

ਕੌਮੀ ਰਾਜਧਾਨੀ ਦਿੱਲੀ 'ਚ ਪੰਜਾਬੀ ਭਾਸ਼ਾ ਪੜ੍ਹਨ ਦੇ ਲਾਭ
ਪ੍ਰਕਾਸ਼ ਸਿੰਘ ਗਿੱਲ
ਦੁਨੀਆਂ ਵਿੱਚ ਪੰਜਾਬੀ ਜੁਬਾਨ ਬੋਲਣ ਵਾਲਿਆਂ ਦੀ ਗਿਣਤੀ ਲੱਖਾਂ-ਕਰੋੜਾਂ ਅੰਦਰ ਹੈ ਉੱਥੇ ਹੀ ਸਾਡੇ ਮੁਲਕ ਭਾਰਤ ਅੰਦਰ ਖਾਸ ਤੌਰ ਤੇ ਕੌਮੀ ਰਾਜਧਾਨੀ ਦਿੱਲੀ ਵਿੱਚ ਪੰਜਾਬੀ ਬੋਲੀ ਨੂੰ ਬੋਲਣ ਵਾਲਿਆਂ ਦੀ ਗਿਣਤੀ ਤਾਂ ਭਾਵੇਂ ਲੱਖਾਂ ਵਿੱਚ ਹੋਵੇ ਪਰ ਪੜ੍ਹਨ ਵਾਲਿਆਂ ਦੀ ਗਿਣਤੀ ਨਿਗੂਣੀ ਜਿਹੀ ਹੈ। ਸ਼ਾਇਦ ਲੋਕਾਂ ਦਾ ਇਹ ਤੌਖਲਾ ਕਿ ਪੰਜਾਬੀ ਪੜ੍ਹ ਕੇ ਨੇੜਲੇ ਭਵਿੱਖ ਵਿੱਚ ਇਸ ਦਾ ਕੋਈ ਲਾਭ ਨਹੀਂ ਹੋਵੇਗਾ ਜਾਂ ਫਿਰ ਇਹ ਰੁਜ਼ਗਾਰ ਦੁਆਉਣ ਵਿੱਚ ਸਹਾਇਕ ਨਹੀਂ ਹੋਵੇਗੀ। ਜਦਕਿ ਇਹ ਗੱਲ ਸਿਰਫ਼ ਸਾਡੇ ਮਨ ਦਾ ਇਕ ਤਰ੍ਹਾਂ ਨਾਲ ਵਹਿਮ ਹੀ ਹੈ।
ਅੱਜ 21ਵੀਂ ਸਦੀ ਦੇ ਵਿੱਚ ਜਦੋਂ ਕੰਪਿਊਟਰ ਦੀ ਪਹੁੰਚ ਘਰ-ਘਰ ਵਿੱਚ ਹੋ ਚੁੱਕੀ ਹੈ ਤੇ ਗਲੋਬਲਾਈਜ਼ੇਸ਼ਨ ਦੇ ਯੁੱਗ ਅੰਦਰ ਸਮੁੱਚਾ ਸੰਸਾਰ ਇੱਕ ਪਿੰਡ ਦਾ ਰੂਪ ਧਾਰਨ ਕਰ ਚੁੱਕਿਆ ਹੈ ਤਾਂ ਪੰਜਾਬੀ ਭਾਸ਼ਾ ਦੀ ਤਰੱਕੀ ਦੇ ਰਾਹ ਵੀ ਅਨੇਕਾਂ ਹੀ ਖੁੱਲ੍ਹ ਚੁੱਕੇ ਹਨ। ਹੁਣ ਪੰਜਾਬੀ ਪੜ੍ਹਨ ਵਾਲੇ ਮੁੰਡੇ ਕੁੜੀਆਂ ਸਫ਼ਲਤਾ ਨਾਲ ਰੁਜ਼ਗਾਰ ਹਾਸਲ ਕਰ ਰਹੇ ਹਨ ਸਿਰਫ਼ ਰੁਜ਼ਗਾਰ ਹੀ ਨਹੀਂ ਬਲਕਿ ਇੱਥੋਂ ਤੱਕ ਕਿ ਸਾਡੇ ਹਿੰਦੁਸਤਾਨ ਦਾ ਸਭ ਤੋਂ ਵਕਾਰੀ ਅਹੁਦਾ ਵੀ ਹਾਸਲ ਕਰ ਰਹੇ ਹਨ। ਸ਼ਾਇਦ ਇਹ ਗੱਲ ਅਸੀਂ ਆਪਣੇ ਵਿਦਿਆਰਥੀਆਂ ਨੂੰ ਦੱਸਣ ਵਿੱਚ ਅਸਮਰੱਥ ਹਾਂ ਤੇ ਇਸੇ ਕਰਕੇ ਸੀਨੀਅਰ ਸੈਕੰਡਰੀ ਪੱਧਰ ਦੀਆਂ ਜਮਾਤਾਂ ਵਿੱਚ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਦਿਨ-ਪ੍ਰਤੀ ਦਿਨ ਘਟਦੀ ਤੁਰੀ ਜਾ ਰਹੀ ਹੈ। ਸਾਨੂੰ ਲੋੜ ਹੈ ਇਸ ਪਾਸੇ ਹੰਭਲਾ ਮਾਰਨ ਦੀ ਤਾਂ ਕਿ ਵਿਦਿਆਰਥੀ ਵੱਧ ਤੋਂ ਵੱਧ ਇਸ ਭਾਸ਼ਾ ਨੂੰ ਪੜ੍ਹਨ ਲਈ ਜਾਗਰੂਕ ਹੋਣ।
ਗੱਲ ਕਹੀਏ ਕੌਮੀ ਰਾਜਧਾਨੀ ਦਿੱਲੀ ਅੰਦਰ ਹੀ ਪੰਜਾਬੀ ਭਾਸ਼ਾ ਨੂੰ ਪੜ੍ਹ ਕੇ ਅਸੀਂ ਕੀ ਲਾਭ ਲੈ ਸਕਦੇ ਹਾਂ ? ਇਸ ਗੱਲ ਦਾ ਸਿੱਧਾ ਜਿਹਾ ਜਵਾਬ ਹੈ ਕਿ ਬਾਰ੍ਹਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਨੂੰ ਇੱਕ ਵਿਸ਼ੇ ਵਜੋਂ ਪੜ੍ਹ ਕੇ ਹੀ ਅਸੀਂ ਲਾਭ ਉਠਾ ਸਕਦੇ ਹਾਂ-
1. ਐੱਸ.ਸੀ.ਈ.ਆਰ.ਟੀ. ਵੱਲੋਂ 'ਡਾਇਟ’ (ਡੀ.ਆਈ.ਈ.ਟੀ.) ਅੰਦਰ ਬਾਰ੍ਹਵੀਂ ਜਮਾਤ ਤੱਕ ਪੰਜਾਬੀ ਵਿਸ਼ਾ ਪੜ੍ਹਨ ਵਾਲਿਆਂ ਲਈ 20 ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ।
2. ਦਿੱਲੀ ਸਰਕਾਰ ਦੇ ਸਾਰੇ ਵਿਭਾਗਾਂ ਨਾਲ ਪੰਜਾਬੀ ਭਾਸ਼ਾ ਵਿੱਚ ਲਿਖਤ-ਪੜ੍ਹਤ ਕਰਨ ਦੀ ਸਹੂਲਤ ਦਿੱਤੀ ਗਈ ਹੈ।
3. ਸੀ.ਬੀ.ਐੱਸ.ਈ. ਨਾਲ ਵੀ ਪੰਜਾਬੀ ਭਾਸ਼ਾ ਵਿੱਚ ਲਿਖਤ ਪੜ੍ਹਤ ਕਰ ਸਕਦੇ ਹਾਂ।
4. ਦਿੱਲੀ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵਿੱਚ ਬਾਰ੍ਹਵੀਂ ਜਮਾਤ ਤੱਕ ਪੰਜਾਬੀ ਪੜ੍ਹਨ ਵਾਲਿਆਂ ਨੂੰ ਸਹੂਲਤ ਦਿੱਤੀ ਗਈ ਹੈ।