

ਕਹਾਣੀ ਦੇ ਮੋਢੀ ਮੰਨਦਾ ਹੈ। ਆਧੁਨਿਕ ਪੰਜਾਬੀ ਕਹਾਣੀ ਹੋਰ ਸਾਹਿਤ ਰੂਪਾਂ ਵਾਂਗ ਪੱਛਮੀ ਪ੍ਰਭਾਵਾਂ ਦੀ ਹੀ ਉਪਜ ਹੈ। ਆਧੁਨਿਕ ਪੰਜਾਬੀ ਕਹਾਣੀ ਦਾ ਮੂੰਹ-ਮੁਹਾਂਦਰਾ ਪੱਛਮੀ ਆਧੁਨਿਕ ਕਹਾਣੀ ਨਾਲੋਂ ਵੱਖਰਾ ਹੈ। ਸੋ ਇਸ ਕਰਕੇ ਭਾਈ ਵੀਰ ਸਿੰਘ ਦੀਆਂ ਕਹਾਣੀਆਂ ਨੂੰ ਆਧੁਨਿਕ ਪੰਜਾਬੀ ਕਹਾਣੀ ਦਾ ਮੁੱਢਲਾ ਰੂਪ ਮੰਨਿਆ ਜਾ ਸਕਦਾ ਹੈ। ਜ਼ਿਆਦਾਤਰ ਵਿਦਵਾਨ ਮੋਹਨ ਸਿੰਘ ਵੈਦ ਜਾਂ ਚਰਨ ਸਿੰਘ ਸ਼ਹੀਦ ਤੋਂ ਆਧੁਨਿਕ ਪੰਜਾਬੀ ਕਹਾਣੀ ਦਾ ਮੁੱਢ ਬੰਨ੍ਹਿਆ ਮੰਨਦੇ ਹਨ। ਭਾਈ ਮੋਹਨ ਸਿੰਘ ਵੈਦ ਦੇ 'ਹੀਰੇ ਦੀਆਂ ਕਣੀਆਂ, ‘ਰੰਗ ਬਿਰੰਗੇ ਫੁੱਲ, ਕਿਸਮਤ ਦਾ ਚੱਕਰ' ਤਿੰਨ ਕਹਾਣੀ-ਸੰਗ੍ਰਹਿ ਹਨ। ਉਹ ਆਪਣੀਆਂ ਕਹਾਣੀਆਂ ਵਿੱਚ ਧਾਰਮਕ ਸੁਧਾਰ ਰਾਹੀਂ ਮਾਨਵ ਮੁਕਤੀ ਦੀ ਗੱਲ ਕਰਦਾ ਹੈ। ਚਰਨ ਸਿੰਘ ਸ਼ਹੀਦ ਦਾ ਕਹਾਣੀ ਸੰਗ੍ਰਹਿ 'ਹਸਦੇ ਹੰਝੂ ਹੈ। ਉਸਦੀਆਂ ਕਹਾਣੀਆਂ ਵਿੱਚ ਹਾਸਰਸ ਤੇ ਵਿਅੰਗ ਪ੍ਰਧਾਨ ਹੈ। ਪੰਜਾਬੀ ਕਹਾਣੀ ਦੇ ਮੁਢਲੇ ਦੌਰ ਵਿੱਚ ਹੋਰ ਬਹੁਤ ਸਾਰੇ ਕਹਾਣੀਕਾਰ ਜਿਵੇਂ ਗੁਰਦਿੱਤ ਸਿੰਘ, ਅਭੈ ਸਿੰਘ, ਲਾਲ ਸਿੰਘ ਕਮਲਾ ਅਕਾਲੀ, ਹੀਰਾ ਸਿੰਘ ਦਰਦ ਆਦਿ ਦਾ ਮਹੱਤਵਪੂਰਨ ਯੋਗਦਾਨ ਹੈ।
ਆਧੁਨਿਕ ਪੰਜਾਬੀ ਕਹਾਣੀ ਦੇ ਅਗਲੇ ਦੌਰ ਵਿੱਚ ਨਾਨਕ ਸਿੰਘ ਦਾ ਅਹਿਮ ਯੋਗਦਾਨ ਹੈ। 'ਹੰਝੂਆਂ ਦੇ ਹਾਰ', 'ਠੰਢੀਆਂ ਛਾਵਾਂ', 'ਮਿੱਧੇ ਹੋਏ ਫੁੱਲ', 'ਸੁਪਨਿਆਂ ਦੀ ਕਬਰ' ਆਦਿ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ। ਉਸ ਨੇ ਆਪਣੀਆਂ ਕਹਾਣੀਆਂ ਵਿੱਚ ਸਮਾਜਕ ਸਮੱਸਿਆਵਾਂ ਨੂੰ ਉਭਾਰਿਆ। ਉਹ ਆਦਰਸ਼ਕ ਪਾਤਰਾਂ ਦੀ ਸਿਰਜਣਾ ਵੱਲ ਰੁਚਿਤ ਰਿਹਾ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਆਪਣੀਆਂ ਕਹਾਣੀਆਂ ਵਿੱਚ ਆਪਣੇ ਪਿਆਰ ਸਿਧਾਂਤ, 'ਪਿਆਰ ਕਬਜ਼ਾ ਨਹੀਂ ਪਹਿਚਾਣ ਹੈ' ਦਾ ਪ੍ਰਚਾਰ ਕੀਤਾ। 