

ਹੋਏ। ਪ੍ਰੋ. ਮੋਹਨ ਸਿੰਘ ਨੇ 'ਸਾਵੇ ਪੱਤਰ', 'ਅਧਵਾਟੇ', 'ਕੱਚ ਸੱਚ', 'ਵੱਡਾ ਵੇਲਾ', 'ਜੰਦਰੇ', 'ਜੈਮੀਰ', 'ਅਵਾਜ਼ਾਂ ਤੇ ਬੂਹੇ ਆਦਿ ਕਾਵਿ-ਪੁਸਤਕਾਂ ਦੀ ਰਚਨਾ ਕੀਤੀ। ਉਸ ਦੀ ਕਵਿਤਾ ਪ੍ਰਗਤੀਵਾਦੀ ਵਿਚਾਰਧਾਰਾ ਤੇ ਰੁਮਾਂਟਿਕ ਰੰਗ ਦੋਹਾਂ ਦੀ ਪ੍ਰਧਾਨਤਾ ਹੈ। ਉਸ ਦੀ ਕਵਿਤਾ ਸਵੈ ਤੋਂ ਸਮੂਹ ਤੱਕ ਫੈਲਦੀ ਹੈ। ਪ੍ਰੋ. ਮੋਹਨ ਸਿੰਘ ਤੋਂ ਇਲਾਵਾ ਅੰਮ੍ਰਿਤਾ ਪ੍ਰੀਤਮ ਵੀ ਇਸ ਦੌਰ ਦੀ ਅਹਿਮ ਕਵਿਤਰੀ ਹੈ। ਸ਼ੁਰੂ ਵਿੱਚ ਉਸ ਦੀ ਕਵਿਤਾ ਨਿੱਜੀ ਪੀੜਾ ਨੂੰ ਉਪਭਾਵਕ ਪੱਧਰ ਤੇ ਪੇਸ਼ ਕਰਦੀ ਨਜ਼ਰ ਆਉਂਦੀ ਹੈ। ਬਾਦ ਵਿੱਚ ਉਹ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਜੁੜ ਕੇ ਰਚਨਾ ਕਰਦੀ ਹੈ। ਨਾਰੀਵਾਦੀ ਸੰਵੇਦਨਾ ਨੂੰ ਸ਼ਕਤੀਸ਼ਾਲੀ ਰੂਪ ਵਿੱਚ ਉਭਾਰਨ ਵਾਲੀ ਉਹ ਪਹਿਲੀ ਨਾਰੀ ਕਵਿਤਰੀ ਹੈ। 'ਅੰਮ੍ਰਿਤ ਲਹਿਰਾਂ', 'ਜੀਉਂਦਾ ਜੀਵਨ', 'ਓ ਗੀਤਾਂ ਵਾਲਿਆ', ‘ਬੱਦਲਾਂ ਦੇ ਪੱਲੇ ਵਿੱਚ', 'ਸੰਝ ਦੀ ਲਾਲੀ', 'ਲੋਕ ਪੀੜ', 'ਪੱਥਰ ਗੀਟੇ', 'ਸੁਨੇਹੜੇ', 'ਕਾਗਜ਼ ਤੇ ਕੈਨਵਸ ਉਸ ਦੇ ਪ੍ਰਸਿੱਧ ਕਾਵਿ-ਸੰਗ੍ਰਹਿ ਹਨ। ਬਾਵਾ ਬਲਵੰਤ ਨੇ ਆਪਣੇ ਕਾਵਿ-ਸੰਗ੍ਰਹਿ 'ਬੰਦਰਗਾਹ', 'ਸੁਗੰਧ ਸਮੀਰ', 'ਮਹਾਂਨਾਚ' ਤੇ 'ਅਮਰ ਗੀਤ' ਰਾਹੀਂ ਪ੍ਰਗਤੀਵਾਦੀ ਕਵਿਤਾ ਨੂੰ ਸਿਖਰ ਪ੍ਰਦਾਨ ਕੀਤੀ। ਉਸ ਨੇ ਪ੍ਰਗਤੀਵਾਦੀ ਵਿਚਾਰਧਾਰਾ ਦੇ ਸਿਧਾਂਤਕ ਤੇ ਵਿਹਾਰਕ ਪੱਖਾਂ ਨੂੰ ਕਲਾਤਮਕਤਾ ਸਹਿਤ ਪੇਸ਼ ਕੀਤਾ। ਬਾਬਾ ਬਲਵੰਤ ਤੋਂ ਇਲਾਵਾ ਇਸ ਦੌਰ ਵਿੱਚ ਪ੍ਰੀਤਮ ਸਿੰਘ ਸਫ਼ੀਰ, ਹਰਿੰਦਰ ਸਿੰਘ ਰੂਪ, ਅਵਤਾਰ ਸਿੰਘ ਆਜ਼ਾਦ, ਪਿਆਰਾ ਸਿੰਘ ਸਹਿਰਾਈ ਆਦਿ ਇਸ ਦੌਰ ਦੇ ਹੋਰ ਮਹੱਤਵਪੂਰਨ ਕਵੀ ਹਨ। 1947 ਵਿੱਚ ਅਜ਼ਾਦੀ ਪ੍ਰਾਪਤੀ ਤੋਂ ਬਾਅਦ ਪ੍ਰਗਤੀਵਾਦੀ ਕਾਵਿ-ਧਾਰਾ ਵਿੱਚ ਦੁਹਰਾਓ ਵਧ ਗਿਆ ਤੇ ਹੌਲੀ-ਹੌਲੀ ਹੋਰ ਕਾਵਿ-ਧਾਰਾਵਾਂ ਸਾਹਮਣੇ ਆਉਣ ਲੱਗੀਆਂ।
