

ਵਿੱਚ ਪ੍ਰਕਾਸ਼ਨ ਨਾਲ ਹੁੰਦਾ ਹੈ। ਸੁੰਦਰੀ ਤੋਂ ਇਲਾਵਾ ਭਾਈ ਵੀਰ ਸਿੰਘ ਨੇ 'ਸਤਵੰਤ ਕੌਰ', 'ਬਿਜੈ ਸਿੰਘ' ਤੇ 'ਬਾਬਾ ਨੋਧ ਸਿੰਘ' ਨਾਵਲਾਂ ਦੀ ਰਚਨਾ ਕੀਤੀ। ਭਾਈ ਵੀਰ ਸਿੰਘ ਨੇ ਆਪਣੇ ਨਾਵਲਾਂ ਵਿੱਚ ਈਸਾਈ ਧਰਮ ਦੇ ਮੁਕਾਬਲੇ ਸਿੱਖ ਇਤਿਹਾਸ ਦੇ 18ਵੀਂ ਸਦੀ ਦੇ ਗੌਰਵਸ਼ੀਲ ਇਤਿਹਾਸ ਦਾ ਪੁਨਰ-ਸਿਰਜਨ ਕੀਤਾ। ਭਾਈ ਵੀਰ ਸਿੰਘ ਨੇ ਪੱਛਮੀ ਜੀਵਨ ਤੇ ਸੱਭਿਆਚਾਰ ਦੀ ਥਾਂ ਦੇਸੀ ਸੱਭਿਅਤਾ ਦੀ ਮਹੱਤਤਾ ਨੂੰ ਉਜਾਗਰ ਕੀਤਾ। ਭਾਈ ਵੀਰ ਸਿੰਘ ਦੇ ਨਾਵਲ ਧਾਰਮਕ ਸੁਧਾਰਵਾਦੀ ਸ਼ੈਲੀ ਵਾਲੇ ਹਨ।
ਭਾਈ ਵੀਰ ਸਿੰਘ ਤੋਂ ਇਲਾਵਾ ਮੋਹਨ ਸਿੰਘ ਵੈਦ ਤੇ ਚਰਨ ਸਿੰਘ ਸ਼ਹੀਦ ਪਹਿਲੇ ਦੌਰ ਦੇ ਦੋ ਅਹਿਮ ਨਾਵਲਕਾਰ ਹਨ। ਮੋਹਨ ਸਿੰਘ ਵੈਦ ਨੇ 'ਸੁਸ਼ੀਲ ਨੂੰਹ', 'ਸੁਭਾਗ ਕੌਰ', 'ਸੁਸ਼ੀਲ ਵਿਧਵਾ', 'ਦੰਪਤੀ ਪਿਆਰ' ਆਦਿ ਨਾਵਲਾਂ ਦੀ ਰਚਨਾ ਕੀਤੀ। ਮੋਹਨ ਸਿੰਘ ਵੈਦ ਦੇ ਨਾਵਲ ਸਿੱਖ ਸਮਾਜ ਵਿੱਚਲੀਆਂ ਸਮੱਸਿਆਵਾਂ ਦੇ ਸੁਧਾਰ ਨਾਲ ਸੰਬੰਧਤ ਹਨ। ਚਰਨ ਸਿੰਘ ਸ਼ਹੀਦ ਨੇ 'ਦਲੇਰ ਕੌਰ', 'ਰਣਜੀਤ ਕੌਰ', 'ਦੋ ਵਹੁਟੀਆਂ' ਆਦਿ ਨਾਵਲਾਂ ਦੀ ਰਚਨਾ ਕੀਤੀ। ਉਸ ਦੇ ਨਾਵਲ ਧਾਰਮਕ, ਸਮਾਜਕ ਸੁਧਾਰਵਾਦੀ ਦ੍ਰਿਸ਼ਟੀ ਵਾਲੇ ਹਨ। ਇਸ ਦੌਰ ਵਿੱਚ ਈਸ਼ਵਰ ਚੰਦਰ ਨੰਦਾ ਦਾ ਨਾਵਲ 'ਮੁਰਾਦ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਨਾਵਲ 'ਅਣਵਿਆਹੀ ਮਾਂ’ ਵੀ ਪ੍ਰਕਾਸ਼ਤ ਹੁੰਦੇ ਹਨ।
ਪੰਜਾਬੀ ਨਾਵਲ ਦਾ ਦੂਜਾ ਪੜਾਅ 1935-1963 ਤੱਕ ਦਾ ਮੰਨਿਆ ਜਾ ਸਕਦਾ ਹੈ ਜਿਸ ਵਿੱਚ ਪੰਜਾਬੀ ਨਾਵਲ ਕਥਾ-ਵਸਤੂ ਤੇ ਕਥਾ-ਦ੍ਰਿਸ਼ਟੀ ਪੱਖੋਂ ਬਹੁਤ ਵਿਕਾਸ ਕਰਦਾ ਹੈ। ਇਸ ਦੌਰ ਵਿੱਚ ਪੰਜਾਬੀ ਨਾਵਲ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਨਾਲ ਜੁੜਦਾ ਹੈ। ਪ੍ਰਗਤੀਵਾਦ ਦੇ ਪ੍ਰਭਾਵ ਅਧੀਨ ਪੰਜਾਬੀ ਨਾਵਲ ਸਮਾਜ ਨੂੰ ਜਮਾਤੀ ਦ੍ਰਿਸ਼ਟੀਕੋਣ ਤੋਂ ਗ੍ਰਹਿਣ ਕਰਕੇ ਇਸ ਵਿੱਚਲੇ ਸ਼ੋਸ਼ਣ ਤੇ ਸੰਕਟ ਨੂੰ ਚਿਤਰਨ ਵੱਲ ਰੁਚਿਤ ਹੁੰਦਾ ਹੈ। ਦੂਜੇ ਦੌਰ ਦੇ ਪੰਜਾਬੀ ਨਾਵਲ ਵਿੱਚ ਨਾਨਕ ਸਿੰਘ ਸਭ ਤੋਂ ਵੱਧ ਲੋਕਪ੍ਰਿਅਤਾ ਹਾਸਲ ਕਰਨ ਵਾਲਾ ਨਾਵਲਕਾਰ ਹੈ। ਨਾਨਕ ਸਿੰਘ ਨੇ ਪੰਜਾਬੀ ਨਾਵਲ ਨੂੰ ਧਾਰਮਿਕ ਵਲਗਣਾਂ ਤੋਂ ਬਾਹਰ ਕੱਢ ਕੇ ਸਮਾਜਕ ਯਥਾਰਥ ਦੇ ਵੰਨ-ਸੁਵੰਨੇ ਪੱਖਾਂ ਨਾਲ ਜੋੜਿਆ। ਭਾਈ ਵੀਰ ਸਿੰਘ ਨੇ ਪੰਜਾਬੀ ਨਾਵਲ ਨੂੰ ਸੰਪ੍ਰਦਾਇਕ ਦ੍ਰਿਸ਼ਟੀ ਤੋਂ ਵੀ ਮੁਕਤ ਕੀਤਾ। ਭਾਈ ਵੀਰ ਸਿੰਘ ਬੇਸ਼ੱਕ ਪ੍ਰਗਤੀਵਾਦੀ ਦ੍ਰਿਸ਼ਟੀ ਵਾਲਾ ਨਾਵਲਕਾਰ ਨਹੀਂ ਕਿਹਾ ਜਾਂਦਾ ਪਰ ਉਸ ਦੇ ਨਾਵਲਾਂ ਦਾ ਵਿਸ਼ਾ ਵਸਤੂ ਪ੍ਰਗਤੀਵਾਦ ਦੁਆਰਾ ਉਭਾਰੇ ਮਸਲਿਆਂ ਨਾਲ ਸੰਬੰਧਤ ਰਿਹਾ। ਨਾਨਕ ਸਿੰਘ ਨੇ ਵੱਡੀ ਗਿਣਤੀ ਵਿੱਚ ਨਾਵਲ ਸਿਰਜਣਾ ਕੀਤੀ। 'ਚਿੱਟਾ ਲਹੂ', 'ਪਵਿੱਤਰ ਪਾਪੀ', 'ਇਕ ਮਿਆਨ ਦੋ ਤਲਵਾਰਾਂ', 'ਆਦਮਖੋਰ', 'ਪੁਜਾਰੀ', 'ਗਰੀਬ ਦੀ ਦੁਨੀਆਂ', 'ਪਿਆਰ ਦੀ ਦੁਨੀਆਂ ਆਦਿ ਉਸ ਦੇ ਕੁਝ ਪ੍ਰਸਿੱਧ ਨਾਵਲ ਹਨ। ਨਾਨਕ ਸਿੰਘ ਸਮੱਸਿਆਵਾਂ ਦਾ ਹੱਲ ਵਿਅਕਤੀ ਦੇ ਚਰਿੱਤਰ ਪਰਿਵਰਤਨ ਵਿੱਚ ਵੇਖਦਾ ਹੈ।
ਸੁਰਿੰਦਰ ਸਿੰਘ ਨਰੂਲਾ ਪੰਜਾਬੀ ਨਾਵਲ ਦੇ ਦੂਜੇ ਦੌਰ ਦਾ ਅਹਿਮ ਨਾਵਲਕਾਰ ਹੈ। ਉਸ ਦੇ ਨਾਵਲ 'ਪਿਉ ਪੁੱਤਰ ਨੂੰ ਪੰਜਾਬੀ ਦਾ ਪਹਿਲਾ ਯਥਾਰਥਵਾਦੀ ਨਾਵਲ ਕਿਹਾ ਜਾਂਦਾ ਹੈ। 'ਪਿਉ ਪੁੱਤਰ ਤੋਂ ਇਲਾਵਾ ਉਸ ਨੇ 'ਰੰਗ ਮਹਿਲ', 'ਜਗਰਾਤਾ', 'ਨੀਲੀਬਾਰ ਆਦਿ ਨਾਵਲਾਂ ਦੀ ਸਿਰਜਣਾ ਕੀਤੀ। ਸੁਰਿੰਦਰ ਸਿੰਘ ਨਰੂਲਾ ਦੀ ਗਲਪ-ਦ੍ਰਿਸ਼ਟੀ ਮਾਰਕਸਵਾਦੀ ਚਿੰਤਨ ਤੋਂ ਗਹਿਰੀ ਤਰ੍ਹਾਂ ਪ੍ਰਭਾਵਿਤ ਸੀ। ਸੰਤ ਸਿੰਘ ਸੇਖੋਂ ਨੇ ਵੀ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਤੋਂ ਨਾਵਲ ਰਚੇ ਜਿਨ੍ਹਾਂ ਵਿੱਚ 'ਲਹੂ ਮਿੱਟੀ', 'ਬਾਬਾ ਅਸਮਾਨ ਮੁੱਖ ਹਨ। ਇਸ ਦੌਰ ਵਿੱਚ ਨਾਨਕ ਸਿੰਘ ਤੋਂ ਬਾਦ ਲੋਕਪ੍ਰਿਅਤਾ ਹਾਸਲ ਕਰਨ ਵਾਲਾ ਨਾਵਲਕਾਰ ਜਸਵੰਤ ਸਿੰਘ ਕੰਵਲ ਹੈ। ਕੰਵਲ ਨੇ 'ਸੱਚ ਨੂੰ ਫਾਂਸੀ', 'ਪਾਲੀ', 'ਪੂਰਨਮਾਸ਼ੀ', 'ਰਾਤ ਬਾਕੀ ਹੈ', 'ਹਾਣੀ', 'ਮਿੱਤਰ ਪਿਆਰੇ ਨੂੰ ਆਦਿ ਨਾਵਲਾਂ ਦੀ ਰਚਨਾ ਕੀਤੀ। ਜਸਵੰਤ ਸਿੰਘ ਕੰਵਲ ਦੀ ਸ਼ੁਰੂ ਦੇ ਨਾਵਲਾਂ ਵਿੱਚ ਗਲਪ ਦ੍ਰਿਸ਼ਟੀ ਰੁਮਾਂਟਿਕ ਆਦਰਸ਼ਵਾਦੀ ਸੀ ਤੇ ਬਾਦ ਵਿੱਚ ਉਸ ਨੇ ਮਾਰਕਸਵਾਦੀ ਚਿੰਤਨ ਦੇ ਪ੍ਰਭਾਵ ਅਧੀਨ ਨਾਵਲੀ ਸਿਰਜਣਾ ਕੀਤੀ।
ਇਸ ਦੌਰ ਦਾ ਇੱਕ ਹੋਰ ਮਹੱਤਵਪੂਰਨ ਨਾਵਲਕਾਰ ਨਰਿੰਦਰਪਾਲ ਸਿੰਘ ਹੈ, ਜਿਸ ਨੇ ਆਪਣੇ ਨਾਵਲਾਂ ਵਿੱਚ ਪਿਆਰ, ਰੁਮਾਂਸ ਤੇ ਸਿੱਖ ਇਤਿਹਾਸ ਨੂੰ ਵਿਸ਼ਾ ਵਸਤੂ ਬਣਾਇਆ। ਅੰਮ੍ਰਿਤਾ ਪ੍ਰੀਤਮ ਨੇ 'ਡਾਕਟਰ ਦੇਵ', 'ਪਿੰਜਰ', 'ਆਲ੍ਹਣਾ', 'ਚੱਕ ਨੰਬਰ ਛੱਤੀ’ ਆਦਿ ਨਾਵਲਾਂ ਦੀ ਰਚਨਾ ਕਰਕੇ ਪਹਿਲੀ ਇਸਤਰੀ ਨਾਵਲਕਾਰ ਹੋਣ ਦਾ ਮਾਣ ਹਾਸਲ