

ਕੀਤਾ। ਉਸ ਨੇ ਆਪਣੇ ਨਾਵਲਾਂ ਵਿੱਚ ਨਾਰੀ-ਸਰੋਕਾਰਾਂ ਨੂੰ ਚਿਤਰਿਆ। ਇਸੇ ਦੌਰ ਵਿੱਚ ਕਰਤਾਰ ਸਿੰਘ ਦੁੱਗਲ ਨੇ 'ਆਂਦਰਾਂ', 'ਨਹੁੰ ਮਾਸ', 'ਉਸ ਦੀਆਂ ਚੂੜੀਆਂ', 'ਇੱਕ ਦਿਲ ਵਿਕਾਊ ਹੈ' ਤੇ 'ਹਾਲ ਮੁਰੀਦਾਂ ਦਾ' ਆਦਿ ਨਾਵਲਾਂ ਦੀ ਰਚਨਾ ਕੀਤੀ। ਕਰਤਾਰ ਸਿੰਘ ਦੁੱਗਲ ਦੀ ਰਚਨਾ ਦ੍ਰਿਸ਼ਟੀ ਫਰਾਇਡ ਤੋਂ ਪ੍ਰਭਾਵਤ ਹੈ।
1965 ਤੋਂ ਬਾਦ ਪੰਜਾਬੀ ਨਾਵਲ ਦਾ ਤੀਸਰਾ ਦੌਰ ਸ਼ੁਰੂ ਹੁੰਦਾ ਹੈ। ਇਹ ਉਹ ਦੌਰ ਹੈ ਜਦ ਸਮਾਜ ਵੱਡੀਆਂ ਤਬਦੀਲੀਆਂ ਚੋਂ ਗੁਜ਼ਰਦਾ ਹੈ। 1947 ਤੋਂ ਬਾਦ ਆਜ਼ਾਦੀ ਪ੍ਰਾਪਤੀ ਦਾ ਸੁਪਨਾ ਖੰਡਿਤ ਹੋਣ ਲੱਗਦਾ। ਲੋਕਤੰਤਰਕ ਪ੍ਰਬੰਧ ਇੱਕੋ ਵੇਲੇ ਉਮੀਦਾਂ ਤੇ ਨਿਰਾਸ਼ਾ ਦੇ ਮੌਕੇ ਪੈਦਾ ਕਰਦਾ ਹੈ। ਇਸ ਦੌਰ ਵਿੱਚ ਦੂਜੀ ਪੀੜ੍ਹੀ ਦੇ ਬਹੁਤ ਸਾਰੇ ਨਾਵਲਕਾਰ ਨਾਵਲੀ ਸਿਰਜਣਾ ਵਿੱਚ ਰੁੱਝੇ ਰਹਿੰਦੇ ਹਨ। ਬਹੁਤ ਸਾਰੇ ਨਵੇਂ ਨਾਂ ਨਾਵਲੀ ਸਿਰਜਣਾ ਵਿੱਚ ਪ੍ਰਵੇਸ਼ ਕਰਦੇ ਹਨ। ਸੋਹਣ ਸਿੰਘ ਸੀਤਲ ਸਿੱਖ ਇਤਿਹਾਸ ਨਾਲ ਸੰਬੰਧਤ ਨਾਵਲ 'ਸਿੱਖ ਰਾਜ ਕਿਵੇਂ ਗਿਆ', 'ਪੁਰਾਤਨ ਸਰਦਾਰ ਘਰਾਣੇ`, 'ਸਿੱਖ ਮਿਸਲਾਂ', 'ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਆਪਣਾ ਵਿਸ਼ੇਸ਼ ਥਾਂ ਬਣਾਉਂਦਾ ਹੈ। ਗੁਰਦਿਆਲ ਸਿੰਘ ਪੰਜਾਬੀ ਨਾਵਲ ਨੂੰ ਯਥਾਰਥਵਾਦੀ ਦ੍ਰਿਸ਼ਟੀ ਤੋਂ ਵਿਸ਼ਾਲਤਾ ਪ੍ਰਦਾਨ ਕਰਦਾ ਹੈ। 