ਆਧੁਨਿਕ ਪੰਜਾਬੀ ਕਵਿਤਾ ਦਾ ਤੀਸਰਾ ਦੌਰ 1960 ਤੋਂ ਬਾਅਦ ਵਾਲਾ ਹੈ, ਜਦ ਸੁਹਜਵਾਦੀ ਕਾਵਿ ਧਾਰਾ, ਪ੍ਰਯੋਗਵਾਦੀ ਕਾਵਿ ਧਾਰਾ ਤੇ ਜੁਝਾਰਵਾਦੀ ਕਾਵਿ ਧਾਰਾ ਸਾਹਮਣੇ ਆਉਂਦੀਆਂ ਹਨ। ਕਾਵਿ ਸਿਰਜਣਾ ਪੱਖੋਂ ਵੰਨ-ਸੁਵੰਨਤਾ ਦਾ ਦੌਰ ਹੈ। ਇਹ ਉਹ ਦੌਰ ਹੈ ਜਦ ਅੰਤਰ-ਰਾਸ਼ਟਰੀ ਪੱਧਰ ਤੇ ਤੀਸਰੇ ਸੰਸਾਰ ਦੇ ਮੁਲਕ ਆਪੋ ਆਪਣੇ ਯਥਾਰਥ ਨਾਲ ਉਭਰਦੇ ਹਨ। ਭਾਰਤ ਵਿੱਚ ਅਜ਼ਾਦੀ ਦੇ 20 ਸਾਲ ਦਾ ਮਾਹੌਲ ਸੁਪਨੇ ਦੀ ਪੂਰਤੀ ਦੀ ਥਾਂ ਅਸੰਤੁਸ਼ਟਤਾ ਤੇ ਮੋਹ ਭੰਗ ਨੂੰ ਜਨਮ ਦਿੰਦਾ ਹੈ। ਡਾ. ਹਰਿਭਜਨ ਸਿੰਘ, ਸ.ਸ. ਮੀਸ਼ਾ, ਜਸਵੰਤ ਸਿੰਘ ਨੇਕੀ, ਸ਼ਿਵ ਕੁਮਾਰ ਬਟਾਲਵੀ, ਤਾਰਾ ਸਿੰਘ ਆਦਿ ਕਵੀਆਂ ਦੀ ਕਵਿਤਾ ਨੂੰ ਸੁਹਜਵਾਦੀ ਪੰਜਾਬੀ ਕਵਿਤਾ ਕਹਿ ਲਿਆ ਜਾਂਦਾ ਹੈ ਜੋ ਸਮੂਹ ਦੀ ਬਜਾਏ ਵਿਅਕਤੀ ਕੇਂਦਰਿਤ ਸੀ। ਡਾ. ਹਰਿਭਜਨ ਸਿੰਘ ਨੇ ਆਧੁਨਿਕ ਪੂੰਜੀਵਾਦੀ ਦੌਰ ਦੇ ਲਘੂ ਮਨੁੱਖ ਦੇ ਦੁਖਾਂਤਕ ਪਹਿਲੂਆਂ ਤੇ ਸੰਕਟਾਂ ਨੂੰ ਬਾਰੀਕੀ ਨਾਲ ਚਿਤਰਿਆ। 'ਲਾਸਾਂ', 'ਅਧਰੈਣੀ', 'ਨਾ ਧੁੱਪੇ ਨਾ ਛਾਵੇਂ", 'ਸੜਕ ਦੇ ਸਫੇ ਤੇ', 'ਟੁੱਕੀਆਂ ਜੀਭਾਂ ਵਾਲੇ', 'ਮੱਥਾ ਦੀਵੇ ਵਾਲਾ' ਆਦਿ ਉਸ ਦੀਆਂ ਮੁਖ ਕਾਵਿ-ਪੁਸਤਕਾਂ ਹਨ। ਜਸਵੰਤ ਸਿੰਘ ਨੇਕੀ ਨੇ ਆਪਣੀਆਂ ਕਾਵਿ-ਪੁਸਤਕਾਂ 'ਇਹ ਮੇਰੇ ਸੰਸੇ ਇਹ ਮੇਰੇ ਗੀਤ', 'ਕਰੁਣਾ ਦੀ ਛੋਹ ਤੋਂ ਮਗਰੋਂ ਆਦਿ ਕਾਵਿ-ਪੁਸਤਕਾਂ ਰਾਹੀਂ ਦਾਰਸ਼ਨਿਕ ਤੇ ਮਨੋਵਿਗਿਆਨਕ ਛੋਹਾਂ ਵਾਲੀ ਕਵਿਤਾ ਲਿਖੀ। ਸ.ਸ. ਮੀਸ਼ਾ ਨੇ 'ਚੁਰਸਤਾ', ਦਸਤਕ', 'ਕੱਚ ਦੇ ਵਸਤਰ ਆਦਿ ਪੁਸਤਕਾਂ ਰਾਹੀਂ ਆਧੁਨਿਕ ਮੱਧ ਸ਼੍ਰੇਣਿਕ ਮਨੁੱਖ ਦੇ ਦੰਭਾਂ, ਦਵੰਦਾਂ ਨੂੰ ਵਿਅੰਗ ਨਾਲ ਚਿਤਰਿਆ। ਸ਼ਿਵ ਕੁਮਾਰ ਬਟਾਲਵੀ ਇਸ ਦੌਰ ਦਾ ਸਭ ਤੋਂ ਮਕਬੂਲ ਸ਼ਾਇਰ ਹੈ। ਉਸ ਨੇ ਅਸਫਲ ਪਿਆਰ ਤੋਂ ਉਪਜੇ ਦੁਖਾਂਤ ਨੂੰ ਪ੍ਰਗੀਤ ਵਿੱਚ ਢਾਲ ਕੇ ਸਿਖਰਾਂ 'ਤੇ ਪਹੁੰਚਾਇਆ। ਉਸ ਨੇ ਆਪਣੀਆਂ ਕਵਿਤਾਵਾਂ ਪੰਜਾਬੀ ਲੋਕਧਾਰਾਈ ਸਮੱਗਰੀ ਦਾ ਭਰਪੂਰ ਪ੍ਰਯੋਗ ਕੀਤਾ। 'ਪੀੜਾਂ ਦਾ ਪਰਾਗਾ', 'ਲਾਜਵੰਤੀ', 'ਆਟੇ ਦੀਆਂ ਚਿੜੀਆਂ', 'ਮੈਨੂੰ ਵਿਦਾ ਕਰੋ', 'ਬਿਰਹਾ ਤੂੰ ਸੁਲਤਾਨ ਆਦਿ ਉਸਦੀਆਂ ਅਹਿਮ ਕਾਵਿ ਪੁਸਤਕਾਂ ਹਨ। ਸ਼ਿਵ ਕੁਮਾਰ ਬਟਾਲਵੀ ਤੋਂ ਇਲਾਵਾ ਤਾਰਾ ਸਿੰਘ, ਪ੍ਰਭਜੋਤ ਕੌਰ ਆਦਿ ਇਸ ਦੌਰ ਦੇ ਹੋਰ ਅਹਿਮ ਕਵੀ ਹਨ। ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਪ੍ਰਯੋਗਵਾਦੀ ਪੰਜਾਬੀ ਕਵਿਤਾ ਤੇ ਜੁਝਾਰਵਾਦੀ ਪੰਜਾਬੀ ਕਵਿਤਾ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਦੀਆਂ ਹਨ। ਪ੍ਰਯੋਗਵਾਦੀ ਪੰਜਾਬੀ ਕਾਵਿ ਧਾਰਾ ਦੇ ਸੰਚਾਲਕ ਡਾ. ਜਸਬੀਰ ਸਿੰਘ ਆਹਲੂਵਾਲੀਆ ਤੇ ਰਵਿੰਦਰ ਰਵੀ ਹਨ। ਇਨ੍ਹਾਂ ਨੇ ਪ੍ਰਗਤੀਵਾਦੀ ਪੰਜਾਬੀ ਕਾਵਿ ਧਾਰਾ ਅੰਦਰਲੀ ਖੜੋਤ 'ਤੇ ਪ੍ਰਸ਼ਨ ਲਗਾਏ। ਪ੍ਰਯੋਗਵਾਦੀ ਕਾਵਿ ਧਾਰਾ ਨੇ ਸੁਚੇਤ ਤੌਰ 'ਤੇ ਆਧੁਨਿਕ ਪੂੰਜੀਵਾਦੀ ਦੌਰ ਦੇ ਮਹਾਂਨਗਰੀ ਮਨੁੱਖ ਦੀ ਦਿਸ਼ਾਹੀਣਤਾ, ਅਰਥਹੀਣਤਾ ਤੇ ਇਕਲਾਪੇ ਨੂੰ ਚਿਤਰਿਆ। ਪ੍ਰਗਤੀਵਾਦੀ ਕਵਿਤਾ ਦੀ ਸਿਰਜਨਾ ਪਿੱਛੇ ਮਾਰਕਸਵਾਦੀ ਵਿਚਾਰਧਾਰਕ ਚੌਖਟਾ ਕੰਮ