'ਅਨੋਖੇ ਤੇ ਇਕੱਲੇ', 'ਨਾਗ ਪ੍ਰੀਤ ਦਾ ਜਾਦੂ', 'ਭਾਬੀ ਮੈਨਾ' ਆਦਿ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ। ਗੁਰਮੁਖ ਸਿੰਘ ਮੁਸਾਫ਼ਰ ਨੇ ਦੇਸ਼ ਭਗਤੀ ਤੇ ਰਾਸ਼ਟਰਵਾਦੀ ਭਾਵਨਾਵਾਂ ਵਾਲੀਆਂ ਕਹਾਣੀਆਂ ਦੀ ਰਚਨਾ ਕੀਤੀ। 'ਗੁਟਾਰ', 'ਆਲ੍ਹਣੇ ਦੇ ਬੋਟ', 'ਅੱਲਾ ਵਾਲੇ' ਆਦਿ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ। ਇਸੇ ਤਰ੍ਹਾਂ ਨੌਰੰਗ ਸਿੰਘ ਨੇ ਪੇਂਡੂ ਕਾਮਿਆਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਬਣਾਇਆ। ‘ਬੋਝਲ ਪੰਡਾਂ' ਤੇ 'ਭੁੱਖੀਆਂ ਰੂਹਾਂ' ਉਸ ਦੇ ਦੋ ਕਹਾਣੀ ਸੰਗ੍ਰਹਿ ਹਨ।
ਸੁਜਾਨ ਸਿੰਘ ਤੇ ਸੰਤ ਸਿੰਘ ਸੇਖੋਂ ਦੇ ਪ੍ਰਵੇਸ਼ ਨਾਲ ਪੰਜਾਬੀ ਕਹਾਣੀ ਪਹਿਲੀ ਕਹਾਣੀ ਤੋਂ ਵੱਖਰਾ ਸਰੂਪ ਗ੍ਰਹਿਣ ਕਰਦਾ ਹੈ। ਇਹ ਦੋਵੇਂ ਓਪਨ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵ ਗ੍ਰਹਿਣ ਕਰਕੇ ਕਹਾਣੀ ਰਚਨਾ ਕਰਦੇ ਹਨ। ਸੁਜਾਨ ਸਿੰਘ ਨੇ 'ਦੁਖ ਸੁਖ', 'ਮਨੁੱਖ ਤੇ ਪਸ਼ੂ' 'ਨਰਕਾਂ ਦੇ ਦੇਵਤੇ' ਆਦਿ ਕਹਾਣੀ ਸੰਗ੍ਰਹਿ ਲਿਖੇ। ਉਸ ਨੇ ਸੁਚੇਤ ਤੌਰ ਤੇ ਪ੍ਰਗਤੀਵਾਦੀ ਕਹਾਣੀ ਲਿਖੀ। ਸੰਤ ਸਿੰਘ ਸੇਖੋਂ ਨੇ ਪੰਜਾਬੀ ਕਹਾਣੀ ਨੂੰ ਤਕਨੀਕ ਤੇ ਦ੍ਰਿਸ਼ਟੀ ਦੋਹਾਂ ਪੱਖਾਂ ਤੋਂ ਵਿਸ਼ਾਲ ਕੀਤਾ। ਉਸ ਨੇ ਆਪਣੀਆਂ ਕਹਾਣੀਆਂ ਵਿੱਚ ਜਨ ਸਾਧਾਰਨ ਦੀਆਂ ਸਮੱਸਿਆਵਾਂ ਨੂੰ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਿਆਂ ਪਿਛਾਂਹਖਿੱਚੂ ਵਿਚਾਰਾਂ ਦਾ ਡਟ ਕੇ ਵਿਰੋਧ ਕੀਤਾ। 