'ਮੜ੍ਹੀ ਦਾ ਦੀਵਾ', 'ਅੱਧ ਚਾਨਣੀ ਰਾਤ', 'ਅਣਹੋਏ', 'ਪਰਸਾ' ਆਦਿ ਨਾਵਲਾਂ ਰਾਹੀਂ ਜਗੀਰਦਾਰੀ ਵਿਵਸਥਾ ਤੋਂ ਪੂੰਜੀਵਾਦੀ ਵਿਵਸਥਾ ਵਿੱਚ ਵਾਪਰਨ ਵਾਲੇ ਰੂਪਾਂਤਰਨ ਤੋਂ ਉਪਜੇ ਸੰਕਟ ਨੂੰ ਆਪਣੇ ਨਾਵਲਾਂ ਦਾ ਵਿਸ਼ਾ ਬਣਾਉਂਦਾ ਹੈ। ਮੋਹਨ ਕਾਹਲੋਂ 'ਮੱਛਲੀ ਇੱਕ ਦਰਿਆ ਦੀ', 'ਬੇੜੀ ਤੇ ਬਰੇਤਾ', 'ਪਰਦੇਸੀ ਰੁੱਖ', 'ਗੋਰੀ ਨਦੀ ਦਾ ਗੀਤ ਨਾਵਲਾਂ ਦੀ ਰਚਨਾ ਨਾਲ ਆਪਣੀ ਪਹਿਚਾਣ ਬਣਾਉਂਦਾ ਹੈ। ਸੁਖਬੀਰ ਮਹਾਂਨਗਰਾਂ ਦੇ ਜੀਵਨ ਯਥਾਰਥ ਨੂੰ ਨਾਵਲਾਂ ਵਿੱਚ ਪੇਸ਼ ਕਰਨ ਵਾਲਾ ਨਾਵਲਕਾਰ ਹੈ। 'ਪਾਣੀ ਤੇ ਪੁਲ', 'ਰਾਤ ਦਾ ਚਿਹਰਾ’, ਸੜਕਾਂ ਤੇ ਕਮਰੇ’, 'ਗਰਦਸ਼', 'ਅੱਧੇ ਪੌਣੇ ਉਸ ਦੇ ਚਰਚਿਤ ਨਾਵਲ ਹਨ। ਸੁਰਜੀਤ ਸਿੰਘ ਸੇਠੀ ਪੰਜਾਬੀ ਨਾਵਲ ਵਿੱਚ ਨਵੇਂ ਪ੍ਰਯੋਗ ਕਰਦਾ ਹੈ। ਇਸ ਪੱਖੋਂ 'ਇਕ ਖਾਲੀ ਪਿਆਲਾ', 'ਆਬਰਾ ਨਦਾਬਰਾ', 'ਕੱਲ ਵੀ ਸੂਰਜ ਨਹੀਂ ਚੜੇਗਾ' ਵਿਸ਼ੇਸ਼ ਮਹੱਤਵ ਰਖਦੇ ਹਨ। ਨਿਰੰਜਣ ਤਸਨੀਮ ਵੀ ਇੱਕ ਹੋਰ ਪ੍ਰਯੋਗਵਾਦੀ ਨਾਵਲਕਾਰ ਹੈ ਜਿਸ ਨੇ ਆਪਣੇ ਨਾਵਲਾਂ ਵਿੱਚ ਆਧੁਨਿਕ ਮਨੁੱਖ ਦੇ ਮਨੋਦਵੰਦਾਂ ਨੂੰ ਚਿਤਰਿਆ। 'ਪਰਛਾਵੇਂ', 'ਤ੍ਰੇੜਾਂ ਤੇ ਰੂਪ', 'ਹਨੇਰਾ ਹੋਣ ਤੱਕ', 'ਕਸਕ' ਤੇ 'ਰੇਤ ਛਲ ਮੁੱਖ ਨਾਵਲ ਹਨ।
ਦਲੀਪ ਕੌਰ ਟਿਵਾਣਾ ਨੇ ਆਪਣੇ ਨਾਵਲਾਂ ਵਿੱਚ ਨਾਰੀ ਸਮੱਸਿਆਵਾਂ ਨੂੰ ਨਾਰੀ ਦ੍ਰਿਸ਼ਟੀਕੋਣ ਤੋਂ ਚਿਤਰਿਆ। 'ਅਗਨੀ ਪ੍ਰੀਖਿਆ', 'ਇਹੁ ਹਮਾਰਾ ਜੀਵਣਾ', 'ਲੰਘ ਗਏ ਦਰਿਆ', 'ਕਥਾ ਕਹੋ ਉਰਵਸ਼ੀ ਉਸ ਦੇ ਪ੍ਰਸਿੱਧ ਨਾਵਲ ਹਨ। ਰਾਮ ਸਰੂਪ ਅਣਖੀ ਨੇ ਆਪਣੇ ਨਾਵਲਾਂ ਵਿੱਚ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਵਿਸ਼ਾ ਵਸਤੂ ਬਣਾਇਆ। 