ। ਪਾਤਰ ਅਤੇ ਪਾਤਰ-ਉਸਾਰੀ ਨਾਟਕ ਦਾ ਮਹੱਤਵਪੂਰਨ ਤੱਤ ਹੈ। ਨਾਟਕ ਪਾਤਰਾਂ ਦੁਆਰਾ ਮੰਚ ਉੱਪਰ ਪੇਸ਼ ਕੀਤਾ ਜਾਂਦਾ ਹੈ। ਪਾਤਰਾਂ ਤੋਂ ਬਿਨਾਂ ਨਾਟਕ ਬੇ-ਅਰਥ ਹੁੰਦਾ ਹੈ। ਮੰਚ ਉੱਪਰ ਨਾਟਕ ਪਾਤਰਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਪੁਸਤਕ ਰੂਪ ਵਿੱਚ ਵੀ ਪਾਤਰਾਂ ਦੇ ਸੰਵਾਦ ਰਾਹੀਂ ਹੀ ਪਾਠਕ ਰਚਨਾ ਦਾ ਆਨੰਦ ਮਾਣ ਸਕਦਾ ਹੈ। ਨਾਟਕਕਾਰ ਪਾਤਰਾਂ ਰਾਹੀਂ ਆਪਣੀ ਕਹਾਣੀ ਪੇਸ਼ ਕਰਦਾ ਹੈ। ਇਹ ਸੰਭਵ ਨਹੀਂ ਹੋ ਸਕਦਾ ਕਿ ਕੋਈ ਨਾਟਕਕਾਰ ਮੰਚ ਉੱਪਰ ਚੜ੍ਹ ਕੇ ਆਪ ਹੀ ਨਾਟਕ ਪੇਸ਼ ਕਰ ਦੇਵੇ। ਅਜਿਹਾ ਕਰਕੇ ਉਹ ਸਿਰਫ਼ ਕਹਾਣੀ ਤਾਂ ਪੇਸ਼ ਕਰ ਸਕਦਾ ਹੈ। ਕਹਾਣੀ ਦੇ ਰੂਪ ਵਿੱਚ ਸਾਰੇ ਪਾਤਰਾਂ ਦੇ ਵਾਰਤਾਲਾਪ ਵੀ ਪੇਸ਼ ਕਰ ਸਕਦਾ ਹੈ। ਪਰ ਇਹ ਮਹਿਜ਼ ਕਹਾਣੀ ਬਣ ਕੇ ਹੀ ਰਹਿ ਜਾਵੇਗੀ। ਜਿਸ ਨਾਟਕ ਨੂੰ ਪਾਤਰਾਂ ਦੀਆਂ ਅਦਾਵਾਂ ਤੇ ਭਾਵਾਂ ਆਦਿ ਰਾਹੀਂ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕੀਤਾ ਜਾਣਾ ਹੈ, ਉਹ ਰਸ ਨਾਟਕਕਾਰ ਵਲੋਂ ਸੁਣਾਈ ਜਾਣ ਵਾਲੀ ਕਹਾਣੀ 'ਚੋਂ ਲੱਭਣਾ ਮੁਸ਼ਕਿਲ ਹੈ। ਪਾਤਰ ਨਾਟਕ ਨੂੰ ਸਜੀਵ ਰੂਪ 'ਚ ਪੇਸ਼ ਕਰਦੇ ਹਨ। ਪਾਤਰ ਦੋ ਪ੍ਰਕਾਰ ਦੇ ਹੁੰਦੇ ਹਨ-ਇਕਸਾਰ-ਪਾਤਰ ਅਤੇ ਗੋਲ-ਪਾਤਰ। ਇਕਸਾਰ ਪਾਤਰ ਉਹ ਹੁੰਦੇ ਹਨ ਜਿਨ੍ਹਾਂ ਦਾ ਵਿਕਾਸ ਨਹੀਂ ਹੁੰਦਾ। ਉਹ ਪੂਰੇ ਨਾਟਕ ਵਿੱਚ ਆਪਣੇ ਸੁਭਾਅ 'ਚ ਤਬਦੀਲੀ ਨਹੀਂ ਲਿਆਉਂਦੇ। ਗੋਲ-ਪਾਤਰ ਦਾ ਬਕਾਇਦਾ ਵਿਕਾਸ ਹੁੰਦਾ ਹੈ। ਅਜਿਹੇ ਪਾਤਰ ਰਚਨਾ ਅਨੁਸਾਰ ਬਦਲਦੇ ਹਨ। ਸੰਸਕ੍ਰਿਤ ਨਾਟ-ਪਰੰਪਰਾ ਵਿੱਚ ਪਾਤਰਾਂ ਦੀ ਗਿਣਤੀ 5 ਤੋਂ 10 ਮੰਨੀ ਗਈ ਹੈ। ਪਰ ਹੁਣ ਨਾਟਕ ਦੇ ਆਕਾਰ ਅਨੁਸਾਰ ਪਾਤਰਾਂ ਦੀ ਗਿਣਤੀ 'ਚ ਵਾਧਾ ਕਰ ਲਿਆ ਜਾਂਦਾ ਹੈ। ਹਡਸਨ ਪਾਤਰ-ਉਸਾਰੀ ਨੂੰ ਕਿਸੇ ਵੀ ਨਾਟਕੀ ਕ੍ਰਿਤ ਦੀ ਮਹਾਨਤਾ ਪਿੱਛੇ ਬੁਨਿਆਦੀ ਅਤੇ ਅੰਤਮ ਤੱਤ ਮੰਨਦਾ ਹੈ। ਉਹ ਤਾਂ ਪਲਾਟ ਨੂੰ ਵੀ ਪਾਤਰਾਂ 'ਤੇ ਅਧਾਰਿਤ ਮੰਨਦਾ ਹੈ। ਪਾਤਰ ਉਸਾਰੀ ਪਿੱਛੇ ਲੇਖਕ ਦੀ ਮਨੋਵਿਗਿਆਨਕ ਸੂਝ ਬੂਝ ਕੰਮ ਕਰਦੀ ਹੈ। ਕਹਾਣੀ ਦੀ ਲੋੜ ਅਤੇ ਮਾਹੌਲ ਮੁਤਾਬਿਕ ਉਹ ਪਾਤਰਾਂ ਦੀ ਚੋਣ ਜਾਂ ਨਾਮਕਰਨ ਕਰਦਾ ਹੈ। ਉਸ ਨੇ ਪਾਤਰ ਉਸਾਰੀ ਸਮੇਂ ਦਰਸ਼ਕਾਂ ਜਾਂ ਪਾਠਕਾਂ ਦੀ ਚਾਹਤ ਦਾ ਧਿਆਨ ਵੀ ਰੱਖਣਾ ਹੁੰਦਾ ਹੈ। ਹਰ ਪਾਤਰ ਨੂੰ ਉਸ ਦੇ ਲਾਇਕ ਕੰਮ ਦੇਣਾ ਵੀ ਜ਼ਰੂਰੀ ਹੁੰਦਾ ਹੈ। ਅਜਿਹਾ ਨਾ ਹੋਣ ਦੀ ਹਾਲਤ ਵਿੱਚ ਵਿਹਲਾ ਪਾਤਰ ਦਰਸ਼ਕਾਂ ਜਾਂ ਪਾਠਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਭਾਵੁਕ, ਆਸ਼ਾਵਾਦੀ ਅਤੇ ਜੋਸ਼ੀਲੇ ਗੁਣ ਵਾਲੇ ਪਾਤਰ ਨਾਟਕ ਦੀ ਸਫਲਤਾ ਵਿੱਚ ਸਹਾਈ ਹੁੰਦੇ ਹਨ। ਉਪਰੋਕਤ ਵਿਚਾਰ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਪਾਤਰ ਅਤੇ ਪਾਤਰ-ਉਸਾਰੀ ਨਾਟਕ ਦੇ ਮਹੱਤਵਪੂਰਨ ਤੱਤ ਹੁੰਦੇ ਹਨ।
ਨਾਟਕ "ਕੰਧਾਂ ਰੇਤ ਦੀਆਂ" ਦੀ ਪਾਤਰ-ਉਸਾਰੀ ਰਾਹੀਂ ਨਾਟਕਕਾਰ ਗੁਰਚਰਨ ਸਿੰਘ ਜਸੂਜਾ ਦਰਸ਼ਕਾਂ ਜਾਂ ਪਾਠਕਾਂ