'ਸਮਾਚਾਰ', 'ਕਾਮੇ ਤੇ ਯੋਧੇ', 'ਅੱਧੀ ਵਾਟ' ਤੇ 'ਤੀਜਾ ਪਹਿਰ ਆਦਿ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ।
ਪ੍ਰੋ. ਮੋਹਨ ਸਿੰਘ ਨੇ 'ਨਿੱਕੀ ਨਿੱਕੀ ਵਾਸ਼ਨਾ' ਕਹਾਣੀ ਸੰਗ੍ਰਹਿ ਵਿੱਚ ਇਸਤਰੀ-ਮਰਦ ਸੰਬੰਧਾਂ ਨੂੰ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਚਿਤਰਿਆ।
ਦੇਵਿੰਦਰ ਸਤਿਆਰਥੀ ਨੇ 'ਕੁੰਗ ਪੋਸ਼', 'ਦੇਵਤਾ ਡਿੱਗ ਪਿਆ', 'ਤਿੰਨ ਬੂਹਿਆਂ ਵਾਲਾ ਘਰ' ਕਹਾਣੀ ਸੰਗ੍ਰਿਹਾਂ ਵਿੱਚ ਵਿਭਿੰਨ ਪ੍ਰਕਾਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੋਕਧਾਰਾਈ ਰੰਗ ਵਿੱਚ ਪੇਸ਼ ਕੀਤਾ। ਡਾ. ਮੋਹਨ ਸਿੰਘ ਦੀਵਾਨਾ ਨੇ 'ਦੇਵਿੰਦਰ ਬਤੀਸੀ', 'ਪਰਾਦੀ', 'ਰੰਗ ਤਮਾਸ਼ੇ' ਆਦਿ ਵਿੱਚ ਸਮਾਜਕ ਸਮੱਸਿਆਵਾਂ ਨੂੰ ਆਦਰਸ਼ਵਾਦੀ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ।
ਕਰਤਾਰ ਸਿੰਘ ਦੁੱਗਲ ਦੇ ਪ੍ਰਵੇਸ਼ ਨਾਲ ਪੰਜਾਬੀ ਕਹਾਣੀ ਤੀਜੇ ਦੌਰ ਵਿੱਚ ਪ੍ਰਵੇਸ਼ ਕਰਦੀ ਹੈ। ਉਸ ਨੇ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਕਹਾਣੀ ਰਚਨਾ ਕੀਤੀ। 'ਸਵੇਰ ਸਾਰ, 'ਪਿੱਪਲ ਪੱਤੀਆਂ', 'ਡੰਗਰ', 'ਇੱਕ ਛਿੱਟ ਚਾਨਣ ਦੀ ਆਦਿ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ। ਉਹ ਕਲਾ ਕਲਾ ਲਈ ਹੈ ਸਿਧਾਂਤ ਦਾ ਧਾਰਨੀ ਹੈ। ਉਸ ਦੇ ਉੱਪਰ ਫਰਾਇਡ ਦੇ ਮਨੋਵਿਗਿਆਨਕ ਸਿਧਾਂਤਾਂ ਦਾ ਗਹਿਰਾ ਪ੍ਰਭਾਵ ਹੈ।