'ਸੁਲਗਦੀ ਰਾਤ', 'ਕੋਠੇ ਖੜਕ ਸਿੰਘ', 'ਪਰਤਾਪੀ' ਆਦਿ ਉਸ ਦੇ ਪ੍ਰਸਿੱਧ ਨਾਵਲ ਹਨ। ਅਜੀਤ ਕੌਰ ਇੱਕ ਹੋਰ ਇਸਤਰੀ ਨਾਵਲਕਾਰ ਹੈ ਜਿਸ ਨੇ 'ਪੋਸਟ ਮਾਰਟਮ' 'ਫਾਲਤੂ ਔਰਤ' ਆਦਿ ਨਾਵਲਾਂ ਵਿੱਚ ਇਸਤਰੀ ਦੀਆਂ ਸਮੱਸਿਆਵਾਂ ਨੂੰ ਚਿਤਰਿਆ।
ਸਮਕਾਲੀ ਦੌਰ ਵਿੱਚ ਵੱਡੀ ਪੱਧਰ ਤੇ ਨਾਵਲ ਦੀ ਸਿਰਜਣਾ ਹੋ ਰਹੀ ਹੈ।
ਆਧੁਨਿਕ ਪੰਜਾਬੀ ਨਿੱਕੀ ਕਹਾਣੀ
ਆਧੁਨਿਕ ਕਹਾਣੀ ਨੂੰ ਨਿੱਕੀ ਕਹਾਣੀ, ਛੋਟੀ ਕਹਾਣੀ ਤੇ ਕਹਾਣੀ ਵੀ ਕਹਿ ਲਿਆ ਜਾਂਦਾ ਹੈ। ਆਧੁਨਿਕ ਪੰਜਾਬੀ ਕਹਾਣੀ ਦੇ ਆਰੰਭ ਬਾਰੇ ਵੀ ਕਈ ਧਾਰਨਾਵਾਂ ਪ੍ਰਚਲਿਤ ਹਨ। ਇੱਕ ਮਤ ਅਨੁਸਾਰ ਨਿੱਕੀ ਕਹਾਣੀ ਸਾਡੀ ਪਰੰਪਰਾ ਵਿੱਚ ਚੱਲ ਰਹੀਆਂ ਲੋਕ ਕਥਾਵਾਂ ਦਾ ਹੀ ਆਧੁਨਿਕ ਰੂਪ ਹੈ। ਪਰ ਜਿਸ ਨੂੰ ਆਧੁਨਿਕ ਕਹਾਣੀ ਕਿਹਾ ਜਾਂਦਾ ਹੈ ਉਹ ਪਰੰਪਰਕ ਲੋਕ ਕਹਾਣੀ ਨਾਲੋਂ ਆਪਣੀਆਂ ਰਚਨਾਤਮਕ ਵਿਧੀਆਂ ਕਰਕੇ ਵੱਖਰੀ ਹੈ। ਬਹੁਤੇ ਵਿਦਵਾਨ ਆਧੁਨਿਕ ਪੰਜਾਬੀ ਕਹਾਣੀ ਦਾ ਅਰੰਭ ਭਾਈ ਵੀਰ ਸਿੰਘ ਜਾਂ ਮੋਹਨ ਸਿੰਘ ਵੈਦ ਤੋਂ ਮੰਨ ਲੈਂਦੇ ਹਨ। ਪਰ ਇਨ੍ਹਾਂ ਬਾਰੇ ਆਲੋਚਕਾਂ ਦਾ ਮੁੱਖ ਇਤਰਾਜ਼ ਇਹ ਹੈ ਕਿ ਇਨ੍ਹਾਂ ਲੇਖਕਾਂ ਦੀਆਂ ਕਹਾਣੀਆਂ ਪੱਛਮੀ ਮਾਪਦੰਡ ਵਾਲੀ ਆਧੁਨਿਕ ਕਹਾਣੀ ਉੱਪਰ ਠੀਕ ਨਹੀਂ ਉੱਤਰਦੀਆਂ। ਡਾ. ਗੁਰਬਖਸ਼ ਸਿੰਘ ਫਰੈਂਕ, ਸੰਤ ਸਿੰਘ ਸੇਖੋਂ ਤੇ ਸੁਜਾਨ ਸਿੰਘ ਨੂੰ ਆਧੁਨਿਕ ਪੰਜਾਬੀ