

ਕਰਦਾ ਸੀ। ਪ੍ਰਯੋਗਵਾਦੀ ਕਵਿਤਾ ਨੇ ਵਾਦ-ਮੁਕਤ 'ਮੈਂ ਮੂਲਕ' ਕਵਿਤਾ ਨੂੰ ਸ਼ਹਿਰੀ ਜੀਵਨ 'ਚੋਂ ਨਵੇਂ ਬਿਬਾਂ ਪ੍ਰਤੀਕਾਂ ਦੇ ਮਾਧਿਅਮ ਰਾਹੀਂ ਸਿਰਜਿਆ। ਜਸਬੀਰ ਸਿੰਘ ਆਹਲੂਵਾਲੀਆ, ਰਵਿੰਦਰ ਰਵੀ ਤੋਂ ਇਲਾਵਾ ਅਜਾਇਬ ਕਮਲ, ਸੁਖਪਾਲਵੀਰ ਹਸਰਤ ਇਸ ਕਾਵਿ ਧਾਰਾ ਦੇ ਅਹਿਮ ਕਵੀ ਹਨ। ਇਹ ਕਾਵਿ ਧਾਰਾ ਬਹੁਤ ਦੇਰ ਆਪਣੇ ਪੈਰ ਟਿਕਾ ਨਹੀਂ ਸਕੀ।
ਸੱਤਵੇਂ ਦਹਾਕੇ ਦੇ ਮੱਧ ਵਿੱਚ ਜੁਝਾਰਵਾਦੀ ਪੰਜਾਬੀ ਕਵਿਤਾ ਸ਼ਕਤੀਸ਼ਾਲੀ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਂਦੀ ਹੈ। ਭਾਰਤੀ ਕਮਿਊਨਿਸਟ ਲਹਿਰ 1966 ਵਿੱਚ ਦੁਫਾੜ ਹੋ ਜਾਂਦੀ ਹੈ। ਬੰਗਾਲ ਵਿੱਚ ਨਕਸਲਬਾੜੀ ਪਿੰਡ ਵਿੱਚ ਮਜ਼ਦੂਰ ਕਿਸਾਨ ਹਥਿਆਰਬੰਦ ਵਿਦਰੋਹ ਕਰ ਦਿੰਦੇ ਹਨ। ਸਿੱਟੇ ਵਜੋਂ ਹਥਿਆਰਬੰਦ ਇਨਕਲਾਬੀ ਲਹਿਰ ਪੰਜਾਬ ਵਿੱਚ ਵੀ ਉੱਠਦੀ ਹੈ। ਇਸ ਲਹਿਰ ਦੇ ਹੁੰਗਾਰੇ ਵਜੋਂ ਪੰਜਾਬੀ ਵਿੱਚ ਵਿਦਰੋਹੀ ਸੁਰ ਵਾਲੀ ਕਵਿਤਾ ਲਿਖੀ ਜਾਣ ਲੱਗੀ। ਇਸ ਕਾਵਿ ਧਾਰਾ ਨੇ ਪ੍ਰਗਤੀਵਾਦੀ ਕਾਵਿ ਧਾਰਾ ਦੁਆਰਾ ਪੇਸ਼ ਕੀਤੇ ਕ੍ਰਾਂਤੀ ਦੇ ਰੋਮਾਂਟਿਕ ਸੁਪਨੇ ਦਾ ਖੰਡਨ ਕੀਤਾ। ਇਸ ਕਾਵਿ ਧਾਰਾ ਨੇ ਪੇਂਡੂ ਜਨਜੀਵਨ ਚੋਂ ਬਿੰਬ ਪ੍ਰਤੀਕ ਲੈ ਕੇ ਕ੍ਰਾਂਤੀਕਾਰੀ ਕਾਵਿ ਦੀ ਸਿਰਜਨਾ ਸ਼ੁਰੂ ਕੀਤੀ। ਇਸ ਕਾਵਿ ਧਾਰਾ ਨੇ ਮੱਧ-ਸ਼੍ਰੇਣੀ ਦੇ ਦੰਭੀ ਕਿਰਦਾਰ, ਬੁਰਜੂਆ ਸ਼੍ਰੇਣੀ ਦੇ ਸ਼ੋਸ਼ਣ ਤੇ ਪੂੰਜੀਵਾਦੀ ਲੋਕਤੰਤਰ ਦਾ ਤਿੱਖੇ ਸੁਰ ਵਿੱਚ ਨਿਖੇਧ ਕੀਤਾ। ਇਸ ਕਾਵਿ ਧਾਰਾ ਦੇ ਮੁੱਖ ਕਵੀ ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਹਰਭਜਨ ਹਰਵਾਰਵੀ ਤੇ ਅਮਰਜੀਤ ਚੰਦਨ ਹੋਏ ਹਨ। ਇਸ ਕਾਵਿ ਧਾਰਾ ਨਾਲ ਜੁੜੇ ਕਵੀ ਨਕਸਲਬਾੜੀ ਲਹਿਰ ਨਾਲ ਜੁੜੇ ਹੋਏ ਸਨ ਜਿਨ੍ਹਾਂ ਨੂੰ ਉਸ ਦੌਰ ਦੀ ਸੱਤਾ ਨੇ ਜਬਰੀ ਦਬਾ ਦਿੱਤਾ।
1980 ਈ. ਤੋਂ ਬਾਅਦ ਪੰਜਾਬੀ ਵਿੱਚ ਸਿੱਖ ਖਾੜਕੂ ਲਹਿਰ ਦਾ ਉਭਾਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰ ਦਿੰਦਾ ਹੈ। ਇਸ ਦੌਰ ਵਿੱਚ ਮਾਨਵਵਾਦੀ ਸੁਰ ਵਾਲੀ ਕਵਿਤਾ ਉੱਭਰਦੀ ਹੈ। 1990 ਤੋਂ ਬਾਦ ਪੰਜਾਬ ਵਿਸ਼ਵੀਕਰਨ ਦੀ ਲਪੇਟ ਵਿੱਚ ਆ ਜਾਂਦਾ ਹੈ। ਇਸ ਦੌਰ ਵਿੱਚ ਸਮਾਨਾਂਤਰ ਕਈ ਰੰਗਾਂ ਦੀ ਕਵਿਤਾ ਲਿਖੀ ਜਾਣ ਲੱਗਦੀ ਹੈ। ਇਸ ਦੌਰ ਵਿੱਚ ਪਿਆਰ ਕਾਵਿ, ਦਲਿਤ ਕਾਵਿ ਤੇ ਨਾਰੀ ਕਾਵਿ ਆਦਿ ਕਈ ਤਰ੍ਹਾਂ ਦੇ ਸੁਰ ਉੱਭਰਦੇ ਹਨ। ਕਵਿਤਾ ਵਿੱਚ ਮੈਂ ਮੂਲਕ ਸੁਰ ਭਾਰੂ ਹੁੰਦੀ ਹੈ। ਆਧੁਨਿਕ ਦੌਰ ਵਿੱਚ ਪੰਜਾਬੀ ਕਵਿਤਾ ਦਾ ਇੱਕ ਵੱਡਾ ਹਿੱਸਾ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਕਵੀਆਂ ਦੁਆਰਾ ਸਿਰਜਿਆ ਜਾ ਰਿਹਾ ਹੈ, ਜਿਸ ਨੂੰ ਪਰਵਾਸੀ ਪੰਜਾਬੀ ਕਾਵਿ ਵੱਲੋਂ ਵਿਚਾਰਿਆ ਜਾਂਦਾ ਹੈ।
ਆਧੁਨਿਕ ਪੰਜਾਬੀ ਨਾਵਲ ਦਾ ਇਤਿਹਾਸ
ਆਧੁਨਿਕ ਪੰਜਾਬੀ ਨਾਵਲ ਵੀ ਪੰਜਾਬੀ ਦੇ ਬਾਕੀ ਰੂਪਾਕਾਰਾਂ ਵਾਂਗ ਪੱਛਮੀ ਸਾਹਿਤ ਦੇ ਪ੍ਰਭਾਵ ਅਧੀਨ ਪੈਦਾ ਹੋਇਆ। ਮੱਧਕਾਲੀ ਪੰਜਾਬੀ ਸਾਹਿਤ ਵਿੱਚ ਬਿਰਤਾਂਤਕ ਕਾਵਿ-ਧਾਰਾਵਾਂ ਜਿਵੇਂ ਕਿ ਕਿੱਸਾ ਕਾਵਿ, ਵੀਰ ਕਾਵਿ ਤੇ ਜੰਗਨਾਮਾ ਆਦਿ ਮਿਲਦੀਆਂ ਹਨ ਪਰ ਨਾਵਲ ਵਰਗਾ ਕੋਈ ਰੂਪਾਕਾਰ ਨਜ਼ਰ ਨਹੀਂ ਆਉਂਦਾ। ਇਸ ਕਰਕੇ ਪੰਜਾਬੀ ਨਾਵਲ ਪੱਛਮੀ ਸਾਹਿਤ ਦੇ ਪ੍ਰਭਾਵ ਦੀ ਹੀ ਉਪਜ ਹੈ। ਪੰਜਾਬੀ ਨਾਵਲਕਾਰਾਂ ਉੱਤੇ ਮੱਧਕਾਲੀਨ ਕਥਾ-ਰੂੜੀਆਂ ਦਾ ਗਹਿਰਾ ਪ੍ਰਭਾਵ ਹੈ ਜਿਸ ਨੂੰ ਪੰਜਾਬੀ ਨਾਵਲ 'ਚੋਂ ਸਹਿਜੇ ਹੀ ਤਲਾਸ਼ਿਆ ਜਾ ਸਕਦਾ ਹੈ। ਪੰਜਾਬੀ ਉੱਤੇ ਅੰਗਰੇਜ਼ੀ ਸਾਮਰਾਜ ਦੀ ਸਥਾਪਨਾ ਤੋਂ ਬਾਅਦ ਪੰਜਾਬ ਗੰਭੀਰ ਸੰਕਟਾਂ ਵਿੱਚ ਫਸ ਗਿਆ। ਅੰਗਰੇਜ਼ੀ ਸਾਮਰਾਜ ਦੀ ਸਥਾਪਤੀ ਨਾਲ ਈਸਾਈ ਮਿਸ਼ਨਰੀਆਂ ਨੇ ਈਸਾਈ ਮਤ ਦੇ ਪ੍ਰਚਾਰ ਲਈ ਨਾਵਲ ਵਰਗੇ ਆਧੁਨਿਕ ਰੂਪਾਂ ਦਾ ਆਸਰਾ ਲੈਣਾ ਸ਼ੁਰੂ ਕਰ ਦਿੱਤਾ। ਇਸ ਪ੍ਰਤੀਕਰਮ ਵਜੋਂ ਪੰਜਾਬੀ ਵਿੱਚ ਵੀ ਨਾਵਲ ਸਿਰਜਣਾ ਦਾ ਦੌਰ ਸ਼ੁਰੂ ਹੁੰਦਾ ਹੈ।
ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾਂ ਅਨੁਵਾਦਤ ਨਾਵਲ ਪ੍ਰਕਾਸ਼ਤ ਹੁੰਦੇ ਹਨ। ਪੰਜਾਬੀ ਭਾਸ਼ਾ ਵਿੱਚ ਪਹਿਲਾ ਪ੍ਰਕਾਸ਼ਤ ਨਾਵਲ 'ਯਿਸੂਈ ਮੁਸਾਫਰ ਦੀ ਯਾਤਰਾ' ਹੈ ਜਿਸ ਦਾ ਲੇਖਕ ਜਾਨ ਬਨੀਅਨ ਹੈ। ਇਹ ਨਾਵਲ ਪਹਿਲੀ ਵਾਰ 1839 ਈ. ਵਿੱਚ 'ਪਿਲਗ੍ਰਿਮਜ਼ ਪ੍ਰੋਗੈਸ' ਸਿਰਲੇਖ ਅਧੀਨ ਪ੍ਰਕਾਸ਼ਤ ਹੋਇਆ। ਦੂਜਾ ਨਾਵਲ 'ਜਯੋਤਿਰੁਦਯ’ 1882 ਈ. ਵਿੱਚ ਪ੍ਰਕਾਸ਼ਤ ਹੋਇਆ। ਇਹ ਦੋਵੇਂ ਨਾਵਲਾਂ ਦਾ ਪ੍ਰਕਾਸ਼ਨ ਈਸਾਈ ਮਿਸ਼ਨਰੀਆਂ ਦੇ ਲੁਧਿਆਣੇ ਦੇ ਮਿਸ਼ਨ ਪ੍ਰੈੱਸ ਵੱਲੋਂ ਕੀਤਾ। ਪੰਜਾਬੀ ਵਿੱਚ ਮੌਲਿਕ ਨਾਵਲ ਦਾ ਅਰੰਭ ਭਾਈ ਵੀਰ ਸਿੰਘ ਦੇ ਨਾਵਲ 'ਸੁੰਦਰੀ' ਦੇ 1897 ਈ.